ਬਰਸਾਤਾਂ ਸਮੇਂ ਤਬਾਹੀ ਦੇ ਕੰਢੇ ’ਤੇ ਖਡ਼੍ਹਾ ਰਹਿੰਦੈ ਸ਼ਹਿਰ

Monday, Jun 11, 2018 - 02:09 AM (IST)

ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਦੇ ਨਾਲ ਵਹਿਣ ਵਾਲੇ ਨਸਰਾਲਾ ਚੋਅ, ਜਿਸ ਨੂੰ ਭੰਗੀ ਚੋਅ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ’ਚ ਪਾਣੀ ਦੀ ਨਿਕਾਸੀ ਦਾ ਸੰਕਟ ਵਧਣ ਨਾਲ ਬਰਸਾਤਾਂ ਸਮੇਂ ਸ਼ਹਿਰ ਤਬਾਹੀ ਦੇ ਕੰਢੇ ’ਤੇ ਖਡ਼੍ਹਾ ਰਹਿੰਦਾ ਹੈ। ਸਾਲ 2009 ਵਿਚ ਅਚਾਨਕ 40 ਹਜ਼ਾਰ ਕਿਊਸਿਕ ਪਾਣੀ ਆ ਜਾਣ ਕਰ ਕੇ ਤਬਾਹੀ ਦਾ ਜੋ ਮੰਜ਼ਰ ਸ਼ਹਿਰ ਵਾਸੀਆਂ ਨੇ ਦੇਖਿਆ ਸੀ, ਉਸ ਨੂੰ ਅੱਜ  ਤੱਕ ਚੋਅ ਦੇ ਨਾਲ ਲੱਗਦੇ ਇਲਾਕਾ ਵਾਸੀ ਭੁੱਲ ਨਹੀਂ ਸਕੇ ਹਨ। ਚੋਅ ’ਚ ਅਤੇ ਆਲੇ-ਦੁਆਲੇ ਦੇ ਸੈਂਕਡ਼ੇ ਘਰਾਂ ਅਤੇ ਦਰਜਨ ਦੇ ਕਰੀਬ ਕਾਲੋਨੀਆਂ ਬਣਨ  ਤੋਂ ਇਲਾਵਾ ਚੋਅ ’ਚ ਹੀ ਕੂਡ਼ਾ-ਕਰਕਟ  ਸੁੱਟਣ ਨਾਲ ਬਰਸਾਤੀ ਪਾਣੀ ਦਾ ਰਸਤਾ ਬੰਦ ਹੋ ਚੁੱਕਿਆ ਹੈ, ਜੋ ਕਿ ਮਾਨਸੂਨ ਦੇ ਦਿਨਾਂ ’ਚ ਸਮੱਸਿਆ ਪੈਦਾ ਕਰ ਸਕਦਾ ਹੈ। ਡਰੇਨੇਜ ਡਿਪਾਰਟਮੈਂਟ 2009 ਵਿਚ ਮਚੀ ਤਬਾਹੀ ਤੋਂ ਵੀ ਕੋਈ ਸਬਕ ਨਹੀਂ ਸਿਖ ਰਿਹਾ।
PunjabKesari
ਰੱਖ-ਰਖਾਅ ਵੱਲ ਨਹੀਂ ਸਰਕਾਰ ਦਾ ਧਿਆਨ
ਹੁਸ਼ਿਆਰਪੁਰ ਜ਼ਿਲੇ ’ਚ ਇਸ ਸਮੇਂ ਕੁੱਲ 38 ਬਰਸਾਤੀ ਨਾਲੇ ਹਨ, ਜਿਨ੍ਹਾਂ ਦੀ ਕੁੱਲ ਲੰਬਾਈ 160 ਕਿਲੋਮੀਟਰ ਹੈ। ਕੁੱਲ 428 ਮੀਲ ਖੇਤਰ ’ਚ ਫੈਲੇ ਚੈਨੇਲਾਈਜ਼ਡ ਅਤੇ ਅਣ-ਚੈਨੇਲਾਈਜ਼ਡ ਚੋਆਂ ਦੇ ਰੱਖ-ਰਖਾਅ ਦੀ ਘਾਟ ਸ਼ਹਿਰ  ਵਾਸੀਆਂ ਲਈ ਹਮੇਸ਼ਾ ਖ਼ਤਰੇ ਦੀ ਘੰਟੀ ਬਣੀ ਰਹਿੰਦੀ ਹੈ। ਇਨ੍ਹਾਂ ਚੋਆਂ ਦੇ ਰੱਖ-ਰਖਾਅ ਲਈ ਕਰੋਡ਼ਾਂ ਰੁਪਏ ਦੀ ਜ਼ਰੂਰਤ ਹੈ। ਪਿਛਲੇ ਲੰਮੇ ਸਮੇਂ ਤੋਂ ਚੋਆਂ ਦੇ ਬੰਨ੍ਹਾਂ ਦੇ ਰੱਖ-ਰਖਾਅ ਲਈ ਫੰਡ ਰਿਲੀਜ਼ ਨਹੀਂ ਹੋ ਰਹੇ, ਜਿਸ ਕਾਰਨ ਇਹ ਸਮੱਸਿਆ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।
ਫੰਡ ਦੀ ਘਾਟ ਕਾਰਨ ਨਹੀਂ ਹੋ ਰਹੀ ਸਫ਼ਾਈ
ਸੰਪਰਕ ਕਰਨ ’ਤੇ ਹੁਸ਼ਿਆਰਪੁਰ ਡਰੇਨੇਜ ਡਵੀਜ਼ਨ ਦੇ ਐੱਸ. ਡੀ.ਓ. ਧਰਮ ਚੰਦ ਨੇ ਦੱਸਿਆ ਕਿ ਵਿਭਾਗ ਨੇ ਜ਼ਿਲਾ ਪ੍ਰਸ਼ਾਸਨ ਅਤੇ ਵਿਭਾਗੀ ਉੱਚ ਅਧਿਕਾਰੀਆਂ ਨੂੰ ਕੰਢੀ ਕੈਨਾਲ ਤੋਂ ਲੈ ਕੇ ਖਾਨਪੁਰ ਤੱਕ 3.65 ਕਿਲੋਮੀਟਰ ਤੱਕ ਪਾਣੀ ਦੇ ਸਮੂਥ ਫਲੋਅ   ਅਤੇ ਮਾਂਝੀ ਪਿੰਡ ਨਜ਼ਦੀਕ ਬੰਨ੍ਹ ਦੀ ਮੁਰੰਮਤ ਲਈ ਐਸਟੀਮੇਟ ਪ੍ਰਪੋਜ਼ਲ ਭੇਜਿਆ ਹੋਇਆ ਹੈ। ਫੰਡ ਦੀ ਘਾਟ ਕਾਰਨ ਸਫਾਈ ਨਹੀਂ ਹੋ ਪਾ ਰਹੀ। ਫੰਡ ਜਾਰੀ ਹੁੰਦੇ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।  
ਸ਼ਹਿਰ ਅੰਦਰ ਚੱਲ ਰਹੀ ਹੈ ਨਾਲੇ ਦੀ ਸਫ਼ਾਈ : ਮੇਅਰ
ਸੰਪਰਕ ਕਰਨ ’ਤੇ ਮੇਅਰ ਸ਼ਿਵ ਸੂਦ ਨੇ ਕਿਹਾ ਕਿ ਸ਼ਹਿਰ ਦੇ ਨਾਲ ਲੱਗਦੇ ਬਰਸਾਤੀ ਨਾਲੇ ’ਚ ਕੂਡ਼ਾ-ਕਰਕਟ ਸੁੱਟਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਚੋਅ   ਕੰਢੇ ਬਣੇ ਡੰਪ ਵਿਚੋਂ ਰੋਜ਼ਾਨਾ ਕਚਰਾ ਚੁੱਕ ਕੇ ਸ਼ਹਿਰ ਦੇ ਬਾਹਰ ਡੰਪਿੰਗ ਸਥਾਨ ’ਤੇ ਭੇਜਿਆ ਜਾ ਰਿਹਾ ਹੈ। ਮਾਨਸੂਨ ਤੋਂ ਪਹਿਲਾਂ ਸ਼ਹਿਰ ਦੇ ਅੰਦਰ ਕਰੀਬ 20 ਨਾਲਿਆਂ ਦੀ ਸਫ਼ਾਈ ਸਬੰਧੀ ਕੰਮ 6 ਲੱਖ ਰੁਪਏ ਦੀ ਲਾਗਤ ਨਾਲ ਇਸ ਸਮੇਂ ਚੱਲ ਰਿਹਾ ਹੈ ਤਾਂ ਕਿ ਬਰਸਾਤਾਂ ਦੇ ਦਿਨਾਂ ’ਚ ਸ਼ਹਿਰ ਦੇ ਅੰਦਰੂਨੀ ਹਿੱਸਿਆਂ  ਦਾ ਪਾਣੀ ਆਸਾਨੀ ਨਾਲ ਡਰੇਨੇਜ ਹੋ ਸਕੇ।


Related News