ਨਸ਼ੀਲੇ ਪਦਾਰਥ ਅਤੇ ਅਸਲਾ ਬਰਾਮਦ ਹੋਣ ਦੇ ਦੋਸ਼ 'ਚ 12 ਖਿਲਾਫ ਮਾਮਲਾ ਦਰਜ, 7 ਗ੍ਰਿਫਤਾਰ (ਵੀਡੀਓ)

Friday, Aug 24, 2018 - 10:31 AM (IST)

ਜਲਾਲਾਬਾਦ (ਸੇਤੀਆ) - ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਨੇ ਨਸ਼ਿਆਂ ਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐੱਸ. ਸੀਨੀਅਰ ਪੁਲਸ ਕਪਤਾਨ ਫਾਜ਼ਿਲਕਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 22 ਅਗਸਤ ਨੂੰ ਜ਼ਿਲੇ ਦੇ ਵੱਖ-ਵੱਖ ਥਾਣਿਆਂ 'ਚ 12 ਵਿਅਕਤੀਆਂ ਖਿਲਾਫ ਨਸ਼ੇ ਸਬੰਧੀ ਮਾਮਲੇ ਦਰਜ ਕੀਤੇ ਗਏ ਹਨ। ਪੁਲਸ ਨੇ ਅੱਜ ਅਸਲਾ, ਹੈਰੋਇਨ, ਭੁੱਕੀ, ਚੂਰਾ ਪੋਸਤ ਅਤੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ 7 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। 

ਮਿਲੀ ਜਾਣਕਾਰੀ ਅਨੁਸਾਰ ਮੁੱਖ ਅਫਸਰ ਥਾਣਾ ਵੈਰੋਕੇ ਐੱਸ.ਆਈ. ਲੇਖ ਰਾਜ ਨੇ ਦੋਸ਼ੀ ਗੁਰਚਰਨ ਸਿੰਘ ਪੁੱਤਰ ਅਮਰੀਕ ਸਿੰਘ, ਬਚਨ ਸਿੰਘ ਪੁੱਤਰ ਨੱਥਾ ਸਿੰਘ ਨੂੰ 740 ਗ੍ਰਾਮ ਹੈਰੋਇਨ ਅਤੇ ਇਕ ਪਲਸਰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਹੈ। ਥਾਣਾ ਸਿਟੀ-1 ਅਬੋਹਰ ਦੇ ਇਲਾਕੇ 'ਚ ਸੱਜਣ ਸਿੰਘ ਇੰਚਾਰਜ ਸੀ.ਆਈ.ਏ ਅਬੋਹਰ ਨੇ ਦੋਸ਼ੀ ਮਿੱਠਣ ਸਿੰਘ, ਸੰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਨੂੰ ਇਕ ਸਵਿਫਟ ਕਾਰ ਨੰਬਰ ਪੀ.ਡੀ.30 ਆਰ 3224 'ਚੋਂ 84 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਣ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। 

ਥਾਣਾ ਸਿਟੀ-2 ਅਬੋਹਰ ਦੇ ਹੌਲਦਾਰ ਭੁਪਿੰਦਰ ਸਿੰਘ ਨੇ ਦੋਸ਼ੀ ਜਸਪ੍ਰੀਤ ਸਿੰਘ ਪੁੱਤਰ ਤੇਜਿੰਦਰ ਸਿੰਘ, ਸੰਦੀਪ ਸਿੰਘ ਪੁੱਤਰ ਹਰਮਨ ਸਿੰਘ ਤੋਂ 480 ਪੇਟੀਆਂ ਸ਼ਰਾਬ ਮਾਰਕਾ ਫਸਟ ਚੁਆਇਸ ਅਤੇ ਇਕ ਮੋਟਰਸਾਈਕਲ ਬਰਾਮਦ ਹੋਣ 'ਤੇ ਮਾਮਲਾ ਦਰਜ ਕਰ ਦਿੱਤਾ ਹੈ। ਦੋਸ਼ੀ ਜਸਪ੍ਰੀਤ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਸੰਦੀਪ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਿਟੀ-2 ਅਬੋਹਰ ਦੇ ਸਬ ਇੰਸ.ਬਲਵਿੰਦਰ ਸਿੰਘ ਨੇ ਦੋਸ਼ੀ ਅਕਾਸ਼, ਅਜੇ ਕੁਮਾਰ ਪੁੱਤਰ ਰਾਜ ਕੁਮਾਰ, ਬਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਅਤੇ ਕਰਨਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਖਿਲਾਫ 165 ਪੇਟੀਆਂ ਸ਼ਰਾਬ ਬਰਾਮਦ ਹੋਣ ਦੇ ਦੋਸ਼ 'ਚ ਮਾਮਲਾ ਦਰਜ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਥਾਣਾ ਸਦਰ ਫਾਜ਼ਿਲਕਾ ਦੇ ਹੌਲਦਾਰ ਹਰਬੰਸ ਸਿੰਘ, ਸੀ.ਆਈ.ਏ. ਸਟਾਫ ਫਾਜ਼ਿਲਕਾ ਨੇ ਦੋਸ਼ੀ ਲਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ 1 ਦੇਸੀ ਪਿਸਟਲ 315 ਬੋਰ ਅਤੇ 3 ਰੋਂਦ ਜਿੰਦਾ, 315 ਬੋਰ ਬਰਾਮਦ ਹੋਣ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਅੰਤ 'ਚ ਸੀਨੀਅਰ ਕਪਤਾਨ ਪੁਲਸ ਕਪਤਾਨ ਨੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਇਨ੍ਹਾਂ ਸਾਰੇ ਦੋਸ਼ੀਆਂ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।  


Related News