ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਠੱਪ
Wednesday, Jan 03, 2018 - 07:54 AM (IST)
ਪਟਿਆਲਾ, (ਪ. ਪ.)- ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਮੈਡੀਕਲ ਬਿੱਲ ਦੇ ਵਿਰੋਧ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਦਿੱਤੇ ਸੱਦੇ 'ਤੇ ਅੱਜ ਪੰਜਾਬ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ, ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਤੇ ਆਈ. ਐੈੱਮ. ਏ. ਸਟੂਡੈਂਟਸ ਵਿੰਗ ਦੇ ਬੈਨਰ ਹੇਠ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ। ਇਸ ਕਾਰਨ ਜ਼ਿਲੇ ਦੇ ਸਰਕਾਰੀ ਸਿਹਤ ਹਸਪਤਾਲਾਂ ਵਿਚ ਓ. ਪੀ. ਡੀ. ਤੇ ਹੋਰ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ।
ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿੱਲ ਦੀ ਕੀਤੀ ਆਲੋਚਨਾ
ਇਸ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਪਟਿਆਲਾ ਇਕਾਈ ਦੀ ਮੀਟਿੰਗ ਸਰਕਾਰੀ ਮੈਡੀਕਲ ਕਾਲਜ ਵਿਖੇ ਡਾ. ਰਾਕੇਸ਼ ਅਰੋੜਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਡਾਕਟਰਾਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿੱਲ ਦੀ ਜ਼ੋਰਦਾਰ ਆਲੋਚਨਾ ਕੀਤੀ। ਮੀਟਿੰਗ ਵਿਚ ਡਾ. ਜਤਿੰਦਰ ਕੁਮਾਰ ਕਾਂਸਲ, ਡਾ. ਭਗਵੰਤ ਸਿੰਘ, ਡਾ. ਓ. ਪੀ. ਐੈੱਸ. ਕਾਂਡੇ, ਡਾ. ਸੁਧੀਰ ਵਰਮਾ ਤੇ ਡਾ. ਅਮਰਦੀਪ ਸਿੰਘ ਨੇ ਭਾਗ ਲਿਆ। ਉਨ੍ਹਾਂ ਬਾਅਦ ਵਿਚ ਡਿਪਟੀ ਕਮਿਸ਼ਨਰ ਦੇ ਨਾਂ ਮੰਗ-ਪੱਤਰ ਵੀ ਸੌਂਪਿਆ। ਡਾਕਟਰਾਂ ਦਾ ਕਹਿਣਾ ਸੀ ਕਿ ਤਜਵੀਜ਼ਸ਼ੁਦਾ ਬਿੱਲ ਰਾਹੀਂ ਮੈਡੀਕਲ ਕੌਂਸਲ ਆਫ ਇੰਡੀਆ ਨੂੰ ਖਤਮ ਕੀਤਾ ਜਾ ਰਿਹਾ ਹੈ।
ਮੈਡੀਕਲ ਕਿੱਤੇ ਦਾ ਪ੍ਰਬੰਧ ਚਾਰਟਰਡ ਅਕਾਊਂਟੈਂਟ, ਵਕੀਲਾਂ ਤੇ ਸਮਾਜਿਕ ਕਾਰਕੁਨਾਂ ਦੇ ਹੱਥ ਸੌਂਪਿਆ ਜਾ ਰਿਹਾ ਹੈ। ਇਹੀ ਨਹੀਂ, ਬੀ. ਏ. ਐੱਮ. ਐੈੱਸ. ਕਰਨ ਵਾਲਿਆਂ ਨੂੰ ਸਿਰਫ 6 ਮਹੀਨਿਆਂ ਦੇ ਨਿਗੂਣੇ ਕੋਰਸ ਦੇ ਬਲਬੂਤੇ ਆਧੁਨਿਕ ਮੈਡੀਸਨ ਡਾਕਟਰ ਵਜੋਂ ਰਜਿਸਟਰ ਕਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਬਿੱਲ ਮਰੀਜ਼ਾਂ ਦੀ ਸੁਰੱਖਿਆ ਨਾਲ ਸਮਝੌਤਾ ਕਰਦਾ ਹੈ। ਇਹ ਦੇਸ਼ ਵਿਚ ਆਪਣੇ ਪੇਸ਼ੇ ਨਾਲ ਸਬੰਧਤ ਡਾਕਟਰਾਂ ਨੂੰ ਵੋਟ ਦੇ ਕੇ ਆਪਣੀ ਸੰਸਥਾ ਬਣਾਉਣ ਦੇ ਅਧਿਕਾਰ ਤੋਂ ਵਾਂਝਾ ਕਰਦਾ ਹੈ।
ਸਿਹਤ ਕੇਂਦਰਾਂ 'ਚ ਓ. ਪੀ. ਡੀ. ਵੀ ਹੋਈ ਪ੍ਰਭਾਵਿਤ
ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮਾਤਾ ਕੌਸ਼ੱਲਿਆ ਹਸਪਤਾਲ ਸਮੇਤ ਸਮੁੱਚੇ ਜ਼ਿਲੇ ਦੇ ਸਿਹਤ ਕੇਂਦਰਾਂ ਵਿਚ ਅੱਜ ਡਾਕਟਰੀ ਸੇਵਾਵਾਂ ਪ੍ਰਭਾਵਿਤ ਹੋਈਆਂ। ਵੱਡੇ ਸਰਕਾਰੀ ਹਸਪਤਾਲਾਂ ਵਿਚ ਤਾਂ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਹੜਤਾਲ ਸਬੰਧੀ ਪਹਿਲਾਂ ਕੋਈ ਅਗਾਊਂ ਸੂਚਨਾ ਨਹੀਂ ਸੀ। ਮਰੀਜ਼ ਦੂਰ-ਦੁਰਾਡੇ ਤੋਂ ਚੱਲ ਕੇ ਹਸਪਤਾਲਾਂ ਵਿਚ ਪਹੁੰਚੇ ਹੋਏ ਸਨ ਜੋ ਖੱਜਲ-ਖੁਆਰ ਹੋਏ।
ਇਸ ਮੌਕੇ ਡਾ. ਵਿਕਾਸ ਗੋਇਲ, ਡਾ. ਰਾਜਿੰਦਰ ਗੋਇਲ, ਡਾ. ਸੁਧੀਰ ਸੇਠੀ, ਡਾ. ਨੀਲਮ ਗਰਗ, ਡਾ. ਵਰਿੰਦਰ ਗਰਗ, ਡਾ. ਰਚਨਾ, ਡਾ. ਪਰਮਿੰਦਰ ਸਿੰਘ, ਡਾ. ਰਮੀਤਾ, ਡਾ. ਨਵਦੀਪ ਵਾਲੀਆ, ਡਾ. ਮਨਜਿੰਦਰ ਸਿੰਘ ਮਾਨ ਅਤੇ ਡਾ. ਵਿਕਾਸ ਸ਼ਰਮਾ ਆਦਿ ਨੇ ਸ਼ਮੂਲੀਅਤ ਕੀਤੀ।
