ਈ. ਵੀ. ਐੱਮ. ਤੋੜਨ ਦੇ ਮਾਮਲੇ ''ਚ ਉਮੀਦਵਾਰ ਦਾ ਪਤੀ ਨਾਮਜ਼ਦ
Wednesday, Dec 20, 2017 - 12:52 AM (IST)

ਮੋਗਾ, (ਆਜ਼ਾਦ)- ਨਗਰ ਕੌਂਸਲ ਧਰਮਕੋਟ ਦੀਆਂ ਚੋਣਾਂ ਦੀ ਹੋ ਰਹੀ ਵੋਟਿੰਗ ਗਿਣਤੀ ਦੌਰਾਨ ਈ. ਵੀ. ਐੱਮ. ਤੋੜਨ ਦੇ ਮਾਮਲੇ 'ਚ ਕਾਂਗਰਸ ਦੀ ਮਹਿਲਾ ਉਮੀਦਵਾਰ ਦੇ ਪਤੀ ਖਿਲਾਫ ਧਰਮਕੋਟ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਕੀ ਹੈ ਸਾਰਾ ਮਾਮਲਾ
ਨਗਰ ਕੌਂਸਲ ਧਰਮਕੋਟ ਦੀ ਬੀਤੀ 17 ਦਸੰਬਰ ਨੂੰ ਸਰਕਾਰੀ ਪ੍ਰਾਇਮਰੀ ਗਰਲਜ਼ ਸਕੂਲ 'ਚ ਸੰਪੰਨ ਹੋਈ ਚੋਣ 'ਚ ਵਾਰਡ ਨੰਬਰ 7 ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਸੰਧੂ ਸੀ, ਜਦਕਿ ਉਸ ਦਾ ਪਤੀ ਸੰਦੀਪ ਸਿੰਘ ਵੋਟਾਂ ਦੀ ਗਿਣਤੀ ਦੌਰਾਨ ਪੋਲਿੰਗ ਏਜੰਟ ਬਣ ਕੇ ਅੰਦਰ ਬੈਠਾ ਹੋਇਆ ਸੀ। ਜਦ ਵੋਟਾਂ ਦੀ ਗਿਣਤੀ ਚੱਲ ਰਹੀ ਸੀ ਤਾਂ ਇਸ ਦੌਰਾਨ ਸੰਦੀਪ ਸਿੰਘ ਨੇ ਈ. ਵੀ. ਐੱਮ. ਨੂੰ ਟੇਬਲ ਤੋਂ ਚੁੱਕ ਕੇ ਫਰਸ਼ 'ਤੇ ਸੁੱਟ ਦਿੱਤਾ, ਜਿਸ ਕਾਰਨ ਵਾਰਡ ਨੰਬਰ 7 ਦੀ ਗਿਣਤੀ ਕੁਝ ਸਮੇਂ ਦੇ ਲਈ ਪ੍ਰਭਾਵਿਤ ਹੋਈ ਅਤੇ ਵਾਰਡ ਨੰਬਰ 7 'ਚ ਹੋਈ ਗਿਣਤੀ ਦੇ ਦੌਰਾਨ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਮਨਜੀਤ ਕੌਰ ਜੇਤੂ ਰਹੀ। ਅਜਿਹਾ ਕਰ ਕੇ ਕਥਿਤ ਦੋਸ਼ੀ ਨੇ ਸਰਕਾਰੀ ਕਾਰਜਾਂ 'ਚ ਵਿਘਨ ਪਾਇਆ।
ਕੀ ਹੋਈ ਪੁਲਸ ਕਾਰਵਾਈ
ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਿਊਂਸੀਪਲ ਕੌਂਸਲ ਦੇ ਅਧਿਕਾਰੀ ਨੇ ਇਸ ਦੀ ਸ਼ਿਕਾਇਤ ਧਰਮਕੋਟ ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਨੇ ਸੰਦੀਪ ਸਿੰਘ ਨਿਵਾਸੀ ਧਰਮਕੋਟ ਦੇ ਖਿਲਾਫ ਸਰਕਾਰੀ ਕੰਮ 'ਚ ਵਿਘਨ ਪਾਉਣ ਅਤੇ ਭੰਨ-ਤੋੜ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।