ਸਿੱਖਿਆ ਬੋਰਡ ਵਲੋਂ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੀਆਂ ਤਰੀਕਾਂ ਦਾ ਐਲਾਨ

Friday, Jul 26, 2019 - 09:53 AM (IST)

ਸਿੱਖਿਆ ਬੋਰਡ ਵਲੋਂ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੀਆਂ ਤਰੀਕਾਂ ਦਾ ਐਲਾਨ

ਮੋਹਾਲੀ (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਦੇ ਕਰਵਾਏ ਜਾਂਦੇ ਸਹਿ-ਵਿੱਦਿਅਕ ਮੁਕਾਬਲਿਆਂ ਵਜੋਂ ਇਸ ਸਾਲ ਦੇ ਮੁਕਾਬਲਿਆਂ ਦੀਆਂ ਤਰੀਕਾਂ ਦਾ ਸ਼ੈਡਿਊਲ ਤੈਅ ਕਰ ਦਿੱਤਾ ਗਿਆ ਹੈ। ਸਾਲ 2019-20 ਦੇ ਇਹ ਮੁਕਾਬਲੇ ਅਗਸਤ 'ਚ ਸ਼ੁਰੂ ਕਰਵਾਏ ਜਾ ਰਹੇ ਹਨ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਇਹ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ, ਜਿਨ੍ਹਾਂ 'ਚ ਭੰਗੜਾ, ਗਿੱਧਾ, ਲੋਕ ਨਾਚ, ਰਵਾਇਤੀ ਗੀਤ, ਸੋਲੋ ਡਾਂਸ ਦੇ ਨਾਲ-ਨਾਲ ਰਵਾਇਤ ਅਨੁਸਾਰ ਸ਼ਬਦ, ਵਾਰ, ਕਵੀਸ਼ਰੀ, ਕਵਿਤਾ, ਗੀਤ, ਸੁੰਦਰ ਲਿਖਾਈ, ਚਿੱਤਰਕਲਾ, ਨਾਟਕ, ਸ਼ਬਦ ਜੋੜ, ਭਾਸ਼ਣ, ਮੌਲਿਕ ਲਿਖਤ, ਆਮ ਗਿਆਨ ਅਤੇ ਗਤਕਾ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਵਾਈਸ ਚੇਅਰਮੈਨ ਨੇ ਦੱਸਿਆ ਕਿ ਇਹ ਵਿੱਦਿਅਕ ਮੁਕਾਬਲੇ ਦੋ ਰੂਟਾਂ 'ਚ ਕਰਵਾਏ ਜਾ ਰਹੇ ਹਨ। ਪਹਿਲੇ ਰੂਟ ਦੇ ਜ਼ਿਲਾ ਪੱਧਰੀ ਵਿੱਦਿਅਕ ਮੁਕਾਬਲੇ 20 ਤੋਂ 22 ਅਗਸਤ ਤਕ ਅਤੇ ਦੂਜੇ ਰੂਟ ਦੇ 27 ਤੋਂ 29 ਅਗਸਤ ਤਕ ਕਰਵਾਏ ਜਾਣੇ ਹਨ। 

ਇਸੇ ਤਰ੍ਹਾਂ ਖੇਤਰੀ ਪੱਧਰ ਦੇ ਵਿੱਦਿਅਕ ਮੁਕਾਬਲਿਆਂ ਦਾ ਪਹਿਲਾ ਰੂਟ ਅੰਮ੍ਰਿਤਸਰ ਅਤੇ ਜਲੰਧਰ ਖੇਤਰ ਵਿਚ 17 ਤੋਂ 19 ਸਤੰਬਰ ਤਕ ਹੋਵੇਗਾ ਤੇ ਦੂਜਾ ਰੂਟ ਬਠਿੰਡਾ ਅਤੇ ਸੰਗਰੂਰ ਖੇਤਰ ਵਿਚ 25 ਤੋਂ 27 ਸਤੰਬਰ ਤਕ ਹੋਵੇਗਾ।ਸਚਦੇਵਾ ਨੇ ਤਫ਼ਸੀਲ ਦਿੰਦਿਆਂ ਕਿਹਾ ਕਿ ਚਿੱਤਰਕਲਾ ਤੇ ਭਾਸ਼ਣ ਲਈ ਸਿਰਲੇਖ ਪਹਿਲਾਂ ਬੋਰਡ ਦਫ਼ਤਰ ਵਲੋਂ ਦਿੱਤੇ ਜਾਂਦੇ ਸਨ ਪਰ ਇਸ ਵਾਰ ਵਿਦਿਆਰਥੀਆਂ ਨੂੰ ਖ਼ੁਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਫ਼ਲਸਫ਼ੇ ਨਾਲ ਸਬੰਧਤ ਸਿਰਲੇਖ ਤਿਆਰ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਦੇਖੀ ਜਾਵੇ ਜਾਂ ਫ਼ੋਨ ਨੰਬਰ 9855082821, 9888022647 ਤੇ 9872685400 'ਤੇ ਸੰਪਰਕ ਕੀਤਾ ਜਾਵੇ।


author

rajwinder kaur

Content Editor

Related News