ਨਸ਼ੇ ਵਾਲੇ ਪਾਊਡਰ ਤੇ ਡਰੱਗ ਮਨੀ ਸਮੇਤ 5 ਗ੍ਰਿਫਤਾਰ

09/05/2019 1:25:03 AM

ਮੋਹਾਲੀ,(ਕੁਲਦੀਪ): ਸੋਹਾਣਾ ਪੁਲਸ ਵਲੋਂ ਪਿੰਡ ਮੌਲੀ ਬੈਦਵਾਣ ਦੇ ਨਜ਼ਦੀਕ ਲਾਏ ਗਏ ਨਾਕੇ 'ਤੇ ਇਕ ਨੌਜਵਾਨ ਨੂੰ ਨਸ਼ੇ ਵਾਲੇ ਪਾਊਡਰ ਤੇ ਇੰਜੈਕਸ਼ਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਨਾਨੂਮਾਜਰਾ (ਮੋਹਾਲੀ) ਦੇ ਤੌਰ 'ਤੇ ਹੋਈ, ਜਿਸ ਦੇ ਕਬਜ਼ੇ 'ਚੋਂ 50 ਗਰਾਮ ਪਾਊਡਰ ਤੇ 50 ਨਸ਼ੇ ਵਾਲੇ ਇੰਜੈਕਸ਼ਨ ਬਰਾਮਦ ਕੀਤੇ ਗਏ । ਮੁਲਜ਼ਮ ਗੁਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਇਕ ਨਾਈਜੀਰੀਅਨ ਸਮੇਤ ਕੁਲ ਚਾਰ ਹੋਰ ਮੁਲਜ਼ਮਾਂ ਨੂੰ ਵੀ ਨਸ਼ੇ ਵਾਲੇ ਪਾਊਡਰ, ਨਸ਼ੇ ਵਾਲੇ ਇੰਜੈਕਸ਼ਨਾਂ ਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ । ਇਨ੍ਹਾਂ ਚਾਰਾਂ ਮੁਲਜ਼ਮਾਂ ਦੇ ਨਾਮ ਸੁਖਦੇਵ ਸਿੰਘ, ਪ੍ਰਵੀਨ ਲਤਾ, ਨਾਈਜੀਰੀਅਨ ਨਾਗਰਿਕ ਇਜੂਚੂਕਵੂ ਜੌਨਾਥਨ ਚੁਕੁਵੂ ਤੇ ਰਮਨਦੀਪ ਕੌਰ ਦੱਸੇ ਜਾਂਦੇ ਹਨ।

ਐੱਸ. ਐੱਚ. ਓ. ਸੋਹਾਣਾ ਰਾਜੇਸ਼ ਹਸਤੀਰ ਨੇ ਦੱਸਿਆ ਕਿ ਮੁਲਜ਼ਮ ਸੁਖਦੇਵ ਸਿੰਘ ਨਿਵਾਸੀ ਪਿੰਡ ਬੌਂਦਲੀ (ਸਮਰਾਲਾ) ਜ਼ਿਲਾ ਲੁਧਿਆਣਾ ਦੀ ਤਾਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 10 ਗਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ ਅਤੇ ਮੁਲਜ਼ਮ ਪ੍ਰਵੀਨ ਲਤਾ ਨਿਵਾਸੀ ਪਿੰਡ ਬੌਂਦਲੀ ਜੋ ਕਿ ਇਸ ਸਮੇਂ ਪਿੰਡ ਸੋਹਾਣਾ ਵਿਚ ਕਿਰਾਏਦਾਰ ਦੇ ਤੌਰ 'ਤੇ ਰਹਿ ਰਹੀ ਹੈ, ਦੇ ਕਬਜ਼ੇ ਵਿਚੋਂ ਪੁਲਸ ਨੇ 30 ਗਰਾਮ ਨਸ਼ੇ ਵਾਲਾ ਪਾਊਡਰ ਅਤੇ 20 ਇੰਜੈਕਸ਼ਨ ਬਰਾਮਦ ਕੀਤੇ ਹੋਏ ਹਨ । ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਅਤੇ ਪ੍ਰਵੀਨ ਲਤਾ ਦੀ ਨਿਸ਼ਾਨਦੇਹੀ ਉੱਤੇ ਨਾਈਜੀਰੀਅਨ ਨਾਗਰਿਕ ਇਜੂਚੂਕਵੂ ਜੌਨਾਥਨ ਚੁਕੁਵੂ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਨਵੀਂ ਦਿੱਲੀ ਦੇ ਦੇਵਲੀ ਰੋਡ ਉੱਤੇ ਸਥਿਤ ਰਾਜੂ ਪਾਰਕ ਖੇਤਰ ਦਾ ਰਹਿਣ ਵਾਲਾ ਹੈ। ਉਸ ਦੇ ਕਬਜ਼ੇ ਵਿਚੋਂ ਪੁਲਸ ਨੇ 1 ਲੱਖ 36 ਹਜ਼ਾਰ 900 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਉਸ ਦੀ ਇਕ ਸਾਥੀ ਮਹਿਲਾ ਰਮਨਦੀਪ ਕੌਰ ਨਿਵਾਸੀ ਪਿੰਡ ਧੀਣਾ ਜ਼ਿਲਾ ਜਲੰਧਰ ਨੂੰ 10 ਗਰਾਮ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਇਸ ਸਮੇਂ ਸੰਗਮ ਵਿਹਾਰ ਨਵੀਂ ਦਿੱਲੀ ਵਿਚ ਰਹਿ ਰਹੀ ਸੀ। ਸਾਰੇ ਮੁਲਜ਼ਮਾਂ ਖਿਲਾਫ ਪੁਲਸ ਸਟੇਸ਼ਨ ਸੋਹਾਣਾ ਵਿਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 4 ਸਤੰਬਰ ਤਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
 


Related News