ਸਿੱਖਿਆ ਵਿਭਾਗ ਦੇ ਦਾਅਵੇ ਠੁੱਸ, ਸਰਕਾਰੀ ਸਕੂਲਾਂ ਤੋਂ ਟੁੱਟਿਆ ਵਿਦਿਆਰਥੀਆਂ ਦਾ ਮੋਹ
Friday, Apr 26, 2019 - 12:59 PM (IST)
ਪਟਿਆਲਾ : ਸਿੱਖਿਆ ਵਿਭਾਗ ਵਲੋਂ ਸੂਬੇ ਵਿਚ ਸਰਕਾਰੀ ਸਕੂਲਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਦਾਅਵੇ ਝੂਠੇ ਜਾਪਦੇ ਪ੍ਰਤੀਤ ਹੋ ਰਹੇ ਹਨ, ਇਸ ਸਾਲ ਸ਼ੁਰੂਆਤ ਵਿਚ ਹੀ ਸਰਕਾਰੀ ਸਕੂਲਾਂ ਵਿਚ ਮਹਿਜ਼ 9.10 ਫੀਸਦੀ ਵਿਦਿਆਰਥੀਆਂ ਵਲੋਂ ਦਾਖਲਾ ਲਿਆ ਗਿਆ ਹੈ। ਸੂਬੇ ਦੇ ਸਿੱਖਿਆ ਸਕੱਤਰ ਵਲੋਂ ਖੁਦ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਵਿਦਿਆਰਥੀਆਂ ਵਲੋਂ ਸਰਕਾਰੀ ਸਕੂਲਾਂ ਵਿਚ ਦਾਖਲਾ ਲੈਣ 'ਚ 10 ਫੀਸਦੀ ਦੀ ਗਿਰਾਵਟ ਆਈ ਹੈ।
2018-19 ਦੇ ਸੈਸ਼ਨ ਦੌਰਾਨ ਸੂਬੇ 'ਚ ਦਾਖਲੇ ਦੀ ਕੁੱਲ ਗਿਣਤੀ 23,29, 622 ਸੀ, ਜਦਕਿ ਮੌਜੂਦਾ ਸੈਸ਼ਨ 2019-20 'ਚ ਸਿਰਫ 21,17,741 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਸਿੱਖਿਆ ਵਿਭਾਗ ਦੇ ਰਿਕਾਰਡ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਸੂਬੇ 'ਚ ਦਾਖਲੇ 'ਚ 9.10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਪਠਾਨਕੋਟ ਦਾ ਸਭ ਤੋਂ ਘੱਟ ਦਾਖਲਾ
ਸੂਬੇ ਭਰ 'ਚੋਂ ਪਠਾਨਕੋਟ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲੇ ਦੀ ਕਮੀ ਆਈ ਹੈ। ਇਥੇ 15.74 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਜਿਸ ਤੋਂ ਬਾਅਦ ਸੰਗਰੂਰ 'ਚ 14.09 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਸਟਾਫ ਨੂੰ ਵੀ ਪਿੰਡਾਂ ਵਿਚ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ ਕਰਵਾਉਣ ਲਈ ਪ੍ਰੇਰਤ ਕਰਨ ਲਈ ਆਖਿਆ ਗਿਆ ਸੀ। ਦੂਜੇ ਪਾਸੇ ਅਧਿਆਪਕਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਵਲੋਂ ਤਿੰਨ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਸਨ, ਮੁਫਤ ਭੋਜਨ, ਕਿਤਾਬਾਂ ਅਤੇ ਵਰਦੀਆਂ। ਜਿਨ੍ਹਾਂ 'ਚੋਂ ਸਿਰਫ ਮੁਫਤ ਭੋਜਨ ਯੋਜਨਾ ਹੀ ਸਹੀ ਢੰਗ ਨਾਲ ਲਾਗੂ ਕੀਤੀ ਗਈ ਹੈ। ਪਟਿਆਲਾ ਜ਼ਿਲੇ ਦੇ ਇਕ ਸਕੂਲ ਅਧਿਆਪਕ ਦਾ ਕਹਿਣਾ ਹੈ ਕਿ ਸਮੇਂ-ਸਮੇਂ ਸਕੂਲ 'ਚ ਨਾਂ ਤਾਂ ਕਿਤਾਬਾਂ, ਨਾ ਹੀ ਵਰਦੀਆਂ ਮਿਲੀਆਂ ਹਨ। ਇਹ ਪ੍ਰਸ਼ਾਸਨ ਦੀ ਪੂਰੀ ਅਸਫਲਤਾ ਹੈ।ਇਸ ਕਾਰਨ ਵੀ ਲੋਕ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਨੂੰ ਵਧੇਰੇ ਤਵੱਜੋ ਦੇ ਰਹੇ ਹਨ।