ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਲਿਆ ਫਾਹਾ
Monday, Feb 19, 2018 - 06:48 AM (IST)

ਬਠਿੰਡਾ, (ਪਰਮਿੰਦਰ)- ਜ਼ਿਲੇ ਵਿਚ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਐਤਵਾਰ ਨੂੰ ਸਵੇਰੇ ਅਰਜੁਨ ਨਗਰ ਵਿਚ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਲਛਮਣ (19) ਦੇ ਮਾਤਾ-ਪਿਤਾ ਨਹੀਂ ਸਨ। ਉਹ ਆਪਣੀ ਮਾਸੀ ਦੇ ਕੋਲ ਅਰਜੁਨ ਨਗਰ ਵਿਚ ਰਹਿ ਰਿਹਾ ਸੀ। ਮ੍ਰਿਤਕ ਖੋਤਾ-ਰੇਹੜੀ ਚਲਾ ਕੇ ਗੁਜ਼ਾਰਾ ਕਰਦਾ ਸੀ। ਪਰਿਵਾਰਿਕ ਮੈਂਬਰਾਂ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸ ਪ੍ਰੇਸ਼ਾਨੀ ਕਾਰਨ ਉਸ ਨੇ ਘਰ ਦੇ ਨੇੜੇ ਹੀ ਇਕ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ ਅਤੇ ਥਾਣਾ ਕੈਨਾਲ ਕਾਲੋਨੀ ਪੁਲਸ ਦੀ ਟੀਮ ਨੇ ਵੀ ਮੌਕੇ 'ਤੇ ਪਹੁੰਚ ਕੇ ਜ਼ਰੂਰੀ ਪੜਤਾਲ ਕੀਤੀ। ਬਾਅਦ ਵਿਚ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਸ ਮਾਮਲੇ ਵਿਚ ਅਗਲੀ ਕਾਰਵਾਈ ਕਰ ਰਹੀ ਹੈ।