ਰੋਜ਼ਾਨਾ 5 ਗ੍ਰਾਮ ਤੋਂ ਵੱਧ ਨਮਕ ਖਾਣਾ ਖਤਰਨਾਕ

12/21/2019 9:26:32 PM

ਜਲੰਧਰ (ਸੂਰਜ ਠਾਕੁਰ)-ਜੇਕਰ ਤੁਸੀਂ ਆਪਣੇ ਖਾਣ-ਪੀਣ, ਰਹਿਣ-ਸਹਿਣ ਅਤੇ ਸਿਹਤ ਪ੍ਰਤੀ ਜਾਗਰੂਕ ਨਹੀਂ ਹੋ ਤਾਂ ਇਹ ਮੰਨ ਕੇ ਚੱਲੋ ਕਿ ਤੁਹਾਡੀ ਜ਼ਿੰਦਗੀ ਹਰ ਕਦਮ ’ਤੇ ਭਿਆਨਕ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ. ਐੈੱਸ. ਈ.) ਦੀ ਤਾਜ਼ਾ ਰਿਪੋਰਟ ਮੁਤਾਬਿਕ ਦੇਸ਼ ’ਚ ਜੰਕ ਫੂਡ ਦਾ ਵਧਦਾ ਚਲਨ ਸਿਹਤ ਲਈ ਬਹੁਤ ਹੀ ਖਤਰਨਾਕ ਹੈ। ਰਿਕਮੈਂਡੇਡ ਡਾਈਟਰੀ ਅਲਾਊਂਸ (ਆਰ. ਡੀ. ਏ.) ਮੁਤਾਬਿਕ ਇਕ ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ 5 ਗ੍ਰਾਮ ਨਮਕ ਹੀ ਖਾਣਾ ਚਾਹੀਦਾ।
ਸੀ. ਐੱਸ. ਈ. ਦੀ ਲੈਬ ਰਿਪੋਰਟ ਕਹਿੰਦੀ ਹੈ ਕਿ ਪੈਕਡ ਖਾਣਾ ਖਾਣ ਨਾਲ ਇਕ ਆਦਮੀ ਦਾ ਕੋਟਾ ਇਕ ਵਾਰ ’ਚ ਹੀ ਖਤਮ ਹੋ ਜਾਂਦਾ ਹੈ ਕਿਉਂਕਿ ਕਈ ਸਨੈਕਸ ’ਚ ਨਮਕ ਦੀ ਮਾਤਰਾ ਦੁੱਗਣੀ ਤੋਂ ਵੀ ਜ਼ਿਆਦਾ ਵੀ ਪਾਈ ਗਈ ਹੈ। ਜਨਰਲ ਆਫ ਕਲੀਨਿਕਲ ਹਾਈਪ੍ਰਟੈਂਸ਼ਨ ਵਿਚ ਛਪੀ ਇਕ ਖੋਜ ਮੁਤਾਬਿਕ ਭਾਰਤੀ ਰੋਜ਼ਾਨਾ ਔਸਤਨ 10 ਗ੍ਰਾਮ ਨਮਕ ਦਾ ਸੇਵਨ ਕਰ ਰਹੇ ਹਨ ਅਤੇ ਇਸੇ ਵਜ੍ਹਾ ਕਰ ਕੇ ਦੁਨੀਆ ’ਚ 1 ਕਰੋੜ 65 ਲੱਖ ਲੋਕਾਂ ਦੀ ਹਰ ਸਾਲ ਦਿਲ ਦੇ ਰੋਗਾਂ ਕਾਰਣ ਮੌਤ ਹੋ ਜਾਂਦੀ ਹੈ। ਜੰਕ ਫੂਡ ਦੇਸ਼ ’ਚ ਮੋਟਾਪੇ ਦਾ ਵੀ ਰਿਕਾਰਡ ਤੋੜਦਾ ਜਾ ਰਿਹਾ ਹੈ।
ਇਸ ਤਰ੍ਹਾਂ ਸਰੀਰ ’ਚ ਜ਼ਿਆਦਾ ਚਲਾ ਜਾਂਦੈ ਨਮਕ
ਐੈੱਸ. ਐੈੱਸ. ਆਈ. ਮੁਤਾਬਿਕ 100 ਗ੍ਰਾਮ ਦੇ ਨਮਕੀਨ, ਨੂਡਲਸ ਅਤੇ ਚਿਪਸ ’ਚ ਸੋਡੀਅਮ ਦੀ ਮਾਤਰਾ 0.25 ਗ੍ਰਾਮ, ਜਦੋਂਕਿ 100 ਗ੍ਰਾਮ ਦੇ ਸੂਪ ਅਤੇ ਫਾਸਟ ਫੂਡ ਲਈ 0.35 ਗ੍ਰਾਮ ਹੋਣੀ ਚਾਹੀਦੀ। ਤਾਜ਼ਾ ਰਿਪੋਰਟ ਮੁਤਾਬਿਕ ਨੋਰ ਕਲਾਸਿਕ ਥਿੰਕ ਟੋਮੈਟੋ ਸੂਪ ’ਚ 12 ਗੁਣਾ ਵੱਧ, ਜਦੋਂਕਿ ਹਲਦੀਰਾਮ ਦੇ ਨਟ ਕ੍ਰੈਕਸ ’ਚ ਵੀ 8 ਗੁਣਾ ਵੱਧ ਨਮਕ ਪਾਇਆ ਗਿਆ ਹੈ। 100 ਗ੍ਰਾਮ ਦੇ ਜ਼ਿਆਦਾਤਰ ਚਿਪਸ ਅਤੇ ਨਮਕੀਨ ’ਚ ਫੈਟ 2 ਤੋਂ 6 ਗੁਣਾ ਵੱਧ ਹੁੰਦੀ ਹੈ, ਜਦੋਂਕਿ ਇਸ ਲਈ ਫੈਟ ਦੀ ਮਿਆਦ 8 ਗ੍ਰਾਮ ਨਿਰਧਾਰਿਤ ਕੀਤੀ ਗਈ ਹੈ। ਲੈਬ ਦੀ ਰਿਪੋਰਟ ’ਚ ਮੈਕਡੋਨਾਲਡਸ ਦੇ ਬਿਗ ਸਪਾਇਸੀ ਪਨੀਰ ਰੈਪ, ਸਬਵੇ ਦੇ ਪਨੀਰ ਟਿੱਕਾ ਸੈਂਡਵਿਚ ਅਤੇ ਕੇ. ਐੈੱਫ. ਸੀ. ਹਾਟ ਵਿੰਗਸ ਦੇ 4 ਪੀਸ ਤੋਂ ਦੁੱਗਣੀ ਤੋਂ ਜ਼ਿਆਦਾ ਫੈਟ ਪਾਈ ਗਈ ਹੈ।
ਲੈਬ ਰਿਪੋਰਟ ਕਹਿੰਦੀ ਹੈ ਕਿ 35 ਗ੍ਰਾਮ ਨਟ ਕ੍ਰੈਕਸ ਖਾਂਦੇ ਹੀ ਤੈਅ ਸੀਮਾ ਦਾ ਕਰੀਬ 35 ਫੀਸਦੀ ਨਮਕ ਤੇ 26 ਫੀਸਦੀ ਫੈਟ ਸਰੀਰ ਹਜ਼ਮ ਕਰਦਾ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਜਾਣੇ-ਅਣਜਾਣੇ ’ਚ ਭਾਰਤੀ ਨਮਕ ਦੀ ਤੈਅ ਮਾਤਰਾ ਤੋਂ ਦੁੱਗਣਾ ਸੇਵਨ ਕਰ ਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਸ ਵਿਚਾਲੇ ਸੀ. ਐੈੱਸ. ਈ. ਲੈਬ ਰਿਪੋਰਟ ’ਤੇ ਜਵਾਬ ਦੇਣ ਤੋਂ ਕੰਪਨੀਆਂ ਕਤਰਾਉਂਦੀਆਂ ਰਹੀਆਂ ਹਨ।
 


Sunny Mehra

Content Editor

Related News