ਨਸ਼ਿਆਂ ਵਿਰੁੱਧ ਲੋਕ ਲਹਿਰ ਖੜ੍ਹੀ ਕਰੇਗਾ ਪੁਲਸ ਪ੍ਰਸ਼ਾਸਨ, ਲੋਕਾਂ ਤੋਂ ਮੰਗਿਆ ਸਹਿਯੋਗ
Friday, Jun 28, 2024 - 12:19 PM (IST)
ਬੱਧਨੀ ਕਲਾਂ (ਗੋਪੀ ਰਾਊਕੇ, ਮਨੋਜ, ਆਜ਼ਾਦ) : ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਨਸ਼ਿਆਂ ਵਿਰੁੱਧ ਸਰਕਾਰੀ ਹਦਾਇਤਾਂ ’ਤੇ ਜਿੱਥੇ ਪੁਲਸ ਪ੍ਰਸ਼ਾਸਨ ਨੇ ਸਖ਼ਤੀ ਕੀਤੀ ਹੈ, ਉਥੇ ਹੀ ਨਸ਼ਿਆ ਵਿਰੁੱਧ ਜ਼ਮੀਨੀ ਪੱਧਰ ’ਤੇ ਪੁਲਸ ਪ੍ਰਸ਼ਾਸਨ ਨੇ ਹੁਣ ਲੋਕ ਲਹਿਰ ਖੜ੍ਹੀ ਕਰਨੀ ਸ਼ੁਰੂ ਕੀਤੀ ਹੈ ਤਾਂ ਜੋ ਹਰ ਵਰਗ ਹੀ ਨਸ਼ਿਆ ਵਿਰੁੱਧ ਲਾਮਬੱਧ ਹੋ ਸਕੇ ਅਤੇ ਕਿਸੇ ਕਾਰਣ ਸਿੰਥੈਟਿਕ ਡਰੱਗ ਚਿੱਟੇ ਸਮੇਤ ਹੋਰ ਪਾਬੰਦੀਸ਼ੁਦਾ ਨਸ਼ਿਆਂ ਦਾ ਸੇਵਨ ਕਰਨ ਵਾਲੇ ਲੋਕ ਇਸ ਦਲਦਲ ਵਿਚੋਂ ਬਾਹਰ ਨਿਕਲ ਸਕਣ।
ਕਸਬਾ ਬੱਧਨੀ ਕਲਾਂ ਵਿਖੇ ਡੀ. ਐੱਸ. ਪੀ. ਪਰਮਜੀਤ ਸਿੰਘ ਸੰਧੂ ਅਤੇ ਥਾਣਾ ਮੁਖੀ ਗੁਰਮੇਲ ਸਿੰਘ ਦੀ ਅਗਵਾਈ ਹੇਠ ਸੈਮੀਨਾਰ ਲਾਇਆ ਗਿਆ, ਜਿਸ ਵਿਚ ਸ਼ਹਿਰ ਨਿਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡੀ. ਐੱਸ. ਪੀ. ਪਰਮਜੀਤ ਸਿੰਘ ਸੰਧੂ ਅਤੇ ਥਾਣਾ ਮੁਖੀ ਗੁਰਮੇਲ ਸਿੰਘ ਨੇ ਕਿਹਾ ਕਿ ਸਿੰਥੈਟਿਕ ਡਰੱਗ ਚਿੱਟੇ ਸਮੇਤ ਹੋਰ ਨਸ਼ਿਆਂ ਦਾ ਖਾਤਮਾ ਕਰਨਾ ਜ਼ਰੂਰੀ ਹੈ।
ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਨਸ਼ਿਆ ਵਿਰੁੱਧ ਸਖ਼ਤ ਮੁਹਿੰਮ ਤਾਂ ਵਿੱਢੀ ਗਈ ਹੈ ਪਰੰਤੂ ਸਰਕਾਰਾਂ ਅਤੇ ਪ੍ਰਸ਼ਾਸਨ ਇਕੱਲਾ ਕੁਝ ਨਹੀਂ ਕਰ ਸਕਦਾ। ਇਸ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਲੋਕਾਂ ਤੋਂ ਨਸ਼ਿਆਂ ਵਿਰੁੱਧ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਹਰੇਕ ਵਿਅਕਤੀ ਆਪਣੀ ਜ਼ਿੰਮੇਵਾਰੀ ਸੰਭਾਲੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਮਾਜ ਵਿਚੋਂ ਮੁਕੰਮਲ ਤੌਰ ’ਤੇ ਨਸ਼ੇ ਦਾ ਖਾਤਮਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਨਸ਼ੇ ਸਬੰਧੀ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ।