ਨਵਾਂਸ਼ਹਿਰ ਰੋਡਵੇਜ਼ ਡਿਪੂ ’ਚ ਡਰਾਈਵਰਾਂ ਦੀ ਘਾਟ ਕਾਰਨ 50 ਤੋਂ ਵਧੇਰੇ ਬੱਸਾਂ ਨੂੰ ਵਰਕਸ਼ਾਪ ’ਤੇ ਲੱਗ ਰਿਹਾ ਜੰਗ
Saturday, Sep 24, 2022 - 04:25 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਪੰਜਾਬ ਵਿਚ ਦਹਾਕਿਆਂ ਤੋਂ ਕਾਬਿਜ਼ ਰਹੀ ਅਕਾਲੀ ਸਰਕਾਰ ਅਤੇ 2 ਵੱਖ-ਵੱਖ ਮੁੱਖ ਮੰਤਰੀਆਂ ਦੇ ਅਧੀਨ 5 ਸਾਲ ਰਾਜਭਾਗ ਭੋਗਣ ਵਾਲੀ ਕਾਂਗਰਸ ਸਰਕਾਰ ਤੋਂ ਬਾਅਦ ਪੰਜਾਬ ’ਚ ਪਹਿਲੀ ਵਾਰ ਲੋਕਾਂ ਦੀਆਂ ਆਸਾਂ ਦਾ ਬੋਝਾ ਲੈ ਕੇ ਕਾਬਿਜ਼ ਹੋਈ ਭਗਵੰਤ ਮਾਨ ਦੀ ਆਮ ਆਦਮੀ ਦੀ ਸਰਕਾਰ ਦੇ ਬਾਵਜੂਦ ਵੀ ਪੰਜਾਬ ਰੋਡਵੇਜ਼ ਨਵਾਂਸ਼ਹਿਰ ਦੀ ਤਸਵੀਰ ਨਹੀਂ ਬਦਲ ਰਹੀ ਸਕੀ।
ਸਰਕਾਰ ਦੀ ਟਰਾਂਸਪੋਰਟ ਨੀਤੀਆਂ ਦੇ ਚਲਦੇ ਜਿੱਥੇ ਪਬਲਿਕ ਟਰਾਂਪੋਰਟ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ ਤਾਂ ਉੱਥੇ ਹੀ ਇਸਦਾ ਖਾਮਿਆਜ਼ਾ ਆਮ ਲੋਕਾਂ ਨੂੰ ਵੀ ਭੁਗਤਨਾ ਪੈ ਰਿਹਾ ਹੈ। ਨਵਾਂਸ਼ਹਿਰ ਪੰਜਾਬ ਰੋਡਵੇਜ਼ ਦਾ ਵਿਹੜਾ ਜੋ ਕਦੇ 150 ਬੱਸਾਂ ਦੇ ਕਰੀਬ ਸੀ ਹੁਣ ਜਿੱਥੇ 105 ਤਕ ਪਹੁੰਚ ਗਿਆ ਹੈ ਤਾਂ ਉੱਥੇ ਹੀ ਉਨ੍ਹਾਂ ’ਚੋਂ ਵੀ ਅੱਧੀਆਂ ਤੋਂ ਜ਼ਿਆਦਾ ਬੱਸਾਂ ਸਟਾਫ ਦੀ ਘਾਟ ਕਾਰਨ ਵਰਕਸ਼ਾਪ ’ਚ ਸ਼ੋਭਾ ਬਣ ਦੇ ਰਹਿ ਗਈਆਂ ਹਨ।
ਸਟਾਫ਼ ਦੀ ਘਾਟ ਦੇ ਚਲਦੇ ਦਰਜਨ ਰੂਟ ਪਏ ਹਨ ਬੰਦ
ਨਵਾਂਸ਼ਹਿਰ ਰੋਡਵੇਜ਼ ਡਿਪੂ ਵਿਖੇ ਪਨਬੱਸ ਦੀ ਇਕ ਵਾਲਵੋ ਅਤੇ 4 ਮਿੰਨੀ ਬੱਸਾਂ ਸਮੇਤ ਕੁੱਲ 105 ਬੱਸਾਂ ਹਨ ਜਦਕਿ ਪਹਿਲਾਂ ਰੋਡਵੇਜ਼ ਦੇ ਵਿਹੜੇ ’ਚ 150 ਬੱਸਾਂ ਸ਼ਾਮਲ ਸਨ, ਜੋ ਕਿ ਹੁਣ ਘੱਟ ਕੇ 105 ਰਹਿ ਗਈ ਹੈ। ਉਨ੍ਹਾਂ ’ਚੋਂ ਵੀ ਅੱਧੇ ਤੋਂ ਵੱਧ ਸਟਾਫ ਨਾ ਹੋਣ ਦੇ ਚਲਦੇ ਬੰਦ ਪਈਆਂ ਹਨ। ਇਹੋ ਕਾਰਨ ਹੈ ਕਿ ਚਿੰਤਪੂਰਨੀ, ਜਵਾਲਾ ਜੀ ਤੋਂ ਇਲਾਵਾ ਹੋਰ ਕਈ ਦੂਰ-ਦਰਾਜ ਦੇ ਰੂਟਾਂ ਸਮੇਤ ਧਾਰਮਿਕ ਅਸਥਾਨਾਂ ਤੋਂ ਇਲਾਵਾ ਸ਼ਿਮਲਾ-ਜੰਮੂ, ਹੁਸ਼ਿਆਰਪੁਰ, ਲੁਧਿਆਣਾ, ਚੰਡੀਗੜ੍ਹ ਵਰਗੇ ਮੁਨਾਫ਼ੇ ਦੇ ਕਰੀਬ 3 ਦਰਜਨ ਤੋਂ ਵੱਧ ਰੂਟ ਬੰਦ ਪਏ ਹਨ ਜਿਸ ਨਾਲ ਨਾ ਕੇਵਲ ਸਰਕਾਰ ਦੀ ਆਮਦਨ ਪ੍ਰਭਾਵਿਤ ਹੋ ਰਹੀ ਹੈ, ਸਗੋਂ ਸਵਾਰੀਆਂ ਨੂੰ ਵੀ ਨਿੱਜੀ ਟਰਾਂਸਪੋਰਟ ਵਿਚ ਯਾਤਰਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਦਕਿ ਰੋਡਵੇਜ਼ ਦੇ ਡਿਪੂ ’ਚ ਕਰੋਡ਼ਾਂ ਰੁਪਏ ਦੀਆਂ ਬੱਸਾਂ ਨੂੰ ਰੂਟ ’ਤੇ ਨਾ ਭੇਜਣ ਕਾਰਨ ਜੰਗ ਲਗ ਰਿਹਾ ਹੈ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਜੋੜਾ ਘਰ ਨੇੜੇ ਗੈਂਗਵਾਰ, ਆਪਸ ’ਚ ਭਿੜੇ ਨੌਜਵਾਨ
78 ਡਰਾਈਵਰਾਂ ’ਚੋਂ 5 ਸਸਪੈਂਡ ਚੱਲ ਰਹੇ ਹਨ
ਨਵਾਂਸ਼ਹਿਰ ਰੋਡਵੇਜ਼ ਡਿਪੂ ਜਿੱਥੇ ਬੱਸਾਂ ਦਾ ਵਿਹੜਾ ਪੂਰਾ ਨਾ ਹੋਣ ਦਾ ਸੰਤਾਪ ਹੰਢਾ ਰਿਹਾ ਹੈ, ਤਾਂ ਉੱਥੇ ਹੀ ਜ਼ਰੂਰੀ ਸਟਾਫ ਨਾ ਹੋਣ ਦੇ ਚਲਦੇ ਅੱਧੇ ਤੋਂ ਵੱਧ ਬੱਸਾਂ ਦੇ ਰੂਟ ਬੰਦ ਪਏ ਹਨ। ਜਿਸ ਨਾਲ ਸਵਾਰੀਆਂ ਨੂੰ ਮੁਸ਼ਕਿਲ ਹੋ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਨਬੱਸ ਅਤੇ ਰੋਡਵੇਜ਼ ਦੀਆਂ ਬੱਸਾਂ ਲਈ ਡਿਪੂ ਕੋਲ ਕੁੱਲ 78 ਡਰਾਈਵਰ ਮੌਜੂਦ ਸਨ, ਜਿਨ੍ਹਾਂ ’ਚੋਂ 5 ਸਸਪੈਂਡ ਚੱਲ ਰਹੇ ਹਨ। ਇਸੇ ਤਰ੍ਹਾਂ ਕੁੱਲ 90 ਕੰਡਕਟਰਾਂ ’ਚੋਂ 7 ਸਸਪੈਂਡ ਚੱਲ ਰਹੇ ਹਨ। ਉਕਤ ਮੁਲਾਜ਼ਮਾਂ ’ਚੋਂ ਕਈ ਮੁਲਾਜ਼ਮਾਂ ਨੂੰ ਰੂਟ ’ਤੇ ਭੇਜਣ ਦੀ ਥਾਂ ’ਤੇ ਜਨਰਲ ਡਿਊਟੀ ’ਤੇ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਹੋ ਕਾਰਨ ਹੈ ਕਿ ਨਵਾਂਸ਼ਹਿਰ ਡਿਪੂ ਕੋਲ ਬੱਸਾਂ ਉਪਲਬਧ ਹੋਣ ਦੇ ਬਾਵਜੂਦ 3 ਦਰਜਨ ਤੋਂ ਵੱਧ ਬੱਸਾਂ ਸਡ਼ਕਾਂ ’ਤੇ ਨਹੀਂ ਉਤਰ ਪਾ ਰਹੀਆਂ ਹਨ।
ਵਰਕਸ਼ਾਪ ਦੀ ਅਣਗਹਿਲੀ ਨਾਲ ਵਾਪਰ ਸਕਦੈ ਕੋਈ ਵੱਡਾ ਹਾਦਸਾ
ਨਵਾਂਸ਼ਹਿਰ ਰੋਡਵੇਜ਼ ਡਿਪੂ ਕੇਵਲ ਡਰਾਈਵਰ-ਕੰਡਕਟਰਾਂ ਦੀ ਘਾਟ ਦਾ ਸੰਤਾਪ ਹੀ ਨਹੀਂ ਝੱਲ ਰਿਹਾ, ਸਗੋਂ ਬੱਸਾਂ ਦੀ ਮੈਂਟੀਨੈਂਸ ਨੂੰ ਬਰਰਕਾਰ ਰੱਖਣ ਲਈ ਲਾਜ਼ਮੀ ਵਰਕਸ਼ਾਪ ਸਟਾਫ ਦੀ ਘਾਟ ਵੀ ਝੱਲ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਰਕਸ਼ਾਪ ’ਚ ਕੇਵਲ ਦਰਜਨ ਭਰ ਤੋਂ ਵੱਧ ਮੁਲਾਜ਼ਮ ਮੌਜੂਦ ਹਨ, ਜਦਕਿ ਪੋਸਟਾਂ ਲਈ ਲਾਜ਼ਮੀ ਕਰੀਬ 90 ਮੁਲਾਜ਼ਮਾਂ ਦੀ ਘਾਟ ਬਣੀ ਹੈ।
ਵਰਕਸ਼ਾਪ ’ਚ ਬੱਸਾਂ ਦੀ ਰਿਪੇਅਰ ਲਈ ਘੱਟ ਤੋਂ ਘੱਟ 8 ਮਕੈਨਿਕਾਂ ਦੀ ਲੋੜ ਹੈ, ਜਦਕਿ ਕੰਮ ਕੇਵਲ 5 ਕਰ ਰਹੇ ਹਨ। ਇਲੈਕਟ੍ਰੀਸ਼ੀਅਨ ਦੀਆਂ 3 ਪੋਸਟਾਂ ’ਚੋਂ ਕੇਵਲ 1 ਕੰਮ ਕਰ ਰਿਹਾ ਹੈ, ਵੈਲਡਰ-ਕਾਰਪੇਂਟਰ ਦੇ 4 ਪੋਸਟਾਂ ’ਚੋਂ ਕੇਵਲ 1 ਕੰਮ ਕਰ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਾਸ਼ਿੰਗ ਬੁਆਏ ਤਕ ਤੋਂ ਮਕੈਨਿਕ ਦਾ ਕੰਮ ਲਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਵਾਸ਼ਿੰਗ ਬੁਆਏ ਅਤੇ ਟਾਇਰ ਬਦਲਣ ਵਾਲੇ ਮੁਲਾਜ਼ਮਾਂ ਤੋਂ ਮਕੈਨਿਕ ਦਾ ਕੰਮ ਲਿਆ ਜਾ ਰਿਹਾ ਹੈ, ਜਿਸ ਨਾਲ ਬੱਸਾਂ ਦੀ ਰਿਪੇਅਰ ਵਿਚ ਹੋਣ ਵਾਲੀ ਅਣਗਹਿਲੀ ਨਾਲ ਕਿਸੇ ਵੀ ਸਮੇਤ ਵੱਡੇ ਹਾਦਸੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਤੋਂ ਜਲੰਧਰ ਲਿਆਵੇਗੀ ਪੁਲਸ, ਸ਼ਹਿਰ ’ਚ ਹਾਈ ਅਲਰਟ
ਕੀ ਕਹਿੰਦੇ ਹਨ ਰੋਡਵੇਜ਼ ਦੇ ਜਨਰਲ ਮੈਨੇਜਰ
ਜਦੋਂ ਇਸ ਸਬੰਧ ’ਚ ਰੋਡਵੇਜ਼ ਦੇ ਜਨਰਲ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਿਪੂ ਦੀਆਂ ਸਮੱਸਿਆਵਾਂ ਸਬੰਧੀ ਪੂਰੀ ਜਾਣਕਾਰੀ ਸਰਕਾਰ ਦੇ ਧਿਆਨ ’ਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੀਬ 1300 ਮੁਲਾਜ਼ਮਾਂ ਦੀ ਭਰਤੀ ਪ੍ਰਕ੍ਰਿਆ ਪੂਰੀ ਕਰ ਲਈ ਗਈ ਹੈ, ਜਿਨ੍ਹਾਂ ’ਚੋਂ ਕਰੀਬ 150 ਮੁਲਾਜ਼ਮ ਜਿਸ ਵਿਚ ਡਰਾਈਵਰ-ਕੰਡਕਟਰਾਂ ਤੋਂ ਇਲਾਵਾ ਵਰਕਸ਼ਾਪ ਲਈ ਜ਼ਰੂਰੀ ਮੁਲਾਜ਼ਮ ਵੀ ਮਿਲਣ ਵਾਲੇ ਹਨ। ਸਟਾਫ਼ ਦੀ ਉਕਤ ਘਾਟ ਨੂੰ ਪੂਰਾ ਹੁੰਦੇ ਹੀ ਬੰਦ ਪਏ ਰੂਟਾਂ ’ਤੇ ਸਰਵਿਸ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ: ਅਮਰੀਕਾ ’ਚ ਕਤਲ ਕੀਤੇ ਕਪੂਰਥਲਾ ਦੇ ਪਰਮਵੀਰ ਨੂੰ ਭੈਣ ਨੇ ਸਿਰ 'ਤੇ ਕਲਗੀ ਸਜਾ ਕੇ ਦਿੱਤੀ ਅੰਤਿਮ ਵਿਦਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ