ਚੋਰੀਆਂ ਕਰਨ ਵਾਲਾ ਭਗੌਡ਼ਾ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ
Friday, Jul 20, 2018 - 07:08 AM (IST)
ਬੇਗੋਵਾਲ, (ਰਜਿੰਦਰ)- ਚੋਰੀਆਂ ਕਰਨ ਵਾਲੇ ਭਗੌਡ਼ੇ ਨੌਜਵਾਨ ਨੂੰ ਥਾਣਾ ਬੇਗੋਵਾਲ ਦੀ ਪੁਲਸ ਨੇ 150 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਖੁਲਾਸਾ ਕਰਦਿਆਂ ਐੱਸ. ਐੱਚ. ਓ. ਬੇਗੋਵਾਲ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦਸਿਆ ਕਿ ਇਸ ਨੌਜਵਾਨ ਨੇ ਪੰਜਾਬ ਵਿਚ ਹੀ ਨਹੀਂ, ਸਗੋਂ ਮਹਾਰਾਸ਼ਟਰ ਸੂਬੇ ਵਿਚ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਬੇਗੋਵਾਲ ਸੁਖਜਿੰਦਰ ਸਿੰਘ ਨੇ ਦਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਅਤੇ ਸੀਨੀਅਰ ਅਫਸਰਾਂ ਵੱਲੋਂ ਨਸ਼ਿਆਂ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਖਿਲਾਫ ਆਰੰਭੀ ਮੁਹਿੰਮ ਤਹਿਤ ਥਾਣਾ ਬੇਗੋਵਾਲ ਦੇ ਏ. ਐੱਸ. ਆਈ. ਰਘਬੀਰ ਸਿੰਘ ਤੇ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਬਲੋਚੱਕ ਰੋਡ ਤੋਂ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਊਧਮ ਸਿੰਘ ਵਾਸੀ ਵਾਰਡ ਨੰਬਰ 1, ਬੇਗੋਵਾਲ ਨੂੰ 150 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ, ਜਿਸ ਉਪਰੰਤ ਲੱਕੀ ਖਿਲਾਫ ਥਾਣਾ ਬੇਗੋਵਾਲ ਵਿਖੇ 22-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ।
ਐੱਸ. ਐੱਚ. ਓ. ਬੇਗੋਵਾਲ ਨੇ ਦੱਸਿਆ ਕਿ ਪੁਛਗਿੱਛ ਦੌਰਾਨ ਲਖਵਿੰਦਰ ਉਰਫ ਲੱਕੀ ਨੇ ਮੰਨਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ 23 ਅਪ੍ਰੈਲ 2017 ਨੂੰ ਕਸਬਾ ਬੇਗੋਵਾਲ ਵਿਖੇ ਇਕ ਅੌਰਤ ਦੇ ਘਰ ਵਿਚ ਦਾਖਲ ਹੋ ਕੇ ਉਸ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਦੇ ਘਰ ਵਿਚੋਂ ਕੀਮਤੀ ਸਾਮਾਨ ਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ। ਜਿਸ ਤੋਂ ਬਾਅਦ ਉਹ ਆਪਣੇ ਭਰਾ ਅਮਰਜੀਤ ਸਿੰਘ ਨਾਲ ਮਹਾਰਾਸ਼ਟਰ ਸੂਬੇ ਵਿਚ ਨਾਗਪੁਰ ਵਿਖੇ ਚਲਾ ਗਿਆ ਸੀ, ਜਿਥੇ ਇਸ ਨੇ ਆਪਣੇ ਭਰਾ ਨਾਲ ਮਿਲ ਕੇ ਨਾਗਪੁਰ ਰੇਲਵੇ ਸਟੇਸ਼ਨ ਤੋਂ ਮੋਟਰਸਾਈਕਲ ਚੋਰੀ ਕੀਤਾ ਸੀ, ਜਿਸ ਸਬੰਧੀ ਨਾਗਪੁਰ, ਮਹਾਰਾਸ਼ਟਰ ਵਿਖੇ ਮੁਕੱਦਮਾ ਦਰਜ ਹੈ ਅਤੇ ਇਸ ਦੇ ਦੋ ਸਾਥੀ ਗੁਰਦਾਸਪੁਰ ਜੇਲ ਵਿਚ ਬੰਦ ਹਨ, ਜਿਨ੍ਹਾਂ ਨੂੰ ਜਲਦੀ ਪ੍ਰੋਡੰਕਸ਼ਨ ਵਾਰੰਟ ’ਤੇ ਲਿਆ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਐੱਸ. ਐੱਚ. ਓ. ਬੇਗੋਵਾਲ ਨੇ ਦੱਸਿਆ ਕਿ ਉਕਤ ਦੋਸ਼ੀ ਲਖਵਿੰਦਰ ਉਰਫ ਲੱਕੀ ਨੇ ਇਸੇ ਮਹੀਨੇ ਵਿਚ ਕੁਝ ਦਿਨ ਪਹਿਲਾਂ ਆਪਣੇ ਭਰਾ ਅਮਰਜੀਤ ਸਿੰਘ ਪੁੱਤਰ ਊਧਮ ਸਿੰਘ ਵਾਸੀ ਵਾਰਡ ਨੰਬਰ 1 ਬੇਗੋਵਾਲ ਅਤੇ ਰਵੀ ਅਨਿਲ ਪੁੱਤਰ ਜਸਵੀਰ ਸਿੰਘ ਵਾਸੀ ਵਾਰਡ ਨੰਬਰ 4 ਬੇਗੋਵਾਲ ਨਾਲ ਮਿਲ ਕੇ ਬੇਗੋਵਾਲ ਵਿਚ ਰਾਜ ਟੈਲੀਕਾਮ ਦੀ ਦੁਕਾਨ ਦਾ ਸ਼ਟਰ ਤੋਡ਼ ਕੇ 2 ਕੰਪਿਊਟਰ ਸਕਰੀਨਾਂ, 1 ਲੈਪਟਾਪ ਤੇ ਹੋਰ ਸਾਮਾਨ ਚੋਰੀ ਕੀਤਾ ਸੀ। ਜਿਸ ਵਿਚ ਅਮਰਜੀਤ ਤੇ ਰਵੀ ਅਨਿਲ ਦੋਵਾਂ ਨੂੰ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਲਖਵਿੰਦਰ ਲੱਕੀ ਇਸ ਮੁਕੱਦਮੇ ਵਿਚ ਲੋਡ਼ੀਂਦਾ ਸੀ।
ਐੱਸ. ਐੱਚ. ਓ. ਬੇਗੋਵਾਲ ਸੁਖਜਿੰਦਰ ਸਿੰਘ ਨੇ ਹੋਰ ਦਸਿਆ ਕਿ ਦੋਸ਼ੀ ਲਖਵਿੰਦਰ ਸਿੰਘ ਉਰਫ ਲੱਕੀ ਥਾਣਾ ਬੇਗੋਵਾਲ ਵਿਖੇ ਦਰਜ ਹੋਏ ਫਰਵਰੀ 2015 ਦੇ ਐੱਨ. ਡੀ. ਪੀ. ਐੱਸ. ਐਕਟ ਅਤੇ ਦਸੰਬਰ 2014 ਦੇ ਮੁਕੱਦਮੇ ਵਿਚੋਂ ਮਾਣਯੋਗ ਅਦਾਲਤ ਵਲੋਂ ਭਗੌਡ਼ਾ ਹੋਣ ਕਰਕੇ ਪੀ. ਓ. ਕਰਾਰ ਦਿੱਤਾ ਗਿਆ ਸੀ। ਜਿਨ੍ਹਾਂ ਮੁਕੱਦਮਿਆਂ ਵਿਚ ਵੀ ਇਸਦੀ ਗ੍ਰਿਫਤਾਰੀ ਪਾਈ ਗਈ ਹੈ।