ਨਿਯਮਾਂ ਨੂੰ ਤਾਕ ’ਤੇ ਰੱਖ ਕੇ ਲਾਈਆਂ ਕੰਪਿਊਟਰ ਅਧਿਆਪਕਾਂ ਦੀਆਂ ਕੋਵਿਡ-19 ਦੇ ਸਬੰਧ ’ਚ ਡਿਊਟੀਆਂ
Monday, Sep 21, 2020 - 03:02 PM (IST)
ਲੁਧਿਆਣਾ (ਵਿੱਕੀ) : ਨਿਯਮਾਂ ਨੂੰ ਤਾਕ ’ਤੇ ਰੱਖਦਿਆਂ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਦੀ ਕੋਰੋਨਾ ਦੇ ਸਬੰਧ ’ਚ ਲੱਗ ਰਹੀ ਡਿਊਟੀ ਨੂੰ ਲੈ ਕੇ ਕੰਪਿਊਟਰ ਫੈਕਲਟੀ ਐਸੋ. (ਸੀ. ਐੱਫ. ਏ.) ਪੰਜਾਬ ਵੱਲੋਂ ਇਕ ਵਿਸ਼ੇਸ਼ ਆਨਲਾਈਨ ਮੀਟਿੰਗ ਦਾ ਆਯੋਜਨ ਕਰਦੇ ਹੋਏ ਵਿਭਾਗ ਤੋਂ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਤੁਰੰਤ ਕੱਟੇ ਜਾਣ ਦੀ ਮੰਗ ਕੀਤੀ ਗਈ।
ਬਿਨਾਂ ਲਿਖਤੀ ਆਦੇਸ਼ਾਂ ਦੇ ਡਿਊਟੀ ਲਾਉਣਾ ਨਿਯਮਾਂ ਦੇ ਖਿਲਾਫ : ਮਲੂਕਾ
ਮੀਟਿੰਗ ਦੀ ਅਗਵਾਈ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਲੂਕਾ ਨੇ ਕਿਹਾ ਕਿ ਸਿੱਖਿਆ ਮਹਿਕਮੇ ਵੱਲੋਂ ਸਮੇਂ-ਸਮੇਂ ’ਤੇ ਜਾਰੀ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੱਖਿਆ ਮਹਿਕਮੇ ਦੇ ਨਾਲ-ਨਾਲ ਹੋਰ ਕਿਸੇ ਵੀ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਡਿਊਟੀ ਨਹੀਂ ਲਾਈ ਜਾ ਸਕਦੀ। ਇਸ ਦੇ ਲਈ ਸਿੱਖਿਆ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਮਨਜ਼ੂਰੀ ਜ਼ਰੂਰੀ ਹੈ ਪਰ ਵੱਖ-ਵੱਖ ਜ਼ਿਲਿ੍ਹਆਂ ’ਚ ਕੰਪਿਊਟਰ ਅਧਿਆਪਕਾਂ ਦੀ ਕੋਵਿਡ ਦੇ ਸਬੰਧ ਵਿਚ ਬਿਨਾਂ ਸਹਿਮਤੀ ਦੇ ਡਿਊਟੀ ਲਾਈ ਜਾ ਰਹੀ ਹੈ। ਉਥੇ ਇਸ ਸਬੰਧ ’ਚ ਉੱਚ ਅਧਿਕਾਰੀਆਂ ਵੱਲੋਂ ਚੁੱਪ ਧਾਰਨ ਕਰਨਾ ਵੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਕੀਤਾ ਜਾ ਰਿਹਾ ਹੈ। ਮਲੂਕਾ ਨੇ ਦੱਸਿਆ ਕਿ ਇੰਨਾ ਹੀ ਨਹੀਂ ਕੁਝ ਜ਼ਿਲਿਆਂ ਵਿਚ ਕੰਪਿਊਟਰ ਅਧਿਆਪਕਾਂ ਦੀ ਕੋਵਿਡ ਦੇ ਸਬੰਧ ਵਿਚ ਜ਼ੁਬਾਨੀ ਡਿਊਟੀ ਲਾਉਣ ਦੀ ਵੀ ਖ਼ਬਰ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸਕੂਲ ਜਾ ਸਕਣਗੇ 9ਵੀਂ ਤੋਂ 12ਵੀਂ ਦੇ ਵਿਦਿਆਰਥੀ, ਮਾਪਿਆਂ ਦੀ ਲਿਖ਼ਤੀ ਮਨਜ਼ੂਰੀ ਜ਼ਰੂਰੀ
ਮੈਡੀਕਲ ਰੀਇੰਬਸਰਮੈਂਟ ਬਾਰੇ ਵਿਭਾਗ ਚੁੱਪ ਕਿਉਂ?
ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬੈਂਸ ਨੇ ਕਿਹਾ ਕਿ ਲਗਭਗ 10 ਸਾਲ ਪਹਿਲਾਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਸੀ ਪਰ ਅੱਜ ਤੱਕ ਮੈਡੀਕਲ ਰੀਇੰਬਸਰਮੈਂਟ ਦੀ ਸੁਵਿਧਾ ਦਿੱਤੀ ਗਈ ਹੈ ਅਤੇ ਨਾ ਹੀ ਕਿਸੇ ਕੰਪਿਊਟਰ ਅਧਿਆਪਕ ਦੀ ਸੇਵਾ ਕਾਲ ਦੌਰਾਨ ਮੌਤ ਹੋ ਜਾਣ ਉਪਰੰਤ ਵਿਚ ਉਸ ਦੇ ਪਰਿਵਾਰ ਨੂੰ ਕਿਸੇ ਕਿਸਮ ਦੀ ਆਰਥਿਕ ਸਹਾਇਤਾ ਮੱਦਦ ਦੇ ਅਾਧਾਰ ’ਤੇ ਨੌਕਰੀ ਦੀ ਵਿਵਸਥਾ ਹੈ। ਇਸ ’ਚ ਕੰਪਿਊਟਰ ਅਧਿਆਪਕਾਂ ਦੀ ਕੋਵਿਡ ਦੇ ਸਬੰਧ ਵਿਚ ਡਿਊਟੀ ਲਗਾਉਣਾ ਕਿੰਨਾ ਤਰਕ ਸੰਗਤ ਹੈ, ਇਹ ਤਾਂ ਸਬੰਧਤ ਅਧਿਕਾਰੀ ਹੀ ਦੱਸ ਸਕਦੇ ਹਨ। ਬੈਂਸ ਨੇ ਦੱਸਿਆ ਕਿ ਕੋਵਿਡ ਦੇ ਸਬੰਧ ਵਿਚ ਡਿਊਟੀ ਕਰ ਰਹੇ ਲਗਭਗ ਅੱਧੀ ਦਰਜ਼ਨ ਕੰਪਿਊਟਰ ਅਧਿਆਪਕ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ। ਜਿਨ੍ਹਾਂ ਨੂੰ ਵਿਭਾਗ ਕਿਸੇ ਵੀ ਕਿਸਮ ਦੀ ਸਹਾਇਤਾ ਦੇਣ ਦੀ ਗੱਲ ’ਤੇ ਚੁੱਪ ਹਨ।
ਮਾਣਯੋਗ ਅਦਾਤਲ ਦੀ ਸ਼ਰਨ ’ਚ ਜਾਣਗੇ
ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਹਰਵੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਸਬੰਧ ’ਚ ਕੰਪਿਊਟਰ ਅਧਿਆਪਕਾਂ ਦੀ ਲਾਈ ਗਈ ਡਿਊਟੀ ਤੋਂ ਜੇਕਰ ਉਨ੍ਹਾਂ ਨੂੰ ਵਾਪਸ ਨਹੀਂ ਬੁਲਾਇਆ ਗਿਆ ਤਾਂ ਉਹ ਅਦਾਲਤ ਦੀ ਸ਼ਰਨ ਵਿਚ ਜਾਣ ਲਈ ਮਜ਼ਬੂਰ ਹੋਣਗੇ। ਮੀਟਿੰਗ ’ਚ ਅਧਿਆਪਕ ਨੇਤਾ ਜਸਪਾਲ ਲੁਧਿਆਣਾ, ਗੁਰਜੀਤ ਫਤਿਹਗੜ੍ਹ, ਧਰਮਿੰਦਰ ਬਾਂਸਲ, ਹਰਵਿੰਦਰ ਮੋਹਾਲੀ, ਹਰਚਰਨ ਬਠਿੰਡਾ, ਗੁਰਪ੍ਰੀਤ ਬਠਿੰਡਾ, ਨਰਿੰਦਰ ਕੁਮਾਰ, ਜਗਪਾਲ ਰੋਪੜ, ਬਲਜਿੰਦਰ ਰੋਪੜ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਕੇਂਦਰੀ ਜੇਲ ਕਪੂਰਥਲਾ ’ਚ ਤਾਇਨਾਤ ਕਾਂਸਟੇਬਲ ਤੋਂ ਨਸ਼ੀਲਾ ਪਦਾਰਥ ਬਰਾਮਦ