ਦੁਸਹਿਰੇ ਮੌਕੇ ਅੱਜ ਵੀ ਹੁੰਦੀ ਹੈ ਪਾਇਲ ਦੇ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ 'ਚ 'ਰਾਵਣ' ਦੇ ਪੱਕੇ ਬੁੱਤ ਦੀ ਪੂਜਾ

Friday, Oct 15, 2021 - 03:07 PM (IST)

ਦੁਸਹਿਰੇ ਮੌਕੇ ਅੱਜ ਵੀ ਹੁੰਦੀ ਹੈ ਪਾਇਲ ਦੇ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ 'ਚ 'ਰਾਵਣ' ਦੇ ਪੱਕੇ ਬੁੱਤ ਦੀ ਪੂਜਾ

ਪਾਇਲ (ਵਿਨਾਇਕ) : ਚੰਗਿਆਈ ਦੀ ਬੁਰਾਈ ’ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਜੋ ਕਿ ਹਿੰਦੂਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ’ਚੋਂ ਇਕ ਹੈ, ਜਿਸ ਨੂੰ ‘ਵਿਜੈਦਸ਼ਮੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਰ ਸਾਲ ਦੇਸ਼ ਭਰ ’ਚ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੇਸ਼ ਭਰ ’ਚ ਜ਼ਿਆਦਾਤਰ ਥਾਵਾਂ ’ਤੇ ਇਸ ਦਿਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ ਅਤੇ ਆਤਿਸ਼ਬਾਜੀ ਵੀ ਕੀਤੀ ਜਾਂਦੀ ਹੈ। ਉੱਥੇ ਹੀ ਇਸਦੇ ਉੱਲਟ ਵਿਰਾਸਤੀ ਸ਼ਹਿਰ ਪਾਇਲ ਦੇ ਲੋਕ ਸਦੀਆਂ ਪੁਰਾਣੀ ਪ੍ਰੰਪਰਾ ਅਨੁਸਾਰ ਚਾਰ ਵੇਦਾ ਦੇ ਗਿਆਤਾ ਅਤੇ ਛੇ ਸ਼ਾਸਤਰਾਂ ਦੇ ਧਿਆਤਾ ਲੰਕਾਂ ਪਤੀ ਰਾਜਾ ‘ਰਾਵਣ’ ਦੇ ਪੁਤਲੇ ਨੂੰ ਅਗਨੀ ਭੇਟ ਕਰਨ ਦੀ ਬਜਾਏ ਪੂਜਾ ਕਰਦੇ ਹਨ ਅਤੇ ਦੁਸਹਿਰੇ ਮੌਕੇ ਔਰਤਾਂ ਖੇਤਰੀ ਭਾਵ ਜੋਂ ਚੜਾ ਕੇ ‘ਰਾਵਣ’ ਦੀ ਆਰਤੀ ਉਤਾਰਦੀਆਂ ਹਨ। ਦੂਬੇ ਬਿਰਾਦਰੀ ਦੇ ਲੋਕ ਦੁਸਹਿਰੇ ਵਾਲੇ ਦਿਨ ਰਾਵਨ ਨੂੰ ਸਾੜਨ ਦੀ ਬਜਾਏ ਉਸ ਦੀ ਪੂਜਾ ਕਰਦੇ ਹਨ। ਇਸ ਤਿਉਹਾਰ ਮੌਕੇ ‘ਰਾਵਣ’ ਦੇ ਪੱਕੇ ਬੁੱਤ ਦੀ ਪੂਜਾ ਕਰਨ ਪਿੱਛੇ ਪੁਰਾਤਨ ਪ੍ਰਥਾਵਾਂ ਦੱਸੀਆਂ ਜਾ ਰਹੀਆਂ ਹਨ।

PunjabKesari

ਰਾਜੇ ਮਹਾਰਾਜੇ ਦੀਆਂ ਕੁਝ ਪੁਰਾਤਨ ਵਿਰਾਸਤਾਂ ਰੱਖਣ ਵਾਲੇ ਇਸ ਨਾਮੀ ਸ਼ਹਿਰ ’ਚ ਭਗਵਾਨ ਸ੍ਰੀ ਰਾਮ ਮੰਦਿਰ ਦਾ ਨਿਰਮਾਣ 1835 ਈਸਵੀ ਵੇਲੇ ਹੋਇਆ ਸੀ ਅਤੇ ਇਸ ਸਥਾਨ ’ਤੇ 25 ਫੁੱਟ ਰਾਵਣ ਦਾ ਪੱਕਾ ਬੁੱਤ ਸਥਿਤ ਹੈ। ਜਿਥੇ ਭਗਵਾਨ ਸ੍ਰੀ ਰਾਮ ਚੰਦਰ ਜੀ, ਲਕਸ਼ਮਣ ਜੀ, ਹਨੂਮਾਨ ਜੀ ਅਤੇ ਸੀਤਾ ਮਾਤਾ ਜੀ ਦੀ ਪੂਜਾ ਕੀਤੀ ਜਾਂਦੀ ਹੈ। ਦੁਸਹਿਰੇ ਤੋਂ ਕੁਝ ਦਿਨ ਪਹਿਲਾਂ ਵੱਖ-ਵੱਖ ਸ਼ਹਿਰਾਂ ’ਚੋਂ ਦੂਬੇ ਬਿਰਾਦਰੀ ਦੇ ਲੋਕ ਇਸ ਸਥਾਨ ’ਤੇ ਪਹੁੰਚ ਜਾਂਦੇ ਹਨ ਅਤੇ ਰਾਮਲੀਲਾ ਦੀ ਸ਼ੁਰੂਆਤ ਨਾਲ ਦੁਸਹਿਰੇ ਦਾ ਆਯੋਜਨ ਕਰਦੇ ਹਨ। ਉੱਥੇ ਹੀ ਰਾਵਣ ਦਾ ਵੱਡੇ ਅਕਾਰੀ ਪੁਤਲੇ ਨੂੰ ਰੰਗ-ਰੋਗਨ ਕਰਕੇ ਸਜਾਇਆ ਜਾਂਦਾ ਹੈ। ਆਮ ਧਾਰਨਾ ਦੇ ਉਲਟ ਦੂਬੇ ਪਰਿਵਾਰ ਰਾਵਣ ਨੂੰ ‘ਬੁਰਾਈ ਦਾ ਪ੍ਰਤੀਕ’ ਨਹੀਂ ਮੰਨਦੇ ਹਨ, ਸਗੋਂ ਉਸ ਦੀਆਂ ਚੰਗੀਆਈਆਂ ਦੀ ਮਹਿਮਾ ਕਰਦੇ ਹੋਏ ਉਸਨੂੰ ‘ਅਰਾਧਿਆ’ ਦੇ ਰੂਪ ’ਚ ਦੇਖਦੇ ਹਨ। ਦੁਸਹਿਰੇ ਵਾਲੇ ਦਿਨ ਦਸ ਸਿਰ ਅਤੇ ਵੀਹ ਬਾਹਾਂ ਵਾਲੇ ਇਸ ਪੌਰਾਣਿਕ ਪਾਤਰ ਦੇ ਪੁਤਲੇ ਨੂੰ ਦਿਨ ਛਿੱਪਣ ਤੋਂ ਪਹਿਲਾਂ ਸੰਕੇਤਕ ਅਗਨੀ ਭੇਟ ਕਰਕੇ ਦੂਬੇ ਪਰਿਵਾਰ ਵੱਲੋਂ ਰਾਵਣ ਦੀ ਪੁੱਜਾ ਅਰਚਨਾਂ ਕੀਤੀ ਜਾਂਦੀ ਹੈ ਅਤੇ ਸਥਾਨਕ ਲੋਕ ਵੀ ਬਿਨਾਂ ਭੇਦਭਾਵ ਦੇ ਇਸ ਪੂਜਾ ‘ਚ ਸਾਮਲ ਹੁੰਦੇ ਹਨ।

PunjabKesari

ਡੇਢ ਸਦੀ ਤੋਂ ਵੀ ਵੱਧ ਪੁਰਾਣੀ ਹੈ ਪ੍ਰੰਪਰਾ
ਭਗਵਾਨ ਸ੍ਰੀ ਰਾਮ ਮੰਦਿਰ ਦੇ ਇੱਕ ਸ਼ਰਧਾਲੂ ਰੋਹਿਤ ਕੁਮਾਰ ਦੁਬੇ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਹਕੀਮ ਬੀਰਬਲ ਦਾਸ ਉਨ੍ਹਾਂ ਨੂੰ ਇਸ ਮੰਦਰ ਦੇ ਇਤਿਹਾਸ ਬਾਰੇ ਦੱਸਿਆ ਕਰਦੇ ਸਨ ਕਿ ਕੁਝ ਸੰਤਾਂ-ਮੁਹਾਪੁਰਸ਼ਾਂ ਨੇ ਸੂਤ ਕੱਤ ਕੇ ਬਣਾਏ ਕੱਪੜੇ ਦੁਆਰਾ ਤਿਆਰ ਕੀਤੇ ਰਾਵਣ ਦੇ ਪੁਤਲੇ ਨੂੰ ਫੂਕਣ ਤੋਂ ਵਰਜਿਤ ਕੀਤਾ ਸੀ ਅਤੇ ਧਾਰਨਾ ਹੈ ਕਿ ਉਸ ਤੋਂ ਬਾਅਦ ਹੀ ਦੂਬੇ ਪਰਿਵਾਰਾਂ ਨੂੰ ਸੰਤਾਨ ਨਸੀਬ ਹੋਈ ਸੀ। ਉਸ ਤੋਂ ਬਾਅਦ ਲਗਾਤਾਰ ਪਾਇਲ ਤੋਂ ਪਰਵਾਸ ਕਰ ਚੁੱਕੇ ਦੂਬੇ ਪਰਿਵਾਰ ਅੱਜ ਵੀ ਦੁਸਹਿਰੇ ਮੌਕੇ ਪਾਇਲ ਪੁੱਜ ਕੇ ‘ਰਾਵਣ’ ਨੂੰ ਸਾੜਨ ਦੀ ਬਜਾਏ ਉਸ ਦੀ ਪੂਜਾ ਕਰਕੇ ਦੁਸਹਿਰਾ ਮਨਾਉਂਦੇ ਹਨ।

PunjabKesari

ਸੰਕੇਤਕ ਅਗਨੀ ਭੇਟ ਕਰਕੇ ਰਾਵਨ ਨੂੰ ਬੱਕਰੇ ਦਾ ਖੂਨ ਤੇ ਸ਼ਰਾਬ ਚੜਾਉਣ ਦੀ ਵੀ ਪ੍ਰੰਪਰਾਂ
ਦੁਸਹਿਰੇ ਦੇ ਤਿਉਹਾਰ ਮੌਕੇ ਸੰਕੇਤਕ ਅਗਨੀ ਭੇਟ ਕਰਕੇ ਚਾਰ ਵੇਦਾ ਦੇ ਗਿਆਤਾ ਅਤੇ ਛੇ ਸ਼ਾਸਤਰਾਂ ਦੇ ਧਿਆਤਾ ਰਾਜਾ ‘ਰਾਵਣ’ ਨੂੰ ਬੱਕਰੇ ਦਾ ਖੂਨ ਅਤੇ ਸ਼ਰਾਬ ਚੜਾਉਣ ਦੀ ਵੀ ਪ੍ਰੰਪਰਾਂ ਸਦੀਆ ਪੁਰਾਣੀ ਚੱਲੀ ਆ ਰਹੀ ਹੈ। ਉੱਥੇ ਹੀ ਕਈ ਲੋਕ ਇਸ ਦਿਨ ਨੂੰ ਸਭ ਤੋਂ ਜਿਆਦਾ ਸੁੱਭ ਮੰਨ ਕੇ ਆਪਣੇ ਨਵੇਂ ਕਾਰਜ ਸ਼ੁਰੂ ਕਰਦੇ ਹਨ।


author

Anuradha

Content Editor

Related News