ਕਾਲਜਾਂ ''ਚ ਨਸ਼ਾ ਕਰਨ ਵਾਲੇ ਵਿਦਿਆਰਥੀਆਂ ਬਾਰੇ ਮਿਲ ਰਹੀ ਜਾਣਕਾਰੀ
Wednesday, Nov 13, 2019 - 11:28 AM (IST)

ਪਟਿਆਲਾ (ਪ੍ਰਤਿਭਾ)—ਸਰਕਾਰ ਦੇ ਬਡੀ ਪ੍ਰੋਗਰਾਮ ਤਹਿਤ ਕਾਲਜਾਂ ਵਿਚ ਨਸ਼ਾ ਕਰਨ ਵਾਲੇ ਵਿਦਿਆਰਥੀ ਸਾਹਮਣੇ ਆਏ ਹਨ। ਇਨ੍ਹਾਂ ਵਿਚ ਸਰਕਾਰੀ ਮਹਿੰਦਰਾ ਕਾਲਜ ਵਿਚ ਹੀ 4 ਵਿਦਿਆਰਥੀ ਹਨ। ਇਹ ਵਿਦਿਆਰਥੀ ਅਜੇ ਵੀ ਕਾਲਜ ਵਿਚ ਪੜ੍ਹਾਈ ਕਰ ਰਹੇ ਹਨ। ਇਨ੍ਹਾਂ ਦੀ ਇਸ ਹਾਲਤ ਬਾਰੇ ਇਨ੍ਹਾਂ ਦੇ ਮਾਪਿਆਂ ਨੂੰ ਵੀ ਦੱਸਿਆ ਗਿਆ। ਇਨ੍ਹਾਂ ਵਿਦਿਆਰਥੀਆਂ ਬਾਰੇ ਪਿਛਲੇ ਸੈਸ਼ਨ ਦੌਰਾਨ ਪਤਾ ਲੱਗਾ ਸੀ। ਕਾਲਜ ਦੇ ਨਵੇਂ ਸੈਸ਼ਨ ਨੂੰ ਸ਼ੁਰੂ ਹੋਇਆਂ 2 ਮਹੀਨੇ ਹੀ ਹੋਏ ਹਨ। ਬਾਕੀ ਕਾਲਜਾਂ ਦੇ ਹਾਲਾਤ ਵੀ ਅਜਿਹੇ ਹੀ ਹਨ। ਅਜਿਹੇ ਮਾਮਲੇ ਸਾਹਮਣੇ ਤਾਂ ਆ ਰਹੇ ਹਨ ਪਰ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਇਸ ਤਰ੍ਹਾਂ ਦੀ ਕਿਸੇ ਵੀ ਗੱਲ ਤੋਂ ਇਨਕਾਰ ਕਰਨ 'ਤੇ ਅਧਿਆਪਕ, ਨੋਡਲ ਅਫਸਰ ਅਤੇ ਕਾਲਜ ਅਥਾਰਟੀ ਕੁਝ ਨਹੀਂ ਕਰ ਸਕਦੀ।
ਵਰਨਣਯੋਗ ਹੈ ਕਿ ਸਾਰੇ ਕਾਲਜਾਂ ਵਿਚ ਚੱਲ ਰਹੇ ਬਡੀ ਪ੍ਰੋਗਰਾਮ ਵਿਚ ਵਿਦਿਆਰਥੀਆਂ ਵੱਲੋਂ ਇਹ ਗੱਲ ਪ੍ਰੋਗਰਾਮ ਅਥਾਰਟੀ ਨੂੰ ਦੱਸੀ ਗਈ ਹੈ ਕਿ ਕੈਂਪਸ ਦੇ ਬਹੁਤੇ ਵਿਦਿਆਰਥੀ ਨਸ਼ਾ ਕਰ ਰਹੇ ਹਨ। ਅਜਿਹਾ ਲਗਭਗ ਸਾਰੇ ਕਾਲਜਾਂ ਵਿਚ ਹੈ। ਮਹਿੰਦਰਾ ਕਾਲਜ ਵਿਚ 4 ਵਿਦਿਆਰਥੀ ਅਜਿਹੇ ਪਛਾਣੇ ਗਏ ਹਨ। ਇਸ ਸਬੰਧੀ ਕਾਲਜ ਦੇ ਨੋਡਲ ਅਫਸਰ ਐੱਸ. ਐੱਸ. ਰੇਖੀ ਦਾ ਕਹਿਣਾ ਹੈ ਕਿ ਜਦੋਂ ਇਹ ਮਾਮਲੇ ਆਏ ਸਨ ਤਾਂ ਇਸ ਬਾਰੇ ਮਾਪਿਆਂ, ਸਾਕੇਤ ਹਸਪਤਾਲ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਦੱਸ ਦਿੱਤਾ ਗਿਆ ਸੀ।
ਬਾਕੀ ਕਾਲਜਾਂ ਵਿਚ ਕਿੰਨੇ ਵਿਦਿਆਰਥੀ ਸਾਹਮਣੇ ਆਏ ਹਨ? ਇਸ ਦੀ ਪੁਖਤਾ ਗਿਣਤੀ ਨਹੀਂ ਹੈ। ਸਾਰੇ ਕਾਲਜਾਂ ਦੇ ਬਡੀ ਪ੍ਰੋਗਰਾਮ ਕੋਆਰਡੀਨੇਟਰ ਦੀ ਮੰਨੀ ਜਾਵੇ ਤਾਂ ਹਰ ਕਾਲਜ ਵਿਚ ਅਜਿਹੇ ਮਾਮਲੇ ਹਨ ਪਰ ਉਹ ਮੌਕੇ 'ਤੇ ਬੁਲਾਏ ਜਾਣ 'ਤੇ ਇਨਕਾਰ ਕਰ ਦਿੰਦੇ ਹਨ। ਉਨ੍ਹਾਂ ਦੇ ਮਾਪਿਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਤਾਂ ਉਹ ਵੀ ਬੱਚੇ ਦੀ ਗੱਲ 'ਚ ਹਾਮੀ ਭਰਦੇ ਹਨ। ਇਸ ਗੱਲ ਤੋਂ ਇਨਕਾਰ ਕਰ ਦਿੰਦੇ ਹਨ ਕਿ ਉਨ੍ਹਾਂ ਦਾ ਬੱਚਾ ਨਸ਼ਾ ਕਰਦਾ ਹੈ।
ਕੀ ਹੈ ਬਡੀ ਪ੍ਰੋਗਰਾਮ?
ਕਾਲਜ ਵਿਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਆਦਿ ਸਬੰਧੀ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਬਡੀ ਪ੍ਰੋਗਰਾਮ ਸ਼ੁਰੂ ਕਰਵਾਇਆ ਗਿਆ। ਇਸ ਵਿਚ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪ ਬਣਾਏ ਜਾਂਦੇ ਹਨ। ਉਹ ਇਕ-ਦੂਜੇ ਦੀਆਂ ਸਮੱਸਿਆਵਾਂ ਬਾਰੇ ਜਾਣਦੇ ਹਨ। ਇਹ ਗਰੁੱਪ ਹੋਰ ਗਰੁੱਪ ਮੈਂਬਰਾਂ ਬਾਰੇ ਵੀ ਜਾਣਕਾਰੀ ਰਖਦੇ ਹਨ। ਜਿਥੇ ਕੁਝ ਪ੍ਰੇਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਉਸ ਬਾਰੇ ਬਡੀ ਪ੍ਰੋਗਰਾਮ ਦੇ ਨੋਡਲ ਅਫਸਰ ਨੂੰ ਦੱਸਿਆ ਜਾਂਦਾ ਹੈ। ਉਹ ਅੱਗੇ ਦੀ ਕਾਰਵਾਈ ਕਰਦੇ ਹਨ। ਸਾਰੇ ਕਾਲਜਾਂ ਵਿਚ ਇਹ ਪ੍ਰੋਗਰਾਮ ਜ਼ਿਲਾ ਪ੍ਰਸ਼ਾਸਨ ਭਾਵ ਡਿਪਟੀ ਕਮਿਸ਼ਨਰ ਦੀ ਦੇਖ-ਰੇਖ ਵਿਚ ਚਲਦੇ ਹਨ।
ਮਾਪਿਆਂ, ਵਿਦਿਆਰਥੀਆਂ ਦੇ ਇਨਕਾਰ ਕਾਰਨ ਮੁਸ਼ਕਲ ਹੁੰਦੀ ਹੈ : ਡਾ. ਸ਼ਰਮਾ
ਉਥੇ ਇਸ ਮਾਮਲੇ ਵਿਚ ਬਡੀ ਪ੍ਰੋਗਰਾਮ ਕੋਆਰਡੀਨੇਟਰ ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਪ੍ਰੋਗਰਾਮ ਦੇ ਨੋਡਲ ਅਫਸਰ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਵਿਦਿਆਰਥੀ ਨਸ਼ਾ ਕਰ ਰਿਹਾ ਹੈ। ਬੁਲਾਏ ਜਾਣ 'ਤੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਇਨਕਾਰ ਕਰ ਦਿੰਦੇ ਹਨ। ਇਸ ਨਾਲ ਕਾਫੀ ਮੁਸ਼ਕਲ ਹੁੰਦੀ ਹੈ। ਅਜਿਹੇ ਵਿਚ ਕੋਈ ਵੀ ਉਨ੍ਹਾਂ ਦੀ ਮਦਦ ਲਈ ਕੁਝ ਨਹੀਂ ਕਰ ਸਕਦਾ। ਜੇਕਰ ਕੋਈ ਵਿਦਿਆਰਥੀ ਖੁਦ ਅੱਗੇ ਆ ਕੇ ਕਹੇ ਕਿ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਅਥਾਰਟੀ ਕੁਝ ਕਰ ਸਕਦੀ ਹੈ। ਜ਼ਿਆਦਾਤਰ ਮਾਮਲਿਆਂ ਵਿਚ ਅਜਿਹੇ ਵਿਦਿਆਰਥੀਆਂ ਬਾਰੇ ਪਤਾ ਵੀ ਹੈ ਪਰ ਨਾ ਤਾਂ ਵਿਦਿਆਰਥੀ ਮੰਨਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਮਾਪੇ ਇਸ ਗੱਲ ਨੂੰ ਸਵੀਕਾਰ ਕਰ ਰਹੇ ਹਨ। ਇਸ ਤਰ੍ਹਾਂ ਇਨ੍ਹਾਂ ਨੌਜਵਾਨਾਂ ਦੀ ਜ਼ਿੰਦਗੀ ਹਨੇਰੇ ਵਿਚ ਜਾ ਰਹੀ ਹੈ।