ਨਸ਼ਾ ਸਮੱਗਲਿੰਗ ਨੈੱਟਵਰਕ ''ਚ ਸ਼ਾਮਲ ਹਨ ਬਾਹਰਲੇ ਮੁਲਕਾਂ ਦੀਆਂ ਲੜਕੀਆਂ

Friday, Jan 26, 2018 - 07:16 AM (IST)

ਨਸ਼ਾ ਸਮੱਗਲਿੰਗ ਨੈੱਟਵਰਕ ''ਚ ਸ਼ਾਮਲ ਹਨ ਬਾਹਰਲੇ ਮੁਲਕਾਂ ਦੀਆਂ ਲੜਕੀਆਂ

ਜਲੰਧਰ, (ਪ੍ਰੀਤ)- ਨਸ਼ਾ ਸਮੱਗਲਰ ਓਸਟੋ ਕੇ. ਸੀ. ਉਰਫ ਜਾਨ ਦੇ ਹੈਰੋਇਨ ਸਮੱਗਲਿੰਗ ਨੈਟਵਰਕ ਵਿਚ ਕੀਨੀਆ, ਨਾਈਜੀਰੀਅਨ, ਅਫਰੀਕੀ ਦੇਸ਼ਾਂ ਦੀਆਂ ਕਰੀਬ 2 ਦਰਜਨ ਲੜਕੀਆਂ ਸ਼ਾਮਲ ਹਨ। ਜਿਨ੍ਹਾਂ ਦਾ ਉਹ ਵਾਰੀ-ਵਾਰੀ ਹੈਰੋਇਨ ਸਮੱਗਲਿੰਗ ਲਈ ਇਸਤੇਮਾਲ ਕਰਦਾ ਸੀ। ਹਰ ਵਾਰ ਕੰਸਾਈਨਮੈਂਟ ਸਪਲਾਈ ਕਰਨ ਦੇ ਸਮੇਂ ਨਵੀਂ ਲੜਕੀ ਹੁੰਦੀ ਅਤੇ ਉਸ ਨੂੰ ਨਵਾਂ ਨੰਬਰ ਦਿੱਤਾ ਜਾਂਦਾ ਸੀ। ਇਨ੍ਹਾਂ ਤੱਥਾਂ ਦਾ ਖੁਲਾਸਾ ਅੱਜ ਹੀ ਪ੍ਰੋਡਕਸ਼ਨ ਵਾਰੰਟ 'ਤੇ ਜਲੰਧਰ ਦਿਹਾਤੀ ਪੁਲਸ ਵੱਲੋਂ ਲਿਆਂਦੇ ਗਏ ਓਸਟੋ  ਉਰਫ ਜਾਨ ਤੋਂ ਪੁੱਛਗਿੱਛ ਵਿਚ ਹੋਇਆ ਹੈ। ਜਲੰਧਰ ਦਿਹਾਤੀ ਪੁਲਸ ਦੀ ਟੀਮ ਓਸਟੋ ਉਰਫ ਜਾਨ, ਮਾਮੂ ਅਤੇ ਨਾਈਜੀਰੀਅਨ ਮਹਿਲਾ ਸਮੱਗਲਰ ਫੇਥ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਪੁਲਸ ਸੂਤਰਾਂ ਮੁਤਾਬਕ ਓਸਟੋ ਉਰਫ ਕੇ. ਸੀ. ਉਰਫ ਜਾਨ ਦਾ ਨਾਂ ਕੁਝ ਦਿਨ ਪਹਿਲਾਂ ਜਲੰਧਰ ਦਿਹਾਤੀ ਪੁਲਸ ਵਲੋਂ ਫੜੀ ਗਈ ਮਹਿਲਾ ਸਮੱਗਲਰ ਫੇਥ, ਉਸ ਦੇ ਸਾਥੀ ਪੁਨੀਤ ਅਤੇ ਕਰਮਜੀਤ ਕੋਲੋਂ ਪੁੱਛਗਿੱਛ ਵਿਚ ਸਾਹਮਣੇ ਆਇਆ ਸੀ। ਪੁਲਸ ਨੇ ਮਾਮੂ ਅਤੇ ਓਸਟੋ ਦਾ 2 ਦਿਨਾਂ ਦਾ ਪੁਲਸ ਰਿਮਾਂਡ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਓਸਟੋ ਕੋਲੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਹੈ ਕਿ ਉਸ ਦਾ ਹੈਰੋਇਨ ਸਮੱਗਲਿੰਗ ਦਾ ਨੈੱਟਵਰਕ ਦਿੱਲੀ ਤੋਂ ਚੱਲ ਰਿਹਾ ਹੈ। ਪਤਾ ਲੱਗਾ ਹੈ ਕਿ ਓਸਟੋ ਦੇ ਸੰਪਰਕ ਵਿਚ ਕੀਨੀਆ, ਨਾਈਜੀਰੀਆ, ਅਫਰੀਕੀ ਦੇਸ਼ਾਂ ਦੀਆਂ 2 ਦਰਜਨਾਂ ਦੇ ਕਰੀਬ ਲੜਕੀਆਂ ਹਨ, ਜੋ ਕਿ ਇਥੇ ਟੂਰਿਸਟ ਵੀਜ਼ਾ 'ਤੇ ਆਉਂਦੀਆਂ ਹਨ। ਉਹ ਉਕਤ ਲੜਕੀਆਂ ਨੂੰ ਸਮੇਂ-ਸਮੇਂ 'ਤੇ ਪੰਜਾਬ, ਹਰਿਆਣਾ ਵਿਚ ਹੈਰੋਇਨ ਸਪਲਾਈ ਕਰਨ ਲਈ ਭੇਜਦਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਓਸਟੋ ਉਰਫ ਕੇ. ਸੀ. ਦੇ ਕਰਿੰਦੇ ਦਿੱਲੀ ਵਿਚ ਮਹਿਲਾ ਸਮੱਗਲਰ ਨਾਲ ਸੰਪਰਕ ਕਰ ਕੇ ਹੈਰੋਇਨ ਦੀ ਭਰੀ ਕਿੱਟ ਦਿੰਦੇ ਅਤੇ ਨਾਲ ਹੀ ਫੋਨ ਦਿੰਦੇ। ਹਰ ਕੰਨਸਾਈਨਮੈਂਟ ਪਹੁੰਚਣ ਦੇ ਸਮੇਂ ਜ਼ਿਆਦਾਤਰ ਨਵੇਂ ਫੋਨ ਦੀ ਹੀ ਵਰਤੋਂ ਕੀਤੀ ਜਾਂਦੀ। ਹਰੇਕ ਲੜਕੀ ਨੂੰ ਇਕ ਚੱਕਰ ਦੇ ਪੈਸੇ ਦਿੱਤੇ ਜਾਂਦੇ ਸਨ। ਸਮੱਗਲਿੰਗ ਵਿਚ ਲੜਕੀਆਂ ਨੂੰ ਹਰ ਵਾਰ ਰੋਟੇਟ ਕੀਤਾ ਜਾਂਦਾ ਸੀ। ਇਕ ਲੜਕੀ ਨੂੰ ਵਾਰ-ਵਾਰ ਇਕ ਹੀ ਏਰੀਆ ਵਿਚ ਨਹੀਂ ਭੇਜਿਆ ਜਾਂਦਾ ਸੀ। ਸੂਤਰਾਂ ਨੇ ਦੱਸਿਆ ਕਿ ਕੁਝ ਕੋਰੀਅਰ ਲੜਕੀਆਂ ਦੇ ਨਾਂ ਵੀ ਪੁਲਸ ਨੂੰ ਮਿਲੇ ਹਨ ਪਰ ਇਹ ਵੀ ਪਤਾ ਲੱਗਾ ਕਿ ਕਈ ਲੜਕੀਆਂ ਸਮੇਂ-ਸਮੇਂ 'ਤੇ ਵਾਪਸ ਵੀ ਮੁੜ ਚੁੱਕੀਆਂ ਹਨ।


Related News