ਦਾਣਾ ਮੰਡੀ ਸਰਾਏ ਅਮਾਨਤ ਖਾਂ ਵਿਖੇ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਏ ਪ੍ਰੇਸ਼ਾਨ

Monday, Apr 30, 2018 - 05:54 AM (IST)

ਦਾਣਾ ਮੰਡੀ ਸਰਾਏ ਅਮਾਨਤ ਖਾਂ ਵਿਖੇ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਏ ਪ੍ਰੇਸ਼ਾਨ

ਬੀੜ ਸਾਹਿਬ/ਝਬਾਲ,  (ਬਖਤਾਵਰ)-  ਪੰਜਾਬ ਸਰਕਾਰ ਵੱਲੋਂ ਭਾਵੇਂ ਕਿੰਨੇ ਹੀ ਦਾਅਵੇ ਕੀਤੇ ਜਾ ਰਹੇ ਹਨ ਕਿ ਮੰਡੀਆਂ 'ਚੋਂ ਕਣਕ ਦੀ ਲਿਫਟਿੰਗ 'ਚ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ ਪਰ ਸਰਹੱਦੀ ਖੇਤਰ ਸਰਾਏ ਅਮਾਨਤ ਖਾਂ ਦੀ ਦਾਣਾ ਮੰਡੀ ਵਿਖੇ ਲਿਫਟਿੰਗ ਦਾ ਕੰਮ ਬੜੀ ਹੌਲੀ ਗਤੀ ਨਾਲ ਚੱਲ ਰਿਹਾ ਹੈ ਅਤੇ ਟਰਾਂਸਪੋਰਟਰਾਂ ਦੇ ਠੇਕੇਦਾਰਾਂ ਕੋਲ ਗੱਡੀਆਂ ਦੀ ਘਾਟ ਹੋਣ ਕਾਰਨ ਆੜ੍ਹਤੀਆਂ ਨੂੰ ਆਪਣੇ ਸਾਧਨਾਂ ਰਾਹੀਂ ਕਣਕ ਦੀ ਲਦਾਈ ਕਰ ਕੇ ਭੇਜੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਆੜ੍ਹਤੀ ਗੁਰਬਿੰਦਰ ਸਿੰਘ, ਜੰਗਸ਼ੇਰ ਸਿੰਘ, ਬਗੀਚਾ ਸਿੰਘ, ਸਰਵਣ ਸਿੰਘ, ਪ੍ਰਸ਼ੋਤਮ ਸਿੰਘ, ਦਵਿੰਦਰ ਸਿੰਘ ਬੁਰਜ, ਅਮਨਪ੍ਰੀਤ ਸਿੰਘ, ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੇਬਰ ਵੀ ਡਬਲ ਦੇ ਕੇ ਆਪਣੀ ਖਰੀਦੀ ਹੋਈ ਕਣਕ ਗੋਦਾਮਾਂ 'ਚ ਭੇਜਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਲਿਫਟਿੰਗ ਦੀ ਹੌਲੀ ਰਫਤਾਰ ਹੋਣ ਕਰ ਕੇ ਮੰਡੀ 'ਚ ਕਣਕ ਦੀਆਂ ਬੋਰੀਆਂ ਦੀਆਂ ਵੱਡੀਆਂ-ਵੱਡੀਆਂ ਧਾਂਕਾਂ ਮੰਡੀ 'ਚ ਲੱਗ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਖਤਰਾ ਬਣਿਆ ਹੋਇਆ ਹੈ ਕਿ ਜੇ ਬਰਸਾਤ ਹੋ ਗਈ ਤਾਂ 6 ਮਹੀਨਿਆਂ ਦੀ ਮਿਹਨਤ 'ਤੇ ਪਾਣੀ ਫਿਰ ਜਾਵੇਗਾ। ਆੜ੍ਹਤੀਆਂ ਨੇ ਦੱਸਿਆ ਕਿ ਠੇਕੇਦਾਰ ਕੋਲ ਗੱਡੀਆਂ ਦਾ ਪ੍ਰਬੰਧ ਘੱਟ ਹੋਣ ਕਾਰਨ ਸਾਰੇ ਆੜ੍ਹਤੀਆਂ ਨੂੰ ਆਪਣੇ ਟਰੈਕਟਰ ਟਰਾਲੀਆਂ ਲਾ ਕੇ ਮਾਲ ਚੁੱਕਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਪਿਛਲੇ ਸਾਲ ਦੇ ਝੋਨੇ ਦਾ ਕਿਰਾਇਆ ਨਹੀਂ ਮਿਲਿਆ, ਹੁਣ ਕਣਕ ਦਾ ਕਿਰਾਇਆ ਵੀ ਪਤਾ ਨਹੀਂ ਕਦੋਂ ਮਿਲਣਾ ਹੈ। ਮੰਡੀ 'ਚ ਪਈ ਹੋਈ ਕਣਕ ਦੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆਪ ਰਾਖੀ ਕਰਨੀ ਪੈ ਰਹੀ ਹੈ ਕਿਉਂਕਿ ਰੋਜ਼ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੰਡੀ 'ਚੋਂ ਚੋਰੀ ਬੋਰੀਆਂ ਚੁੱਕ ਲਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਹੀ ਤਿੰਨ ਵਿਅਕਤੀਆਂ ਵੱਲੋਂ ਬੋਰੀਆਂ ਚੁੱਕਣ ਦੀ ਘਟਨਾ ਵਾਪਰੀ, ਜੋ ਰੌਲਾ ਪੈਣ ਮਗਰੋਂ ਸ਼ਰਾਰਤੀ ਅਨਸਰ ਆਪਣਾ ਮੋਟਰਸਾਈਕਲ ਇਥੇ ਛੱਡ ਕੇ ਭੱਜ ਗਏ, ਜਿਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਚੋਰਾਂ ਦਾ ਮੋਟਰਸਾਈਕਲ ਵੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਆੜ੍ਹਤੀਆਂ ਨੇ ਡੀ. ਸੀ. ਤਰਨਤਾਰਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਮੰਡੀ 'ਚ ਆਈ ਕਣਕ ਦੀ ਛੇਤੀ ਤੋਂ ਛੇਤੀ ਲਿਫਟਿੰਗ ਕਰਵਾਈ ਜਾਵੇ ਤਾਂ ਜੋ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।


Related News