ਮੁਲਾਜ਼ਮਾਂ ਦੇ ਡੈਪੂਟੇਸ਼ਨ ਰੱਦ ਹੋਣ ਕਾਰਨ ਸਿਹਤ ਸੇਵਾਵਾਂ ਨਹੀਂ ਹੋਣਗੀਆਂ ਪ੍ਰਭਾਵਿਤ

Wednesday, Aug 02, 2017 - 04:58 AM (IST)

ਮੁਲਾਜ਼ਮਾਂ ਦੇ ਡੈਪੂਟੇਸ਼ਨ ਰੱਦ ਹੋਣ ਕਾਰਨ ਸਿਹਤ ਸੇਵਾਵਾਂ ਨਹੀਂ ਹੋਣਗੀਆਂ ਪ੍ਰਭਾਵਿਤ

ਅੰਮ੍ਰਿਤਸਰ,  (ਦਲਜੀਤ)-  ਜ਼ਿਲੇ ਦੇ ਸਰਕਾਰੀ ਹਸਪਤਾਲਾਂ 'ਚ ਹੁਣ ਮੁਲਾਜ਼ਮਾਂ ਦੇ ਡੈਪੂਟੇਸ਼ਨ ਰੱਦ ਹੋਣ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ। ਸਿਹਤ ਵਿਭਾਗ ਵੱਲੋਂ ਲੋਕਹਿੱਤ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲਾ ਪੱਧਰੀ ਸਿਵਲ ਹਸਪਤਾਲ ਸਮੇਤ ਕਈ ਹੋਰ ਹਸਪਤਾਲਾਂ 'ਚ ਮੁਲਾਜ਼ਮਾਂ ਦੇ ਡੈਪੂਟੇਸ਼ਨ ਬਹਾਲੀ ਦੇ ਹੁਕਮ ਦੇ ਦਿੱਤੇ ਗਏ ਹਨ। ਵਿਭਾਗ ਵੱਲੋਂ ਕੀਤੇ ਉਪਰਾਲੇ ਸਦਕਾ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ।
ਜਾਣਕਾਰੀ ਅਨੁਸਾਰ ਵਿੱਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ, ਸਿਵਲ ਸਰਜਨ ਦਫਤਰਾਂ ਆਦਿ ਵਿਚ ਡੈਪੂਟੇਸ਼ਨ 'ਤੇ ਲੱਗੇ ਮੁਲਾਜ਼ਮਾਂ ਦੀਆਂ ਕਾਰਗੁਜ਼ਾਰੀ ਡਿਊਟੀਆਂ ਰੱਦ ਕਰਨ ਲਈ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਗਏ ਸਨ। ਵਿੱਤ ਵਿਭਾਗ ਨੇ ਸਪੱਸ਼ਟ ਕੀਤਾ ਸੀ ਕਿ ਜੇਕਰ ਸੰਬੰਧਿਤ ਮੁਲਾਜ਼ਮ ਡੈਪੂਟੇਸ਼ਨ ਰੱਦ ਹੋਣ ਤੋਂ ਬਾਅਦ ਆਪਣੀ ਪੱਕੀ ਪੋਸਟ ਵਾਲੀ ਜਗ੍ਹਾ 'ਤੇ ਨਾ ਗਿਆ ਤਾਂ ਅਗਸਤ ਮਹੀਨੇ ਦੀ ਤਨਖਾਹ ਮੁਲਾਜ਼ਮ ਨੂੰ ਨਹੀਂ ਦਿੱਤੀ ਜਾਵੇਗੀ। ਵਿੱਤ ਵਿਭਾਗ ਦੇ ਹੁਕਮਾਂ ਤੋਂ ਬਾਅਦ ਸਿਹਤ ਵਿਭਾਗ ਨੇ ਜ਼ਿਲੇ 'ਚ 100 ਤੋਂ ਵੱਧ ਮੁਲਾਜ਼ਮਾਂ ਦੇ ਡੈਪੂਟੇਸ਼ਨ ਰੱਦ ਕਰ ਦਿੱਤੇ ਸਨ, ਜਿਸ ਕਾਰਨ ਸਿਵਲ ਹਸਪਤਾਲ ਸਮੇਤ ਹੋਰਨਾਂ ਹਸਪਤਾਲਾਂ 'ਚ ਸਿਹਤ ਸੇਵਾਵਾਂ ਦੀ ਗੱਡੀ ਪਟੜੀ ਤੋਂ ਉਤਰ ਗਈ ਸੀ।
ਸੇਵਾਵਾਂ ਨਾ ਮਿਲਣ ਕਾਰਨ ਮਰੀਜ਼ਾਂ 'ਚ ਹਾਹਾਕਾਰ ਮਚ ਗਈ ਸੀ। ਸਿਹਤ ਵਿਭਾਗ ਦੀ ਮੁਲਾਜ਼ਮ ਵੈੱਲਫੇਅਰ ਕਮੇਟੀ ਵੱਲੋਂ ਮਰੀਜ਼ਾਂ ਨੂੰ ਹੋ ਰਹੀ ਪ੍ਰੇਸ਼ਾਨੀ ਅਤੇ ਡੈਪੂਟੇਸ਼ਨ ਰੱਦ ਹੋਣ ਕਾਰਨ ਸਿਹਤ ਸੇਵਾਵਾਂ ਦਾ ਬਾਈਕਾਟ ਕਰ ਕੇ ਹੜਤਾਲ ਕਰ ਦਿੱਤੀ ਗਈ ਸੀ। ਕਮੇਟੀ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਸਿਹਤ ਸੇਵਾਵਾਂ ਦੀ ਬਹਾਲੀ ਲਈ ਲਗਾਤਾਰ ਅਧਿਕਾਰੀਆਂ ਤੇ ਸਰਕਾਰ ਨਾਲ ਰਾਬਤਾ ਕਾਇਮ ਕਰਦੇ ਰਹੇ ਸਨ।
ਇਮਾਰਤਾਂ 'ਤੇ ਕਰੋੜਾਂ ਰੁਪਏ ਲਾਏ ਪਰ ਪੋਸਟਾਂ ਨਹੀਂ ਦਿੱਤੀਆਂ : ਸਿਹਤ ਵਿਭਾਗ ਨੇ ਕਰੋੜਾਂ ਰੁਪਏ ਖਰਚ ਕਰ ਕੇ ਹਰ ਜ਼ਿਲੇ 'ਚ ਇਮਾਰਤਾਂ ਤਾਂ ਬਣਾ ਦਿੱਤੀਆਂ ਹਨ ਪਰ ਇਨ੍ਹਾਂ ਨੂੰ ਚਲਾਉਣ ਲਈ ਹਰੇਕ ਹਸਪਤਾਲ ਵਿਚ ਪੱਕੀਆਂ ਪੋਸਟਾਂ ਨਹੀਂ ਦਿੱਤੀਆਂ। ਵਿੱਤ ਵਿਭਾਗ ਦੀ ਚਿੱਠੀ ਜਾਰੀ ਹੋਣ ਤੋਂ ਬਾਅਦ ਜ਼ਿਲਾ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਦੇ ਜ਼ਿਆਦਾਤਰ ਹਸਪਤਾਲਾਂ 'ਚ ਕੱਚੇ ਤੌਰ 'ਤੇ ਲੱਗੇ ਮੁਲਾਜ਼ਮਾਂ ਦੇ ਡੈਪੂਟੇਸ਼ਨ ਰੱਦ ਹੋ ਗਏ। ਸਰਕਾਰ ਵੱਲੋਂ ਇਮਾਰਤਾਂ ਲਈ ਪੈਸੇ ਲਾ ਦਿੱਤੇ ਗਏ ਪਰ ਹਸਪਤਾਲਾਂ 'ਚ ਪੱਕੀਆਂ ਪੋਸਟਾਂ ਨਹੀਂ ਦਿੱਤੀਆਂ।
ਸਿਵਲ ਹਸਪਤਾਲ ਦੇ ਇੰਚਾਰਜ ਦੀ ਮਿਹਨਤ ਲਿਆਈ ਰੰਗ : ਡੈਪੂਟੇਸ਼ਨ ਰੱਦ ਹੋਣ ਤੋਂ ਬਾਅਦ ਜ਼ਿਲਾ ਸਿਵਲ ਹਸਪਤਾਲ ਦੇ 45 ਤੋਂ ਵੱਧ ਮੁਲਾਜ਼ਮਾਂ ਨੂੰ ਡਿਊਟੀ ਤੋਂ ਫਾਰਗ ਕਰ ਕੇ ਪੱਕੀਆਂ ਪੋਸਟਾਂ 'ਤੇ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹਸਪਤਾਲ ਵਿਚ ਸੇਵਾਵਾਂ ਠੱਪ ਹੋ ਗਈਆਂ ਸਨ। ਹਸਪਤਾਲ ਦੇ ਇੰਚਾਰਜ ਡਾ. ਚਰਨਜੀਤ ਨੇ ਮੁਲਾਜ਼ਮਾਂ ਦੀ ਹੜਤਾਲ ਖਤਮ ਕਰਵਾ ਕੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਦੁਬਾਰਾ ਅਸਥਾਈ ਤੌਰ 'ਤੇ 25 ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਕਰਵਾ ਲਈ ਹੈ। ਹੋਰ ਸਟਾਫ ਦੀ ਡੈਪੂਟੇਸ਼ਨ ਬਹਾਲੀ ਲਈ ਡਾ. ਚਰਨਜੀਤ ਯਤਨਸ਼ੀਲ ਹਨ।
ਸਰਕਾਰ ਕਰੇ ਸਮੱਸਿਆ ਦਾ ਪੱਕਾ ਹੱਲ : ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਕਮੇਟੀ ਦੇ ਚੇਅਰਮੈਨ ਪੰਡਿਤ ਰਕੇਸ਼ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਹਰੇਕ ਹਸਪਤਾਲ 'ਚ ਪੱਕੀਆਂ ਪੋਸਟਾਂ ਦੇਣੀਆਂ ਚਾਹੀਦੀਆਂ ਹਨ। ਕੋਈ ਵੀ ਵਿਭਾਗ ਪੱਤਰ ਤਾਂ ਜਾਰੀ ਕਰ ਦਿੰਦਾ ਹੈ ਪਰ ਹੇਠਲੇ ਪੱਧਰ 'ਤੇ ਉਸ ਦੇ ਨਿਕਲਣ ਵਾਲੇ ਸਿੱਟਿਆਂ ਤੋਂ ਅਣਜਾਣ ਹੁੰਦਾ ਹੈ। ਹੁਣ ਵਿੱਤ ਵਿਭਾਗ ਦੀ ਚਿੱਠੀ ਨਾਲ ਡੈਪੂਟੇਸ਼ਨ ਰੱਦ ਹੋਣ ਕਰ ਕੇ ਹਜ਼ਾਰਾਂ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਸਰਕਾਰ ਨੂੰ ਅਧਿਕਾਰੀਆਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਕਦੇ ਵੀ ਮਰੀਜ਼ਾਂ ਨੂੰ ਮੁਸ਼ਕਿਲ ਨਾ ਆਵੇ। ਇਸ ਸਬੰਧੀ ਉਹ ਸਿਹਤ ਮੰਤਰੀ ਨੂੰ ਵੀ ਮਿਲਣ ਜਾ ਰਹੇ ਹਨ। 
ਸਿਹਤ ਸੇਵਾਵਾਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਪ੍ਰਭਾਵਿਤ : ਸਿਹਤ ਸੇਵਾਵਾਂ ਜ਼ਿਲੇ 'ਚ ਪ੍ਰਭਾਵਿਤ ਨਾ ਹੋਣ, ਇਸ ਸਬੰਧੀ ਨਵ-ਨਿਯੁਕਤ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਕਾਫੀ ਗੰਭੀਰ ਹਨ। ਅੱਜ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਸਾਰੇ ਹਸਪਤਾਲਾਂ 'ਚ ਡੈਪੂਟੇਸ਼ਨ ਰੱਦ ਹੋਣ ਕਰ ਕੇ ਪ੍ਰਭਾਵਿਤ ਹੋਈਆਂ ਸੇਵਾਵਾਂ ਦੀ ਬਹਾਲੀ ਲਈ ਦੁਬਾਰਾ ਕੱਚੇ ਤੌਰ 'ਤੇ ਮੁਲਾਜ਼ਮਾਂ ਦੀ ਤਾਇਨਾਤੀ ਕਰਨ ਲਈ ਕੰਮ ਕਰਦੇ ਰਹੇ। ਇਸ ਤੋਂ ਪਹਿਲਾਂ ਸਿਵਲ ਸਰਜਨ ਅਹੁਦੇ 'ਤੇ ਰਹੇ ਡਾ. ਪ੍ਰਦੀਪ ਚਾਵਲਾ ਨੇ ਵੀ ਕੁਝ ਥਾਵਾਂ 'ਤੇ ਕੱਚੇ ਤੌਰ 'ਤੇ ਮੁਲਾਜ਼ਮ ਭੇਜ ਦਿੱਤੇ ਸਨ।


Related News