DSP ਅਤੁਲ ਸੋਨੀ ਅਜੇ ਵੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ, ਲੋਕੇਸ਼ਨ ਨਹੀਂ ਹੋ ਸਕੀ ਟਰੇਸ

02/18/2020 10:29:05 AM

ਮੋਹਾਲੀ (ਰਾਣਾ)— ਮੋਹਾਲੀ 'ਚ ਪੰਜਾਬ ਦੇ ਸਾਈਬਰ ਸੈੱਲ ਦਾ ਮੁੱਖ ਦਫਤਰ ਹੈ, ਉਸ ਦੇ ਬਾਵਜੂਦ ਹਫਤਾ ਬੀਤ ਜਾਣ ਤੋਂ ਬਾਅਦ ਵੀ ਮੋਹਾਲੀ ਪੁਲਸ ਆਪਣੇ ਹੀ ਵਿਭਾਗ ਦੇ ਡੀ. ਐੱਸ. ਪੀ. ਅਤੁਲ ਸੋਨੀ ਦੀ ਲੋਕੇਸ਼ਨ ਟਰੇਸ ਕਰਨ 'ਚ ਅਸਫਲ ਸਾਬਤ ਹੋ ਰਹੀ ਹੈ। ਡੀ. ਐੱਸ. ਪੀ. ਸੋਨੀ ਵੱਲੋਂ ਆਪਣੀ ਨਵੀਂ ਫਿਲਮ ਦੀ ਪ੍ਰਮੋਸ਼ਨ ਲਈ ਉਸ ਦਾ ਪੋਸਟਰ ਇੰਸਟਾਗ੍ਰਾਮ 'ਤੇ ਪਾਏ ਹੋਏ ਹਫਤਾ ਬੀਤ ਚੁੱਕਾ ਹੈ, ਜਿਸ ਤੋਂ ਬਾਅਦ ਐੱਸ. ਪੀ. (ਇਨਵੈਸਟੀਗੇਸ਼ਨ) ਹਰਮਨਦੀਪ ਸਿੰਘ ਹੰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੈਟਰ ਭੇਜ ਕੇ ਇੰਸਟਾਗ੍ਰਾਮ ਤੋਂ ਜਵਾਬ ਮੰਗਿਆ ਸੀ ਪਰ ਅਜੇ ਤਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ।

ਗ੍ਰਿਫਤਾਰੀ ਦੂਰ ਦੀ ਗੱਲ, ਲੋਕੇਸ਼ਨ ਤਕ ਟਰੇਸ ਨਹੀਂ ਕਰ ਸਕੀ ਪੁਲਸ
ਉਥੇ ਹੀ ਐੱਸ. ਪੀ. (ਇਨਵੈਸਟੀਗੇਸ਼ਨ) ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਫਰਾਰ ਚੱਲ ਰਹੇ ਡੀ. ਐੱਸ. ਪੀ. ਅਤੁਲ ਸੋਨੀ ਨੇ ਆਪਣੀ ਨਵੀਂ ਫਿਲਮ ਦਾ ਪੋਸਟਮ ਇੰਸਟਾਗ੍ਰਾਮ ਉੱਤੇ ਪਾਇਆ ਹੈ, ਉਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਇੰਸਟਾਗ੍ਰਾਮ ਨੂੰ ਲੈਟਰ ਲਿਖ ਦਿੱਤਾ ਗਿਆ ਹੈ, ਜਿਸ 'ਚ ਉਨ੍ਹਾਂ ਨੇ ਪੂਰੀ ਜਾਣਕਾਰੀ ਮੰਗੀ ਸੀ ਕਿ ਇਹ ਪੋਸਟ ਕਿਸ ਆਈ. ਪੀ. ਐਡਰੈੱਸ 'ਤੇ ਹੈ ਅਤੇ ਉਸ ਦੀ ਲੋਕੇਸ਼ਨ ਕਿਹੜੀ ਹੈ, ਜਿਸ ਦਾ ਪਤਾ ਲਗਦੇ ਹੀ ਉਸ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੁਲਸ ਟੀਮਾਂ ਉਸ ਦੀ ਤਲਾਸ਼ ਕਰ ਰਹੀਆਂ ਹਨ। ਉਸ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਦੋ ਵਾਰ ਜ਼ਮਾਨਤ ਹੋ ਚੁੱਕੀ ਹੈ ਰੱਦ
ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਅਤੁਲ ਸੋਨੀ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਉਸ ਵੱਲੋਂ ਪਹਿਲਾਂ ਮੋਹਾਲੀ ਕੋਰਟ 'ਚ ਜ਼ਮਾਨਤ ਅਰਜ਼ੀ ਲਗਾਈ ਗਈ ਸੀ, ਜਿਸ ਨੂੰ ਕੋਰਟ ਨੇ ਰੱਦ ਕਰ ਦਿੱਤਾ ਸੀ। ਉਸ ਤੋਂ ਬਾਅਦ ਸੋਨੀ ਨੇ ਹਾਈਕੋਰਟ 'ਚ ਜ਼ਮਾਨਤ ਅਰਜ਼ੀ ਪਾਈ ਪਰ ਹਾਈਕੋਰਟ ਵੱਲੋਂ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਡੀ. ਐੱਸ. ਪੀ. ਅਤੁਲ ਸੋਨੀ ਨੂੰ ਗ੍ਰਹਿ ਸਕੱਤਰ ਪੰਜਾਬ ਸਤੀਸ਼ ਚੰਦਰਾ ਵੱਲੋਂ ਸਸਪੈਂਡ ਕਰਨ ਦੇ ਆਰਡਰ ਨਾਲ ਹੀ ਉਸ ਦੀ ਵਿਭਾਗੀ ਜਾਂਚ ਦੇ ਵੀ ਆਦੇਸ਼ ਦੇ ਦਿੱਤੇ ਗਏ ਸਨ।

PunjabKesari

10 ਹਜ਼ਾਰ ਤਕ ਲਾਈਕ ਵੀ ਆ ਗਏ
ਜੋ ਨਵੀਂ ਫਿਲਮ ਦਾ ਪੋਸਟਰ ਡੀ. ਐੱਸ. ਪੀ. ਅਤੁਲ ਸੋਨੀ ਨੇ ਇੰਸਟਾਗ੍ਰਾਮ 'ਤੇ ਪਾਇਆ ਹੈ ਉਸ ਤੋਂ ਬਾਅਦ ਉਨ੍ਹਾਂ 'ਚੋਂ ਇਕ ਉੱਤੇ 10,722 ਅਤੇ 5,059 ਲਾਈਕ ਵੀ ਕਰ ਦਿੱਤੇ ਗਏ ਹਨ। ਲਗਦਾ ਹੈ ਕਿ ਇਸ ਫਿਲਮ ਨੂੰ ਦੇਖਣ ਦੀ ਕਈ ਲੋਕ ਉਡੀਕ ਕਰ ਰਹੇ ਹਨ। ਫਿਲਮ ਨੂੰ ਲਾਈਕ ਕਰਨ ਵਾਲਿਆਂ ਦਾ ਅੰਕੜਾ ਵਧਦਾ ਜਾ ਰਿਹਾ ਹੈ।

ਆਖਿਰ ਕਿਸ ਦੀ ਲਾਪਰਵਾਹੀ?
ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਜਿਸ ਸਮੇਂ ਡੀ. ਐੱਸ. ਪੀ. ਸੋਨੀ ਦੀ ਪਤਨੀ ਸੁਨੀਤਾ ਸੋਨੀ ਨੇ ਪੁਲਸ ਨੂੰ ਸ਼ਿਕਾਇਤ ਆਪਣੇ ਹੱਥਾਂ ਨਾਲ ਲਿਖ ਕੇ ਦਿੱਤੀ ਸੀ, ਉਸ ਦੌਰਾਨ ਵੀ ਅਤੁਲ ਸੋਨੀ ਘਰ ਹੀ ਸੀ। ਇਹ ਕਹਿਣਾ ਸੀ ਸੋਨੀ ਦੀ ਪਤਨੀ ਸੁਨੀਤਾ ਸੋਨੀ ਦਾ। ਸ਼ਿਕਾਇਤ ਦੇਣ ਦੇ ਅਗਲੇ ਹੀ ਦਿਨ ਉਸ ਨੇ ਕਿਹਾ ਸੀ ਕਿ ਜਿਸ ਸਮੇਂ ਸ਼ਨੀਵਾਰ ਰਾਤ ਨੂੰ ਪੁਲਸ ਉਨ੍ਹਾਂ ਦੇ ਘਰ ਆਈ ਸੀ, ਉਸ ਦੌਰਾਨ ਵੀ ਉਸ ਦਾ ਪਤੀ ਅਤੁਲ ਸੋਨੀ ਘਰ ਹੀ ਸੌਂ ਰਿਹਾ ਸੀ ਅਤੇ ਉਸ ਦੇ ਅਗਲੇ ਦਿਨ ਉਹ ਡਿਊਟੀ ਉੱਤੇ ਵੀ ਗਿਆ, ਨਾਲ ਹੀ ਉੱਥੇ ਡਾਕ ਵੀ ਸਾਈਨ ਕੀਤੀ। ਫਿਰ ਪੁਲਸ ਕਿਵੇਂ ਕਹਿ ਸਕਦੀ ਹੈ ਕਿ ਉਹ ਭੱਜ ਰਿਹਾ ਹੈ, ਜਦੋਂਕਿ ਪੁਲਸ ਵੱਲੋਂ ਉਨ੍ਹਾਂ ਨੂੰ ਇਕ ਵਾਰ ਵੀ ਕਾਲ ਤਕ ਨਹੀਂ ਕੀਤੀ ਗਈ ਹੈ।

ਨਹੀਂ ਕਰ ਰਹੀ ਇਨਵੈਸਟੀਗੇਸ਼ਨ ਜੁਆਇਨ
ਉਥੇ ਹੀ ਫੇਜ਼-8 ਥਾਣਾ ਪੁਲਸ ਦੇ ਮੁਤਾਬਕ ਅਤੁਲ ਸੋਨੀ ਦੀ ਪਤਨੀ ਸੁਨੀਤਾ ਸੋਨੀ ਨੇ ਹੀ ਆਪਣੇ ਪਤੀ ਦੇ ਵਿਰੁੱਧ ਖੁਦ ਆਪਣੇ ਹੱਥਾਂ ਨਾਲ ਲਿਖ ਕੇ ਸ਼ਿਕਾਇਤ ਦਿੱਤੀ ਸੀ, ਜਿਸ ਦੇ ਆਧਾਰ 'ਤੇ ਪੁਲਸ ਨੇ ਸੈਕਸ਼ਨ-307, 323, 498-ਏ ਆਈ. ਪੀ. ਸੀ. ਅਤੇ 25 ਆਰਮਜ਼ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ ਅਤੇ ਹੁਣ ਉਨ੍ਹਾਂ ਵੱਲੋਂ ਪੁਲਸ ਨੂੰ ਝੂਠਾ ਦੱਸਣਾ ਗਲਤ ਹੈ, ਜਦੋਂਕਿ ਉਨ੍ਹਾਂ ਨੂੰ ਇਸ ਕੇਸ 'ਚ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਵੀ ਸੰਮਨ ਭੇਜਿਆ ਜਾ ਚੁੱਕਾ ਹੈ ਪਰ ਅਜੇ ਤਕ ਉਨ੍ਹਾਂ ਵੱਲੋਂ ਵੀ ਕੇਸ 'ਚ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਗਈ।

ਇਹ ਸੀ ਮਾਮਲਾ
ਪੁਲਸ ਨੇ ਅਤੁਲ ਸੋਨੀ ਦੇ ਵਿਰੁੱਧ ਆਈ. ਪੀ. ਸੀ. ਦੀ ਧਾਰਾ 323 (ਹਮਲਾ), 307 (ਹੱਤਿਆ ਦੀ ਕੋਸ਼ਿਸ਼), 498-ਏ (ਘਰੇਲੂ ਹਿੰਸਾ) ਅਤੇ ਆਰਮਜ਼ ਐਕਟ ਦੇ ਤਹਿਤ ਫੇਜ਼-8 ਥਾਣੇ 'ਚ 19 ਜਨਵਰੀ 2020 ਨੂੰ ਕੇਸ ਦਰਜ ਕੀਤਾ ਹੈ। ਕੇਸ ਦਰਜ ਹੋਣ ਦੇ ਅਗਲੇ ਦਿਨ ਹੀ ਪਤਨੀ ਨੇ ਐਫੀਡੇਵਿਟ ਜਾਰੀ ਕਰ ਦਿੱਤਾ ਸੀ, ਨਾਲ ਹੀ ਇਲਜ਼ਾਮ ਲਗਾਇਆ ਸੀ ਕਿ ਪੁਲਸ ਨੇ ਖੁਦ ਹੀ ਫਾਇਰਿੰਗ ਵਾਲੀ ਗੱਲ ਐੱਫ. ਆਈ. ਆਰ. 'ਚ ਦਰਜ ਕਰ ਲਈ ਸੀ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਸੋਨੀ ਦੀ ਪਤਨੀ ਨੇ ਖੁਦ ਲਿਖਤੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਕੋਲ ਹਥਿਆਰ ਨੂੰ ਸੌਂਪਣ ਸਮੇਂ ਦੀ ਵੀਡੀਓ ਵੀ ਹੈ।


shivani attri

Content Editor

Related News