ਮੁੱਖ ਮੰਤਰੀ ਤੇ ਸੀਨੀਅਰ ਨੇਤਾਵਾਂ ਦੇ ਨਾ ਆਉਣ ’ਤੇ ਹਲਕਾ ਵਾਸੀ ਹੋਏ ਨਿਰਾਸ਼
Sunday, Jul 29, 2018 - 03:09 AM (IST)
ਨਾਭਾ, (ਭੁਪਿੰਦਰ ਭੂਪਾ)- ਪੰਜਾਬ ਸਰਕਾਰ ਵੱਲੋਂ ਨਾਭਾ ਵਿਖੇ ਮਨਾਇਆ ਗਿਆ 69ਵੇਂ ਵਣ ਮਹਾਉਤਸਵ ਸਬੰਧੀ ਸੂਬਾ ਪੱਧਰੀ ਸਮਾਰੋਹ ਉਸ ਸਮੇਂ ਚਰਚਾ ਵਿਚ ਆ ਗਿਆ ਜਦੋਂ ਮੁੱਖ ਮੰਤਰੀ ਸਮੇਤ ਕਈ ਹੋਰ ਮੰਤਰੀਆਂ ਨੇ ਸਮਾਰੋਹ ਵਿਚ ਹਾਜ਼ਰੀ ਨਾ ਲਵਾਈ। ਜ਼ਿਕਰਯੋਗ ਹੈ ਕਿ ਰਿਜ਼ਰਵ ਹਲਕਾ ਨਾਭਾ ਵਿਖੇ ਸੂਬਾ ਪੱਧਰੀ ਸਮਾਰੋਹ ਰੱਖਣ ਨਾਲ ਇਲਾਕਾ ਵਾਸੀਆਂ ਅਤੇ ਕਾਂਗਰਸੀਆਂ ਵਿਚ ਆਸ਼ਾ ਦੀ ਕਿਰਨ ਜਾਗੀ ਸੀ ਕਿ ਮੁੱਖ ਮੰਤਰੀ ਦੀ ਆਮਦ ’ਤੇ ਪਿਛਲੇ ਦਸ ਸਾਲਾਂ ਤੋਂ ਵਿਕਾਸ ਲਈ ਤਰਸਦੇ ਰਿਜ਼ਰਵ ਹਲਕੇ ਨੂੰ ਕੁੱਝ ਮਿਲੇਗਾ ਪਰੰਤੂ ਅਜਿਹਾ ਹੋ ਨਾ ਸਕਿਆ। ਧਿਆਨਯੋਗ ਹੈ ਕਿ ਪ੍ਰਸ਼ਾਸਨਿਕ ਪੱਧਰ ’ਤੇ ਜਾਰੀ ਕੀਤੀ ਵੀ. ਆਈ. ਪੀਜ਼ ਦੀ ਲਿਸਟ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਰਜ਼ੀਆ ਸੁਲਤਾਨਾ, ਲਾਲ ਸਿੰਘ ਕੈਬਨਿਟ ਰੈਂਕ ਸਮੇਤ ਅੱਧੀ ਦਰਜਨ ਇੰਕਾ ਵਿਧਾਇਕਾਂ ਸਮੇਤ ਹਲਕੇ ਦੇ ਟਕਸਾਲੀ ਕਾਂਗਰਸੀਆਂ ਨੇ ਸਮਾਰੋਹ ਤੋਂ ਦੂਰੀ ਬਣਾਈ ਰੱਖੀ। ਸਮਾਰੋਹ ਦੇ ਅੰਤ ਵਿਚ ਜੰਗਲਾਤ ਵਿਭਾਗ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਨਿਭਾਈ ਵਧੀਆ ਕਾਰਗੁਜ਼ਾਰੀ ਲਈ ਸਨਮਾਨਤ ਕੀਤਾ ਜਾ ਰਿਹਾ ਸੀ ਜਦਕਿ ਇਸੇ ਮੌਕੇ ਸੀਨੀਅਰ ਕਾਂਗਰਸੀ ਅਤੇ ਕੌਂਸਲਰ ਸਮਾਰੋਹ ਤੋਂ ਖਿਸਕਦੇ ਰਹੇ। ਸਮਾਰੋਹ ਵਿਚ ਮੁੱਖ ਮੰਤਰੀ ਦੀ ਆਮਦ ਨਾ ਹੋਣ ਦੇ ਕਾਰਨ ਸੰਬੰਧੀ ਸਟੇਜ ਤੋਂ ਕੈਬਨਿਟ ਮੰਤਰੀ ਧਰਮਸੌਤ ਨੇ ਮੌਸਮ ਖਰਾਬ ਹੋਣ ’ਤੇ ਹੈਲੀਕਾਪਟਰ ਦੀ ਉਡਾਨ ਨਾ ਭਰੇ ਜਾਣ ਦਾ ਸਪੱਸ਼ਟੀਕਰਨ ਦਿੱਤਾ ਜਦਕਿ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਬਾਕੀ ਮੰਤਰੀਆਂ ਅਤੇ ਵਿਧਾਇਕਾਂ ਦੀ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਬਣ ਗਈ, ਜਿਸ ਨਾਲ ਹਲਕਾ ਵਾਸੀਆਂ ਤੇ ਕਾਂਗਰਸੀਆਂ ਵਿਚਕਾਰ ਨਿਰਾਸ਼ਾ ਦੀ ਲਹਿਰ ਦੌਡ਼ ਗਈ ਹੈ।
ਸਮਾਰੋਹ ਦੌਰਾਨ ਵਰਤੀਆਂ ਗਈਅਾਂ ਕਈ ਉਣਤਾਈਆਂ ਸਾਹਮਣੇ ਆਈਅਾਂ, ਜਿੱਥੇ ਆਮ ਇਨਸਾਨ ਨੂੰ ਦੋ ਵਕਤ ਦੀ ਰੋਟੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ ਉਥੇ ਹੀ ਸਰਕਾਰੀ ਸਮਾਰੋਹਾਂ ਵਿਚ ਵਧਦੀ ਜਾ ਰਹੀ ਲੰਗਰਾਂ ਦੀ ਦੁਰਦਸ਼ਾ ਸਵਾਲੀਆ ਨਿਸ਼ਾਨ ਹੋਣ ਲੱਗ ਪਏ ਹਨ। ਇਸੇ ਕ੍ਰਮ ਅਨੁਸਾਰ ਅੱਜ ਰਿਜਰਵ ਹਲਕਾ ਨਾਭਾ ਵਿਖੇ ਮਨਾਏ ਵਣ ਮਹਾਉਤਸਵ ਸਮਾਰੋਹ ਦੌਰਾਨ ਵੰਡੇ ਬੂਟੇ ਤੇ ਜਨਤਾ ਲਈ ਬਣਾਇਆ ਲੰਗਰ ਸਮਾਰੋਹ ਤੋਂ ਬਾਅਦ ਰੁੱਲਦੇ ਨਜ਼ਰ ਆਏ। ਸਮਾਰੋਹ ਸਮਾਪਤ ਹੋਣ ਸਾਰ ਕਿਸੇ ਨੇ ਕਾਂਗਰਸੀ ਆਗੂ ਨੇ ਪੰਡਾਲ ਦੀ ਸਾਰ ਲੈਣ ਦੀ ਜ਼ਿੰਮੇਵਾਰੀ ਨਹੀਂ ਚੁੱਕੀ, ਜਿਸ ਕਾਰਨ ਮੌਕੇ ’ਤੇ ਫੈਲੀ ਗੰਦਗੀ ਦੇ ਦ੍ਰਿਸ਼ ਅਤੇ ਲੰਗਰ ਦੀ ਬੇਅਦਬੀ ਨੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਦੀ ਮਲੋਟ ਵਿਚ ਹੋਈ ਰੈਲੀ ਦੀ ਯਾਦ ਦਿਵਾ ਦਿੱਤੀ। ਇਹੀ ਨਹੀਂ ਬਲਕਿ ਮਨਾਏ ਗਏ ਸੂਬਾ ਪੱਧਰੀ ਵਣ ਮਹਾਉਤਸਵ ਮੌਕੇ ਸ਼ੁੱਧ ਵਾਤਾਵਰਣ ਦੇ ਨਾਂ ’ਤੇ ਵੰਡੇ ਬੂਟਿਆਂ ਨੂੰ ਲੋਕ ਸਮਾਰੋਹ ਵਾਲੀ ਥਾਂ ’ਤੇ ਹੀ ਸੁੱਟ ਗਏ ਅਤੇ ਲੰਗਰ ਦੀਆਂ ਰੋਟੀਆਂ, ਸ਼ਬਜ਼ੀਆਂ ਅਤੇ ਪੀਣ ਵਾਲੇ ਪਾਣੀ ਦੇ ਪਲਾਸਟਿਕ ਦੇ ਗਲਾਸ ਥਾਂ-ਥਾਂ ਖਿੱਲਰੇ ਪਏ ਰਹੇ। ਇਸ ਮੌਕੇ ਕਈ ਬੁੱਧੀਜੀਵੀਆਂ ਨੇ ਕਿਹਾ ਕਿ ਜੇਕਰ ਇਹ ਲੰਗਰ ਗਰੀਬ ਪਰਿਵਾਰਾਂ ਦੇ ਮੂੰਹ ਵਿਚ ਪੈ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ ਅਤੇ ਜ਼ਰੂਰਤਮੰਦ ਲੋਕਾਂ ਨੂੰ ਬੂਟੇ ਮਿਲਣ ਨਾਲ ਇਹ ਬੂਟੇ ਵੀ ਜੀਵਨ ਪ੍ਰਾਪਤ ਕਰ ਸਕਦੇ ਸਨ ਪਰੰਤੂ ਅਜਿਹਾ ਹੋ ਨਾ ਸਕਿਆ।
ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਜਾਰੀ ਕੀਤਾ ਪ੍ਰੈੱਸ ਨੋਟ
ਸਮਾਰੋਹ ਦੌਰਾਨ ਕਮਾਲ ਦੀ ਗੱਲ ਇਹ ਰਹੀ ਕਿ ਜ਼ਿਲਾ ਲੋਕ ਸੰਪਰਕ ਵਿਭਾਗ ਨੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਪ੍ਰੈੱਸ ਨੋਟ ਜਾਰੀ ਕਰ ਦਿੱਤਾ ਤੇ ਪੱਤਰਕਾਰਾਂ ਵਿਚ ਵੰਡ ਵੀ ਦਿੱਤਾ। ਜਾਰੀ ਕੀਤੇ ਪ੍ਰੈੱਸ ਨੋਟ ਅਨੁਸਾਰ ਨਾਭਾ ਵਿਖੇ ਨੇਚਰ ਪਾਰਕ ਦੇ ਦੂਜੇ ਚਰਨ ਦੇ ਵਿਕਾਸ ਲਈ ਮੁੱਖ ਮੰਤਰੀ ਨੇ ਨਿੰਮ ਦਾ ਪੌਦਾ ਲਾ ਦਿੱਤਾ ਜਦਕਿ ਮੁੱਖ ਮੰਤਰੀ ਖਰਾਬ ਮੌਸਮ ਕਾਰਨ ਸਮਾਰੋਹ ਵਿਚ ਸ਼ਾਮਲ ਹੀ ਨਹੀ ਹੋ ਸਕੇ, ਜਿਸ ਕਾਰਨ ਇਹ ਕਾਰਜ ਕੈਬਨਿਟ ਮੰਤਰੀ ਧਰਮਸੌਤ ਨੇ ਸਿਰੇ ਚਾੜ੍ਹਿਅਾ ਅਤੇ ਪੌਦਾ ਲਾ ਕੇ ਇਸ ਪਾਰਕ ਦੇ ਵਿਕਾਸ ਦੇ ਦੂਜੇ ਚਰਨ ਦਾ ਨੀਂਹ ਪੱਥਰ ਰੱਖਿਆ।
