ਈ. ਓ. ਨਾ ਹੋਣ ਕਾਰਨ ਨਗਰ ਕੌਂਸਲ ਦਾ ਕੰਮ-ਕਾਜ ਠੱਪ

07/18/2018 1:00:54 AM

ਲੌਂਗੋਵਾਲ, (ਵਸ਼ਿਸ਼ਟ)– ਨਗਰ ਕੌਂਸਲ ਲੌਂਗੋਵਾਲ ਵਿਖੇ ਪਿਛਲੇ ਦੋ ਮਹੀਨਿਆਂ ਤੋਂ ਕਾਰਜ ਸਾਧਕ ਅਫ਼ਸਰ  (ਈ. ਓ) ਅਤੇ ਲੇਖਾਕਾਰ  ਦਾ ਅਹੁਦਾ ਖਾਲੀ ਹੋਣ ਕਾਰਨ ਜਿਥੇ ਸਮੁੱਚੇ ਦਫ਼ਤਰੀ ਕੰਮਕਾਜ ਠੱਪ ਹੋ ਕੇ ਰਹਿ ਗਏ, ਉਥੇ  ਕੌਂਸਲ ਦੇ ਮੁਲਾਜ਼ਮ ਅਤੇ ਸਫ਼ਾਈ ਸੇਵਕਾਂ ਨੂੰ 2 ਮਹੀਨਿਆਂ ਤੋਂ ਤਨਖਾਹ ਤੱਕ ਨਹੀਂ ਮਿਲੀ, ਜਿਸ  ਕਾਰਨ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੇ  ਨਾਅਰੇਬਾਜ਼ੀ ਵੀ ਕੀਤੀ ਅਤੇ ਈ. ਓ. ਦੇ ਨਾਂ  ਕੌਂਸਲ ਮੁਲਾਜ਼ਮਾਂ ਨੂੰ ਮੰਗ ਪੱਤਰ ਵੀ ਦਿੱਤਾ। 
ਜਾਣਕਾਰੀ ਅਨੁਸਾਰ ਕਾਰਜ ਸਾਧਕ ਅਫ਼ਸਰ ਨਾ ਹੋਣ ਕਾਰਨ ਨਕਸ਼ਿਆਂ ਦੀ ਮਨਜ਼ੂਰੀ, ਜਨਮ-ਮੌਤ ਸਰਟੀਫਿਕੇਟ ਅਤੇ ਲੋਕਾਂ ਦੇ ਹੋਰ ਕੰਮਕਾਰ ਠੱਪ ਹੋ ਕੇ ਰਹਿ ਗੲੇ ਹਨ। ਨਗਰ ਕੌਂਸਲ ਦਫ਼ਤਰ ’ਚ ਤਾਇਨਤ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਰਟੀਫਿਕੇਟ ਤਿਆਰ ਪਏ ਹਨ ਪਰ ਕਾਰਜ ਸਾਧਕ ਅਫ਼ਸਰ ਦੇ ਦਸਤਖਤਾਂ ਤੋਂ  ਬਿਨਾਂ ਅਧੂਰੇ ਹਨ, ਜਿਸ ਕਾਰਨ ਸਰਟੀਫਿਕੇਟ ਲੈਣ ਲਈ ਲੋਕ ਨਗਰ ਕੌਂਸਲ ਦਫ਼ਤਰ ਦੇ ਗੇਡ਼ੇ ਮਾਰ ਕੇ ਥੱਕ ਗਏ ਹਨ। ਜਾਣਕਾਰੀ ਅਨੁਸਾਰ ਈ. ਓ. ਦੀ ਅਸਾਮੀ ਖਾਲੀ ਹੋਣ ਕਾਰਨ ਨਗਰ ਕੌਂਸਲ ਬਿਜਲੀ ਦੇ ਬਿੱਲ ਵੀ ਸਮੇਂ  ਸਿਰ ਨਹੀਂ ਭਰ ਸਕੀ। ਲੇਖਾਕਾਰ  ਵੀ ਪਿਛਲੇ ਸਮੇਂ ਤੋਂ ਇਥੇ ਸਥਾਈ ਰੂਪ ’ਚ ਤਾਇਨਾਤ ਨਹੀਂ ਹੈ  ਅਤੇ ਜਿਸ ਦਾ ਵਾਧੂ ਚਾਰਜ ਸੁਨਾਮ ਦੇ ਲੇਖਾਕਾਰ ਨੂੰ ਸੌਂਪਿਆ ਹੋਇਆ ਹੈ। 
ਕੀ ਕਹਿੰਦੇ ਹਨ ਪ੍ਰਧਾਨ  
  ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਸਿੱਧੁੂ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 23 ਮਈ  ਨੂੰ ਕਾਰਜ ਸਾਧਕ ਅਫ਼ਸਰ ਰਕੇਸ਼ ਕੁਮਾਰ ਦਾ ਇਥੋ ਤਬਾਦਲਾ ਹੋ ਗਿਆ ਸੀ  ਅਤੇ ਹੁਣ 10 ਜੁਲਾਈ ਨੂੰ ਵਿਭਾਗ ਨੇ ਲੌਂਗੋਵਾਲ ਨਗਰ ਕੌਂਸਲ ਦਾ ਵਾਧੂ ਚਾਰਜ ਸੁਨਾਮ ਦੇ ਕਾਰਜ ਸਾਧਕ ਅਫ਼ਸਰ ਨੂੰ ਸੌਂਪ ਦਿੱਤਾ ਸੀ ਪਰ ਈ. ਓ. ਸੁਨਾਮ ਨੇ ਅੱਜ ਤੱਕ ਇਥੋ ਦਾ ਚਾਰਜ ਨਹੀਂ ਸੰਭਾਲਿਆ, ਜਿਸ ਕਾਰਨ ਨਗਰ ਕੌਂਸਲ ਦੇ ਛੋਟੇ-ਵੱਡੇ ਸਾਰੇ ਕੰਮ ਠੱਪ ਹੋ ਗਏ ਹਨ ਅਤੇ ਸ਼ਹਿਰ ਦੇ ਲੋਕ ਦੁਖੀ ਹਨ। 
 


Related News