ਜੈਤੋਂ : ਕਨਪੱਟੀ ''ਤੇ ਪਿਸਤੌਲ ਰੱਖ ਡੀ. ਐੱਸ. ਪੀ. ਨੇ ਖੁਦ ਦਬਾਇਆ ਸੀ ਟ੍ਰਿਗਰ

Tuesday, Jan 30, 2018 - 08:44 AM (IST)

ਜੈਤੋਂ : ਕਨਪੱਟੀ ''ਤੇ ਪਿਸਤੌਲ ਰੱਖ ਡੀ. ਐੱਸ. ਪੀ. ਨੇ ਖੁਦ ਦਬਾਇਆ ਸੀ ਟ੍ਰਿਗਰ

ਜੈਤੋਂ : ਪੰਜਾਬ ਯੂਨੀਵਰਸਿਟੀ ਕੈਂਪਸ ਕਾਲਜ ਜੈਤੋਂ 'ਚ ਸੋਮਵਾਰ ਨੂੰ ਪੁਲਸ ਖਿਲਾਫ ਧਰਨਾ ਦੇ ਰਹੇ ਵਿਦਿਆਰਥੀਆਂ ਦੇ ਦੋਸ਼ਾਂ ਤੋਂ ਤੰਗ ਆ ਕੇ ਡੀ. ਐੱਸ. ਪੀ. ਬਲਜਿੰਦਰ ਸਿੰਘ ਸਿੱਧੂ ਨੇ ਖੁਦ ਹੀ ਆਪਣੀ ਕਨਪੱਟੀ 'ਤੇ ਪਿਸਤੌਲ ਰੱਖੀ ਸੀ ਅਤੇ ਫਿਰ ਟ੍ਰਿਗਰ ਦਬਾ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਗੋਲੀ ਉਨ੍ਹਾਂ ਦੀ ਕਨਪੱਟੀ ਨੂੰ ਚੀਰਦੀ ਹੋਈ ਨਾਲ ਖੜ੍ਹੇ ਸੀ. ਆਈ. ਏ. ਇੰਚਾਰਜ ਦੇ ਗੰਨਮੈਨ ਲਾਲ ਸਿੰਘ ਦੀਆਂ ਅੱਖਾਂ ਨੂੰ ਛੂੰਹਦੀ ਹੋਈ ਨਿਕਲ ਗਈ, ਜਿਸ ਕਾਰਨ ਉਹ ਵੀ ਗੰਭੀਰ ਜ਼ਖਮੀ ਹੋ ਗਿਆ। ਪਹਿਲਾਂ ਇਹ ਖਬਰ ਆ ਰਹੀ ਸੀ ਕਿ ਡੀ. ਐੱਸ. ਪੀ. ਨੂੰ ਪ੍ਰਦਰਸ਼ਨਕਾਰੀਆਂ 'ਚੋਂ ਕਿਸੇ ਨੇ ਗੋਲੀ ਮਾਰੀ ਹੈ। ਫਿਲਹਾਲ ਇਸ ਮਾਮਲੇ 'ਚ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਹ ਵਿਵਾਦ ਥਾਣਾ ਜੈਤੋਂ ਦੇ ਐੱਸ. ਐੱਚ. ਓ. ਕਾਰਨ ਭੜਕਿਆ ਸੀ। ਬੀਤੀ 12 ਜਨਵਰੀ ਨੂੰ ਐੱਸ. ਐੱਚ. ਓ. ਇੰਸਪੈਕਟਰ ਗੁਰਮੀਤ ਸਿੰਘ ਨੇ ਜੈਤੋਂ ਦੇ ਬੱਸ ਸਟੈਂਡ ਤੋਂ ਯੂਨੀਵਰਸਿਟੀ ਕਾਲਜ ਦੀ ਇਕ ਵਿਦਿਆਰਥਣ ਸਮੇਤ 3 ਵਿਦਿਆਰਥੀਆਂ ਨੂੰ ਬਿਨਾਂ ਕਿਸੇ ਠੋਸ ਕਾਰਨ ਥਾਣੇ ਲਿਜਾ ਕੇ ਬੁਰੀ ਤਰ੍ਹਾਂ ਕੁੱਟਿਆ ਸੀ। ਇਸ ਮਾਮਲੇ 'ਚ ਪੀੜਤ ਵਿਦਿਆਰਥੀਆਂ ਦੇ ਮਾਪਿਆਂ ਨੇ ਐੱਸ. ਐੱਸ. ਪੀ. ਨੂੰ ਵੀ ਸ਼ਿਕਾਇਤ ਦਿੱਤੀ ਪਰ ਪੁਲਸ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਖਿਲਾਫ ਪੀੜਤਾਂ ਨੇ ਸਮਾਜਿਕ ਸੰਗਠਨਾਂ ਤੋਂ ਸਹਿਯੋਗ ਮੰਗਿਆ। ਇਸ 'ਤੇ ਇਕ ਐਕਸ਼ਨ ਕਮੇਟੀ ਬਣਾਈ ਗਈ ਅਤੇ ਇਸ ਦੀ ਟੀਮ 26 ਜਨਵਰੀ ਨੂੰ ਡੀ. ਐੱਸ. ਪੀ. ਨੂੰ ਮਿਲੀ। ਇਸ ਤੋਂ ਬਾਅਦ ਕਮੇਟੀ ਨੇ ਸੰਘਰਸ਼ਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਘਟੀ। 


Related News