ਦੁਬਈ ''ਚ ਫਸੇ ਹੁਸ਼ਿਆਰਪੁਰ ਦੇ 4 ਨੌਜਵਾਨ, ਵੀਡੀਓ ਭੇਜ ਮੰਗੀ ਮਦਦ
Monday, Sep 09, 2019 - 06:46 PM (IST)
![ਦੁਬਈ ''ਚ ਫਸੇ ਹੁਸ਼ਿਆਰਪੁਰ ਦੇ 4 ਨੌਜਵਾਨ, ਵੀਡੀਓ ਭੇਜ ਮੰਗੀ ਮਦਦ](https://static.jagbani.com/multimedia/2019_9image_14_42_028261268video.jpg)
ਹੁਸ਼ਿਆਰਪੁਰ (ਅਮਰੀਕ) : ਦੁਬਈ ਦੇ ਓਜ਼ਮਾਨ ਸ਼ਹਿਰ 'ਚ ਫਸੇ ਹੁਸ਼ਿਆਰਪੁਰ ਦੇ ਚਾਰ ਨੌਜਵਾਨਾਂ ਨੇ ਵੀਡੀਓ ਭੇਜ ਕੇ ਮਦਦ ਦੀ ਗੁਹਾਰ ਲਗਾਈ ਹੈ। ਓਜ਼ਮਾਨ ਬੱਸ ਸਟੈਂਡ ਨੇੜੇ ਇਕ ਮਾਰਕੀਟ 'ਚ ਕਿਰਾਏ ਦੇ ਛੋਟੇ ਜਿਹੇ ਕਮਰੇ ਵਿਚ ਰਹਿ ਰਹੇ ਜਸਵਿੰਦਰ ਸਿੰਘ ਵਾਸੀ ਗਿੱਲਾ ਟਾਂਡਾ, ਅਮਨਦੀਪ ਸਿੰਘ ਪਿੰਡ ਧੁੱਗਾ, ਸੰਨੀ ਕੁਮਾਰ ਅਤੇ ਬਲਬੀਰ ਸਿੰਘ ਵਾਸੀ ਗੜਦੀਵਾਲਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਏਜੰਟ ਨੇ ਦੁਬਈ ਵਿਚ ਚੰਗਾ ਰੁਜ਼ਗਾਰ ਦਿਵਾਉਣ ਦੀ ਗੱਲ ਆਖੀ ਸੀ ਅਤੇ ਟੂਰਿਸਟ ਵੀਜ਼ਾ ਲਗਵਾ ਕੇ ਆਖਿਆ ਕਿ ਦੁਬਈ ਜਾ ਕੇ ਵਰਕ ਪਰਮਿਟ ਮਿਲ ਜਾਵੇਗਾ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਤਾਂ ਕੰਮ ਮਿਲਿਆ ਅਤੇ ਨਾ ਹੀ ਵਰਕ ਪਰਮਿਟ ਮਿਲਿਆ। ਹੁਣ ਅਸੀਂ ਇਕ ਛੋਟੇ ਜਿਹੇ ਕਮਰੇ ਵਿਚ ਹੋਰ 10 ਲੋਕਾਂ ਨਾਲ ਭੁੱਖੇ-ਪਿਆਸੇ ਰਹਿਣ ਨੂੰ ਮਜਬੂਰ ਹਾਂ।
ਨੌਜਵਾਨਾਂ ਨੇ ਆਖਿਆ ਕਿ ਏਜੰਟ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਹੈ ਅਤੇ ਵੀਜ਼ਾ ਖਤਮ ਹੋਣ ਕਾਰਨ ਉਨ੍ਹਾਂ ਨੂੰ 4200 ਦਿਰਾਮ ਦਾ ਜੁਰਮਾਨਾ ਲੱਗ ਚੁੱਕਾ ਹੈ। ਜਦਕਿ ਏਜੰਟ ਨੇ ਹੁਣ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ। ਨੌਜਵਾਨਾਂ ਨੇ ਕਿਹਾ ਕਿ ਭੁੱਖੇ ਰਹਿਣ ਕਾਰਨ ਉਨ੍ਹਾਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਦੂਜੇ ਪਾਸੇ ਦੁਬਈ 'ਚ ਫਸੇ ਜਸਵਿੰਦਰ ਸਿੰਘ ਦੀ ਪਤਨੀ ਨੇ ਕਿਹਾ ਕਿ ਵਰਕ ਪਰਮਿਟ ਅਤੇ ਕੰਮ ਨਾ ਮਿਲਣ ਕਾਰਨ ਉਹ ਇਧਰੋਂ ਪਤੀ ਨੂੰ ਪੈਸੇ ਭੇਜ ਰਹੇ ਹਨ। ਜਦੋਂ ਅਸੀਂ ਏਜੰਟ ਨਾਲ ਗੱਲ ਕੀਤੀ ਉਸ ਨੇ ਕਿਹਾ ਕਿ ਉਹ ਸਭ ਠੀਕ ਕਰ ਦੇਵੇਗਾ ਪਰ ਹੁਣ ਏਜੰਟ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ।