ਦੁੱਗਰੀ ਹੱਤਿਆਕਾਂਡ ''ਚ ਗੈਂਗਸਟਰ ਗੋਰੂ ਬੱਚਾ ਤੇ ਹੋਰਨਾਂ ਨੂੰ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਅਦਾਲਤ ''ਚ ਪੇਸ਼
Saturday, Mar 17, 2018 - 10:15 AM (IST)
ਲੁਧਿਆਣਾ (ਮਹਿਰਾ)-ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਵਿਚ ਅੱਜ ਦੁੱਗਰੀ ਹੱਤਿਆਕਾਂਡ 'ਚ ਨਾਮਜ਼ਦ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਮਾਮਲੇ ਦੀ ਸੁਣਵਾਈ ਹੋਈ।
ਪੁਲਸ ਵੱਲੋਂ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਤੇ ਹੋਰਨਾਂ ਨੂੰ ਵੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਸ਼ੀ ਪੱਖ ਦੇ ਵਕੀਲ ਸੰਦੀਪ ਸ਼ਰਮਾ ਨੇ ਦੱਸਿਆ ਕਿ ਮੁਦਈ ਪੱਖ ਵੱਲੋਂ ਮਾਮਲੇ ਨਾਲ ਜੁੜੇ 2 ਚਸ਼ਮਦੀਦ ਗਵਾਹਾਂ ਵਿਕਾਸ ਕੁਮਾਰ ਤੇ ਅਮਰਜੀਤ ਸਿੰਘ ਨੂੰ ਮੌਕੇ ਦੇ ਗਵਾਹ ਹੋਣ ਦਾ ਦਾਅਵਾ ਕਰ ਕੇ ਉਨ੍ਹਾਂ ਦੀ ਗਵਾਹੀ ਅਦਾਲਤ 'ਚ ਦਰਜ ਕਰਵਾਈ ਗਈ, ਜਿਨ੍ਹਾਂ ਉੱਪਰ ਬਚਾਅ ਪੱਖ ਵੱਲੋਂ ਕ੍ਰਾਸ ਐਗਜ਼ਾਮੀਨੇਸ਼ਨ ਵੀ ਕਰ ਲਿਆ ਗਿਆ। ਵਰਨਣਯੋਗ ਹੈ ਕਿ ਇਸੇ ਮਾਮਲੇ ਵਿਚ ਪੁਲਸ ਨੇ ਇਕ ਹੋਰ ਦੋਸ਼ੀ ਅਰਜਨ ਸਿੰਘ ਖਿਲਾਫ ਵੀ ਚਲਾਨ ਪੇਸ਼ ਕੀਤਾ ਸੀ, ਜਿਸ ਨੂੰ ਮੁੱਖ ਦੋਸ਼ੀਆਂ ਦੇ ਚੱਲ ਰਹੇ ਮੁਕੱਦਮੇ ਨਾਲ ਜੋੜਿਆ ਗਿਆ ਹੈ। ਅੱਜ ਅਦਾਲਤ 'ਚ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਦੇ ਇਲਾਵਾ ਦੋਸ਼ੀਆਂ ਗੁਰਮੀਤ ਸਿੰਘ, ਜਤਿੰਦਰ ਕੁਮਾਰ ਉਰਫ ਸੋਨੂ ਤੇ ਹੋਰਨਾਂ ਨੂੰ ਵੀ ਜੇਲ 'ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਪਰੋਕਤ ਮਾਮਲੇ ਦੀ ਅਗਲੀ ਸੁਣਵਾਈ 5 ਅਪ੍ਰੈਲ ਤੱਕ ਰੱਦ ਕਰਦਿਆਂ ਸਾਰੇ ਦੋਸ਼ੀਆਂ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੱਤਾ।
ਪੁਲਸ ਵੱਲੋਂ ਅਦਾਲਤ 'ਚ ਪੇਸ਼ ਕੀਤੇ ਗਏ ਚਲਾਨ ਅਨੁਸਾਰ ਦੋਸ਼ ਲਾਇਆ ਹੈ ਕਿ 7 ਅਪ੍ਰੈਲ 2016 ਨੂੰ ਦਿਨ-ਦਿਹਾੜੇ ਦੋਸ਼ੀ ਗੋਰੂ ਬੱਚਾ ਨੇ ਆਪਣੇ ਸਾਥੀ ਨਾਲ ਮਿਲ ਕੇ ਦੁੱਗਰੀ ਇਲਾਕੇ ਵਿਚ ਗੱਡੀ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ 'ਚ ਵਿਕਰਾਂਤ ਕੁਮਾਰ ਦੀ ਹੱਤਿਆ ਕਰ ਦਿੱਤੀ ਸੀ ਤੇ ਮੌਕੇ ਤੋਂ ਫਰਾਰ ਹੋ ਗਏ ਸਨ ਪਰ ਬਾਅਦ ਵਿਚ ਪੁਲਸ ਨੇ ਉਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ।
