ਨਿਗਮ ਵੱਲੋਂ ਸ਼ਹਿਰ ''ਚੋਂ ਖੋਖੇ ਹਟਾਉਣ ਦੇ ਮਾਮਲੇ ਕਾਰਨ ਸਥਿਤੀ ਬਣੀ ਤਣਾਅਪੂਰਨ

01/18/2018 1:55:01 AM

ਮੋਗਾ,   (ਪਵਨ ਗਰੋਵਰ, ਗੋਪੀ ਰਾਊਕੇ)-  ਇਕ ਪਾਸੇ ਜਿਥੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਮੋਗਾ ਸ਼ਹਿਰ ਦੇ ਨਾਜਾਇਜ਼ ਖੋਖਿਆਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਉਥੇ ਹੀ ਦੂਸਰੇ ਪਾਸੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਵੱਲੋਂ ਸ਼ਹਿਰ ਦੇ ਖੋਖੇ ਹਟਾਉਣ ਦੀ ਸ਼ੁਰੂ ਕੀਤੀ ਜਾਣ ਵਾਲੀ ਮੁਹਿੰਮ ਨਾਲ ਪਹਿਲਾਂ ਹੀ ਸ਼ਹਿਰ 'ਚ ਸਥਿਤੀ ਤਣਾਅਪੂਰਨ ਬਣ ਗਈ ਹੈ। ਮੋਗਾ ਸ਼ਹਿਰ ਦੇ 239 ਖੋਖਿਆਂ ਦੇ ਕਾਰੋਬਾਰੀਆਂ ਵੱਲੋਂ ਅੱਜ ਦੂਸਰੇ ਦਿਨ ਵੀ ਸਵੇਰ ਹੁੰਦਿਆਂ ਹੀ ਰੋਸ ਪ੍ਰਦਰਸ਼ਨ ਕਰ ਕੇ ਨਿਗਮ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਨਿਗਮ ਨੇ ਉਨ੍ਹਾਂ ਨੂੰ ਨਵੇਂ ਬੂਥਾਂ ਦੀ ਅਲਾਟਮੈਂਟ ਨਾ ਕੀਤੀ ਤਾਂ ਉਹ ਨਿਗਮ ਵੱਲੋਂ ਕੀਤੀ ਜਾਣ ਵਾਲੀ ਖੋਖੇ ਹਟਾਉਣ ਦੀ ਕਾਰਵਾਈ ਦਾ ਸਿੱਧੇ ਤੌਰ 'ਤੇ ਵਿਰੋਧ ਕਰਨ ਲਈ ਮਜਬੂਰ ਹੋਣਗੇ। 
ਧਰਨੇ 'ਤੇ ਬੈਠੇ ਸ਼ੇਖਰ ਸ਼ਰਮਾ, ਮਨਦੀਪ ਸਿੰਘ ਤੇ ਸੋਨੂੰ ਤੋਂ ਇਲਾਵਾ ਹੋਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਨਿਗਮ ਦੀ ਸਹਿਮਤੀ ਨਾਲ ਹੋਰ ਦੁਕਾਨਾਂ ਲੈਣ ਲਈ ਤਾਂ ਤਿਆਰ ਹਨ ਪਰ ਨਿਗਮ ਕਥਿਤ ਤੌਰ 'ਤੇ ਧੱਕੇਸ਼ਾਹੀ ਦੀ ਨੀਤੀ 'ਤੇ ਉਤਰ ਆਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਆਪਣੇ ਵਾਅਦੇ ਅਨੁਸਾਰ ਦੁਕਾਨਦਾਰਾਂ ਨੂੰ ਨਵੇਂ ਬੂਥ ਦੀ ਅਲਾਟਮੈਂਟ ਕਰਨ ਤੋਂ ਭੱਜਣ ਲੱਗਾ ਹੈ।


Related News