ਜਲੰਧਰ ’ਚ ਮਿਲ ਰਹੀ ਸਹੂਲਤ: 10 ਰੁਪਏ ਦਾ ਉਬਲਿਆ ਆਂਡਾ ਖਾਓ, ਸੜਕ ’ਤੇ ਬੈਠ ਕੇ ਹੀ ਲਾਓ ਜਿੰਨੇ ਮਰਜ਼ੀ ਪੈੱਗ
Friday, Nov 18, 2022 - 03:07 PM (IST)
ਜਲੰਧਰ (ਖੁਰਾਣਾ)–ਸ਼ਰਾਬ ਦਾ ਠੇਕਾ ਖੋਲ੍ਹਣਾ ਹੋਵੇ ਤਾਂ ਕਰੋੜਾਂ ਰੁਪਏ ਇਨਵੈਸਟ ਕਰਨੇ ਪੈਂਦੇ ਹਨ ਅਤੇ ਇਕ ਅਹਾਤਾ ਖੋਲ੍ਹਣ ਲਈ ਵੀ ਲੱਖਾਂ ਰੁਪਏ ਲੱਗ ਜਾਂਦੇ ਹਨ ਪਰ ਜੇਕਰ ਅਜਿਹੇ ਬਿਜ਼ਨੈੱਸ ਕੁਝ ਸੌ ਰੁਪਿਆਂ ਵਿਚ ਹੀ ਹੋਣ ਲੱਗਣ ਤਾਂ ਸਰਕਾਰਾਂ ਦਾ ਧਿਆਨ ਇਸ ਪਾਸੇ ਜਾਣਾ ਸੁਭਾਵਿਕ ਹੀ ਹੈ। ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵੱਲੋਂ ਇਸ ਸ਼ਹਿਰ ਦਾ ਐਂਟਰੀ ਅਤੇ ਐਗਜ਼ਿਟ ਪੁਆਇੰਟ ਸੂਰਾਨੁੱਸੀ ਰੋਡ ਹੈ, ਜਿਹੜੀ ਬਿਧੀਪੁਰ ਫਾਟਕ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਮਕਸੂਦਾਂ ਚੌਕ ਤੱਕ ਆਉਂਦੀ ਹੈ। ਇਥੇ ਇੰਡਸਟਰੀ ਅਤੇ ਕਾਰਪੋਰੇਟ ਆਫਿਸ ਤਾਂ ਹਨ ਹੀ, ਇਹ ਇਲਾਕਾ ਸੰਘਣੀ ਰਿਹਾਇਸ਼ੀ ਆਬਾਦੀ ਨਾਲ ਵੀ ਘਿਰਿਆ ਹੋਇਆ ਹੈ।
ਇਹ ਵੀ ਪੜ੍ਹੋ : ਬਿਹਾਰ ’ਚ ਪਈ ਰੰਜਿਸ਼ ਦਾ ਜਲੰਧਰ ’ਚ ਕਾਤਲ ਨੇ ਲਿਆ ਬਦਲਾ, 6 ਮਹੀਨਿਆਂ ਤੋਂ ਬਦਲਾ ਲੈਣ ਦੀ ਬਣਾ ਰਿਹਾ ਸੀ ਇਹ ਯੋਜਨਾ
ਇਸ ਸੜਕ ’ਤੇ ਸਰਕਾਰੀ ਮਾਨਤਾ ਪ੍ਰਾਪਤ ਸ਼ਰਾਬ ਦੇ ਠੇਕੇ ਅਤੇ ਅਹਾਤੇ ਤਾਂ ਕਈ ਹੋਣਗੇ ਪਰ ਲੇਬਰ ਕਲਾਸ ਅਤੇ ਆਮ ਲੋਕਾਂ ਨੂੰ ਇਥੇ ਬਹੁਤ ਹੀ ਸਸਤੀ ਸਹੂਲਤ ਮਿਲ ਰਹੀ ਹੈ। ਇਸ ਸੜਕ ਕੰਢੇ ਜਿੱਥੇ ਨਾਜਾਇਜ਼ ਢੰਗ ਨਾਲ ਸ਼ਰੇਆਮ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ, ਉਥੇ ਹੀ ਆਂਡੇ, ਬਰਗਰ, ਬੀੜੀ-ਸਿਗਰੇਟ ਵੇਚਣ ਵਾਲੇ ਅਤੇ ਚਾਹ ਦੀਆਂ ਦੁਕਾਨਾਂ ਚਲਾਉਣ ਵਾਲੇ ਲੋਕ ਨਾਜਾਇਜ਼ ਢੰਗ ਨਾਲ ਅਹਾਤੇ ਤੱਕ ਚਲਾ ਰਹੇ ਹਨ। ਇਸੇ ਇਲਾਕੇ ਵਿਚ ਸਥਿਤ ਹਿੰਦੋਸਤਾਨ ਹਾਈਡ੍ਰੋਲਿਕਸ ਦੇ ਦਫ਼ਤਰ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਪਾਨ-ਸਿਗਰੇਟ ਦੇ ਖੋਖੇ ਵਾਲੇ ਅਤੇ ਆਂਡੇ ਵੇਚਣ ਵਾਲੇ ਦੁਕਾਨਦਾਰਾਂ ਨੇ ਤਾਂ ਸ਼ਰੇਆਮ ਇੰਨੀ ਸਸਤੀ ਸਹੂਲਤ ਦੇਣੀ ਸ਼ੁਰੂ ਕੀਤੀ ਹੋਈ ਹੈ ਕਿ ਹਰ ਰੋਜ਼ ਰਾਤ ਸਮੇਂ ਸੈਂਕੜਿਆਂ ਦੀ ਗਿਣਤੀ ਵਿਚ ਗਾਹਕ ਇਸ ਪਾਸੇ ਆਕਰਸ਼ਿਤ ਹੋ ਰਹੇ ਹਨ। ਇਥੇ ਸਿਰਫ਼ 10 ਰੁਪਏ ਵਿਚ ਉਬਲਿਆ ਆਂਡਾ ਖਾਣ ਦੇ ਨਾਲ-ਨਾਲ ਤੁਸੀਂ ਸੜਕ ’ਤੇ ਹੀ ਖੜ੍ਹੇ ਹੋ ਕੇ ਜਾਂ ਬੈਠ ਕੇ ਜਿੰਨੇ ਮਰਜ਼ੀ ਪੈੱਗ ਲਾ ਸਕਦੇ ਹੋ, ਜਿਸ ਨਾਲ ਤੁਹਾਨੂੰ ਨਮਕ ਆਦਿ ਦੀ ਸਹੂਲਤ ਵੀ ਫ੍ਰੀ ਮਿਲ ਸਕਦੀ ਹੈ। ਹਾਂ, ਭੁਜੀਆ ਆਦਿ ਲਈ ਕੁਝ ਵਾਧੂ ਪੈਸੇ ਖ਼ਰਚ ਕਰਨੇ ਪੈ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸੇ ਇਲਾਕੇ ਵਿਚ ਤੁਹਾਨੂੰ ਨਾਜਾਇਜ਼ ਢੰਗ ਨਾਲ ਸ਼ਰਾਬ ਦੀ ਬੋਤਲ ਤੱਕ ਮਿਲ ਜਾਂਦੀ ਹੈ, ਜਿਹੜੀ ਕਈ ਮਾਮਲਿਆਂ ਵਿਚ ਤਾਂ ਸਰਕਾਰੀ ਠੇਕੇ ਤੋਂ ਵੀ ਸਸਤੀ ਹੁੰਦੀ ਹੈ। ਕਹਿੰਦੇ ਹਨ ਕਿ ਇਸ ਇਲਾਕੇ ਵਿਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਕੋਲ ਥੋਕ ਦੀ ਗਿਣਤੀ ਵਿਚ ਜਿੱਥੇ ਬੋਤਲਾਂ ਹੁੰਦੀਆਂ ਹਨ, ਉਥੇ ਹੀ ਅਧੀਏ ਅਤੇ ਪਊਏ ਵੀ ਵੇਚੇ ਜਾਂਦੇ ਹਨ। ਇਕ ਮੌਕੇ ’ਤੇ ਸਿਰਫ਼ 5-6 ਜਾਂ ਜ਼ਿਆਦਾ ਤੋਂ ਜ਼ਿਆਦਾ 10 ਬੋਤਲਾਂ ਲਾਈਆਂ ਜਾਂਦੀਆਂ ਹਨ ਅਤੇ ਬਾਕੀ ਸਟਾਕ ਨਾਲ ਲੱਗਦੀ ਇਕ ਰਿਹਾਇਸ਼ੀ ਕਾਲੋਨੀ ਵਿਚ ਬਣੇ ਗੋਦਾਮ ਵਿਚ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ : ਨਕੋਦਰ: ਪ੍ਰੇਮ ਜਾਲ 'ਚ ਫਸਾ ਕੇ ਕੁੜੀ ਨਾਲ ਬਣਾਏ ਸਰੀਰਕ ਸੰਬੰਧ, ਜਦ ਵਿਆਹ ਲਈ ਕਿਹਾ ਤਾਂ ਕੀਤਾ ਇਹ ਕਾਰਾ
ਸੜਕ ਦੀ ਇਕ ਸਾਈਡ ’ਤੇ ਹੀ ਚੱਲਦੈ ਇਹ ਗੰਦਾ ਧੰਦਾ
ਸੂਰਾਨੁੱਸੀ ਰੋਡ ਦੀ ਗੱਲ ਕਰੀਏ ਤਾਂ ਇਸ ਦੀ ਇਕ ਸਾਈਡ ’ਤੇ ਮਿਲਟਰੀ ਏਰੀਆ ਹੈ, ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਇਸ ਲਈ ਅਜਿਹਾ ਧੰਦਾ ਸੜਕ ਦੀ ਦੂਜੀ ਸਾਈਡ ’ਤੇ ਹੀ ਚੱਲਦਾ ਹੈ। ਇਸ ਬਾਰੇ ਸਬੰਧਤ ਪੁਲਸ ਕਰਮਚਾਰੀਆਂ ਨੂੰ ਸਭ ਪਤਾ ਹੈ ਪਰ ਫਿਰ ਵੀ ਉਹ ਜਾਣਬੁੱਝ ਕੇ ਬੇਖਬਰ ਬਣੇ ਰਹਿੰਦੇ ਹਨ। ਇਸ ਇਲਾਕੇ ਵਿਚ ਸ਼ਰੇਆਮ ਨਾਜਾਇਜ਼ ਸ਼ਰਾਬ ਵਿਕਣ ਅਤੇ ਸੜਕਾਂ ’ਤੇ ਹੀ ਪਿਆਉਣ ਦੀ ਪੂਰੀ ਸੂਚਨਾ ਜਿੱਥੇ ਆਮ ਲੋਕਾਂ ਅਤੇ ਲੇਬਰ ਕਲਾਸ ਤੱਕ ਨੂੰ ਹੈ, ਉਥੇ ਹੀ ਇਹ ਗੱਲ ਸਬੰਧਤ ਥਾਣੇ ਦੇ ਕਰਮਚਾਰੀ ਅਤੇ ਪੁਲਸ ਅਧਿਕਾਰੀਆਂ ਤੱਕ ਕਿਉਂ ਨਹੀਂ ਪਹੁੰਚਦੀ ਅਤੇ ਉਥੇ ਕਾਰਵਾਈ ਕਿਉਂ ਨਹੀਂ ਹੁੰਦੀ, ਇਹ ਵਾਕਈ ਸੋਚਣ ਵਾਲੀ ਗੱਲ ਹੈ। ਕਿਹਾ ਜਾ ਰਿਹਾ ਹੈ ਕਿ ਇਸ ਪੂਰੇ ਧੰਦੇ ਨੂੰ ਸਿਆਸੀ ਸਰਪ੍ਰਸਤੀ ਵੀ ਪ੍ਰਾਪਤ ਹੈ ਅਤੇ ਇਕ ਦਬੰਗ ਕਾਂਗਰਸੀ ਆਗੂ ਦੀ ਸ਼ਰਨ ਵਿਚ ਰਹਿਣ ਵਾਲੇ ਗੈਰ-ਸਮਾਜੀ ਅਨਸਰ ਸਾਲਾਂ ਤੋਂ ਇਹ ਖੇਡ ਖੁੱਲ੍ਹ ਕੇ ਖੇਡ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਵਜੂਦ ਇਸ ਧੰਦੇ ਨੂੰ ਲਗਾਮ ਨਹੀਂ ਪੈ ਰਹੀ।
ਇਹ ਵੀ ਪੜ੍ਹੋ : 8 ਸਾਲਾ ਬੱਚੀ ਦੇ ਹੌਂਸਲੇ ਨੂੰ ਸਲਾਮ, ਸਾਈਕਲ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਕੀਤਾ ਸ਼ੁਰੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।