ਬੇਅਦਬੀ ਤੇ ਡਰੱਗਜ਼ ਕਾਂਡ ਦੇ ਦੋਸ਼ੀ ਗ੍ਰਿਫਤਾਰੀ ਤੋਂ ਬਚ ਨਹੀਂ ਸਕਣਗੇ : ਸੁਖਜਿੰਦਰ ਰੰਧਾਵਾ
Wednesday, Dec 08, 2021 - 11:05 PM (IST)
ਜਲੰਧਰ(ਧਵਨ)– ਪੰਜਾਬ ਦੇ ਉਪ-ਮੁੱਖ ਮੰਤਰੀ (ਗ੍ਰਹਿ) ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਡਰੱਗਜ਼ ਕਾਂਡ ਦੇ ਦੋਸ਼ੀ ਗ੍ਰਿਫਤਾਰੀ ਤੋਂ ਬਚ ਨਹੀਂ ਸਕਣਗੇ। ਇਕ ਚੈਨਲ ਨਾਲ ਗੱਲਬਾਤ ਦੌਰਾਨ ਗ੍ਰਹਿ ਮੰਤਰੀ ਨੇ ਸਪਸ਼ਟ ਕੀਤਾ ਕਿ ਹਾਲਾਂਕਿ ਮੌਜੂਦਾ ਚੰਨੀ ਸਰਕਾਰ ਨੂੰ ਕੰਮ ਕਰਨ ਲਈ ਬਹੁਤ ਘੱਟ ਸਮਾਂ ਮਿਲਿਆ ਹੈ ਪਰ ਫਿਰ ਵੀ ਅਸੀਂ ਦੋਵਾਂ ਮਾਮਲਿਆਂ ਵਿਚ ਚੱਲ ਰਹੀ ਜਾਂਚ ’ਚ ਤੇਜ਼ੀ ਨਾਲ ਅੱਗੇ ਵਧੇ ਹਾਂ।
ਰੰਧਾਵਾ ਨੇ ਕਿਹਾ ਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਿੱਖ ਕੌਮ ਨਾਲ ਇਨਸਾਫ ਕਰਨ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ। ਕੈਪਟਨ ਸਰਕਾਰ ਦੇ ਕਾਰਜਕਾਲ ਵੇਲੇ ਵੀ ਉਨ੍ਹਾਂ ਨੇ ਇਸੇ ਲਈ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਕਿਉਂਕਿ ਉਹ ਇਨ੍ਹਾਂ ਦੋਵਾਂ ਮਾਮਲਿਆਂ ਵਿਚ ਚੱਲ ਰਹੀ ਜਾਂਚ ਤੋਂ ਸੰਤੁਸ਼ਟ ਨਹੀਂ ਸਨ।
ਰੰਧਾਵਾ ਨੇ ਕਿਹਾ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਦਾ ਕੰਮ ਸੌਂਪਿਆ ਗਿਆ ਸੀ ਤਾਂ ਉਹ ਉਨ੍ਹਾਂ ਨੂੰ ਜਾਂਚ ਨਾਲ ਸਬੰਧਤ ਤੱਥਾਂ ਦੀ ਜਾਣਕਾਰੀ ਨਹੀਂ ਦਿੰਦੇ ਸਨ। ਉਸ ਵੇਲੇ ਜਾਣਕਾਰੀ ਸਿੱਧੀ ਤੱਤਕਾਲੀਨ ਮੁੱਖ ਮੰਤਰੀ ਨੂੰ ਦਿੱਤੀ ਜਾਂਦੀ ਸੀ।
‘ਸਾਨੂੰ ਤਾਂ ਕੰਮ ਕਰਨ ਲਈ ਅਜੇ ਸਿਰਫ 70 ਦਿਨ ਹੀ ਮਿਲੇ ਹਨ’
ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਗ੍ਰਹਿ ਮੰਤਰੀ ਦੇ ਤੌਰ ’ਤੇ ਕੰਮ ਕਰਨ ਲਈ ਸਿਰਫ 70 ਦਿਨਾਂ ਦਾ ਹੀ ਸਮਾਂ ਮਿਲਿਆ ਹੈ। ਜੇ ਉਨ੍ਹਾਂ ਨੂੰ ਡੇਢ ਸਾਲ ਦਾ ਸਮਾਂ ਮਿਲਿਆ ਹੁੰਦਾ ਤਾਂ ਹੁਣ ਤਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਮੌਜੂਦਾ ਪੰਜਾਬ ਸਰਕਾਰ ’ਤੇ ਉਂਗਲ ਨਹੀਂ ਚੁੱਕਣੀ ਚਾਹੀਦੀ ਕਿਉਂਕਿ ਉਸ ਦੀ ਨੀਅਤ ਬਿਲਕੁਲ ਸਾਫ ਹੈ।
ਜਨਤਾ ਸਾਹਮਣੇ ਆਪਣਾ ਪੱਖ ਰੱਖਾਂਗੇ
ਰੰਧਾਵਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਅਸੀਂ ਆਪਣਾ ਪੱਖ ਜਨਤਾ ਸਾਹਮਣੇ ਰੱਖਾਂਗੇ ਅਤੇ ਦੱਸਾਂਗੇ ਕਿ ਉਨ੍ਹਾਂ ਨੂੰ ਕੰਮ ਕਰਨ ਲਈ ਬਹੁਤ ਘੱਟ ਸਮਾਂ ਮਿਲਿਆ ਹੈ। ਜਨਤਾ ਉਨ੍ਹਾਂ ਦੀਆਂ ਗੱਲਾਂ ’ਤੇ ਵਿਸ਼ਵਾਸ ਕਰੇਗੀ ਕਿਉਂਕਿ ਅਸੀਂ ਕਿਸੇ ਨਾਲ ਅੰਦਰਖਾਤੇ ਮਿਲੇ ਹੋਏ ਨਹੀਂ ਹਾਂ।