ਡੀ. ਐੱਸ. ਪੀ. ਸੋਨੀ ਦੀ ਪਤਨੀ ਨੂੰ ਜਾਂਚ ''ਚ ਸ਼ਾਮਲ ਹੋਣ ਲਈ ਸੰਮਨ ਜਾਰੀ

01/22/2020 2:49:13 PM

ਮੋਹਾਲੀ (ਰਾਣਾ) : ਡੀ. ਐੱਸ. ਪੀ. ਅਤੁਲ ਸੋਨੀ ਕੇਸ ਵਿਚ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ, ਇਸ ਦਾ ਪਤਾ ਲਗਾਉਣਾ ਮੁਸ਼ਕਲ ਜਿਹਾ ਹੋ ਗਿਆ ਹੈ ਕਿਉਂਕਿ ਇਕ ਪਾਸੇ ਤਾਂ ਡੀ. ਐੱਸ. ਪੀ. ਦੀ ਪਤਨੀ ਦਾਅਵਾ ਕਰ ਰਹੀ ਹੈ ਕਿ ਉਸਦਾ ਪਤੀ ਰੋਜ਼ ਡਿਊਟੀ 'ਤੇ ਜਾ ਰਿਹਾ ਹੈ ਪਰ ਉਥੇ ਹੀ ਦੂਜੇ ਪਾਸੇ ਡੀ. ਐੱਸ. ਪੀ.-2 ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਡਿਊਟੀ 'ਤੇ ਨਹੀਂ ਜਾ ਰਿਹਾ ਹੈ, ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਹੁਣ ਤਕ ਪੁਲਸ ਵਿਭਾਗ ਵਲੋਂ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਕੋਲ ਅਤੁਲ ਸੋਨੀ ਦੀ ਪਤਨੀ ਵਲੋਂ ਕੋਈ ਐਫੀਡੇਵਿਟ ਦਿੱਤਾ ਗਿਆ ਹੈ।
ਬਣਦੀ ਹੈ ਗ੍ਰਿਫਤਾਰੀ
ਉਥੇ ਹੀ ਡੀ. ਐੱਸ. ਪੀ.-2 ਰਮਨਦੀਪ ਸਿੰਘ ਨੇ ਕਿਹਾ ਕਿ ਜਿਨ੍ਹਾਂ ਧਾਰਾਵਾਂ ਦੇ ਤਹਿਤ ਅਤੁਲ ਸੋਨੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਵਿਚ ਉਸ ਦੀ ਗ੍ਰਿਫਤਾਰੀ ਬਣਦੀ ਹੈ। ਜਿੱਥੇ ਅਤੁਲ ਸੋਨੀ ਦੀ ਪੋਸਟਿੰਗ ਹੈ, ਉੱਥੇ ਵੀ ਪੁਲਸ ਟੀਮ ਗਈ ਸੀ ਪਰ ਉਹ ਉੱਥੇ ਨਹੀਂ ਮਿਲਿਆ, ਪੁੱਛਣ ਉੱਤੇ ਪਤਾ ਲੱਗਾ ਕਿ ਉਹ ਡਿਊਟੀ ਉੱਤੇ ਨਹੀਂ ਆ ਰਿਹਾ ਹੈ। ਇਸ ਤੋਂ ਇਲਾਵਾ ਕੇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਫੇਜ਼-8 ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਕਿਹਾ ਕਿ ਅਤੁਲ ਸੋਨੀ ਦੇ ਘਰੋਂ 32 ਬੋਰ ਪਿਸਤੌਲ ਮਿਲੀ ਹੈ, ਜਾਂਚ ਕਰਨ ਉੱਤੇ ਪਾਇਆ ਕਿ ਉਹ ਨਾਜਾਇਜ਼ ਹੈ ਅਤੇ ਜਿਸ ਐਫੀਡੇਵਿਟ ਦੀ ਗੱਲ ਸੁਨੀਤਾ ਸੋਨੀ ਕਰ ਰਹੀ ਹੈ, ਅਜੇ ਤਕ ਉਨ੍ਹਾਂ ਨੂੰ ਨਹੀਂ ਮਿਲਿਆ।
ਰਾਤ ਨੂੰ ਵੀ ਘਰ ਸੀ ਅਤੇ ਡਿਊਟੀ 'ਤੇ ਵੀ ਜਾਂਦਾ ਹੈ ਪਤੀ
ਉਥੇ ਹੀ ਡੀ. ਐੱਸ. ਪੀ. ਅਤੁਲ ਸੋਨੀ ਦੀ ਪਤਨੀ ਨੇ ਸੁਨੀਤਾ ਸੋਨੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਜਿਸ ਸਮੇਂ ਸ਼ਨੀਵਾਰ ਰਾਤ ਨੂੰ ਪੁਲਸ ਉਨ੍ਹਾਂ ਦੇ ਘਰ ਆਈ ਸੀ, ਉਸ ਦੌਰਾਨ ਵੀ ਉਸ ਦਾ ਪਤੀ ਅਤੁਲ ਸੋਨੀ ਘਰ ਹੀ ਸੌਂ ਰਿਹਾ ਸੀ ਅਤੇ ਉਸ ਦੇ ਅਗਲੇ ਦਿਨ ਉਹ ਡਿਊਟੀ 'ਤੇ ਵੀ ਗਿਆ, ਨਾਲ ਹੀ ਉੱਥੇ ਡਾਕ ਵੀ ਸਾਈਨ ਕੀਤੀ, ਫਿਰ ਪੁਲਸ ਕਿਵੇਂ ਕਹਿ ਸਕਦੀ ਹੈ ਕਿ ਉਹ ਭੱਜ ਰਹੇ ਹਨ। ਜਦੋਂਕਿ ਪੁਲਸ ਵਲੋਂ ਉਨ੍ਹਾਂ ਨੂੰ ਇਕ ਵਾਰ ਵੀ ਕਾਲ ਤਕ ਨਹੀਂ ਕੀਤੀ ਗਈ।
ਕੁੱਟ-ਮਾਰ ਦੀ ਵੀਡੀਓ ਹੋਈ ਵਾਇਰਲ
ਚੰਡੀਗੜ੍ਹ ਸੈਕਟਰ-26 ਦੇ ਜਿਸ ਡਿਸਕੋ ਵਿਚ ਡੀ. ਐੱਸ. ਪੀ. ਅਤੁਲ ਸੋਨੀ ਅਤੇ ਉਸ ਦੀ ਪਤਨੀ ਸੁਨੀਤਾ ਸੋਨੀ ਵਿਚਕਾਰ ਝਗੜੇ ਦੀ ਗੱਲ ਸਾਹਮਣੇ ਆਈ ਸੀ, ਮੰਗਲਵਾਰ ਨੂੰ ਉਸ ਡਿਸਕੋ ਦੇ ਅੰਦਰ ਕੁੱਟ-ਮਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਇਸ ਵਿਚ ਇਕ ਵਿਅਕਤੀ ਇਕ ਔਰਤ ਨੂੰ ਧੱਕਾ ਦੇ ਰਿਹਾ ਹੈ ਪਰ ਉਸ ਵਿਚ ਨਾ ਤਾਂ ਧੱਕਾ ਦੇਣ ਵਾਲੇ ਅਤੇ ਨਾ ਹੀ ਔਰਤ ਦਾ ਚਿਹਰਾ ਸਾਫ਼ ਵਿਖਾਈ ਦੇ ਰਿਹਾ ਹੈ, ਜਿਸ ਤੋਂ ਉਨ੍ਹਾਂ ਦੀ ਪਹਿਚਾਣ ਹੋ ਸਕੇ।


Babita

Content Editor

Related News