ਅਦਾਲਤਾਂ ਨੇ ਨਸ਼ਾ ਸਮੱਗਲਰਾਂ ਨੂੰ ਸੁਣਾਈ 10-10 ਸਾਲ ਦੀ ਕੈਦ
Friday, Aug 03, 2018 - 01:26 AM (IST)

ਅੰਮ੍ਰਿਤਸਰ, (ਮਹਿੰਦਰ)- ਨਸ਼ੇ ਵਾਲਾ ਪਾਊਡਰ ਬਰਾਮਦ ਕੀਤੇ ਜਾਣ ਦੇ 2 ਵੱਖ-ਵੱਖ ਮਾਮਲਿਆਂ ’ਚ ਸਥਾਨਕ 2 ਅਦਾਲਤਾਂ ਨੇ 2 ਨਸ਼ਾ ਸਮੱਗਲਰਾਂ ਨੂੰ 10-10 ਸਾਲ ਦੀ ਕੈਦ ਤੇ 1-1 ਲੱਖ ਰੁਪਏ ਜੁਰਮਾਨਾ ਕੀਤੇ ਜਾਣ ਦੀ ਸਜ਼ਾ ਸੁਣਾਈ ਹੈ।
ਥਾਣਾ ਇਸਲਾਮਾਬਾਦ ਨਾਲ ਸਬੰਧਤ ਪਹਿਲਾ ਮਾਮਲਾ
ਪਹਿਲੇ ਮਾਮਲੇ ’ਚ 17-11-2014 ਨੂੰ ਸਥਾਨਕ ਥਾਣਾ ਇਸਲਾਮਾਬਾਦ ਵਿਚ ਤਾਇਨਾਤ ਏ. ਐੱਸ. ਆਈ. ਤੇਜਿੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਜੁਰਮ ਪੇਸ਼ੇਵਰ ਲੋਕਾਂ ਦੀ ਤਲਾਸ਼ ਵਿਚ ਬੇਦੀ ਪੈਟਰੋਲ ਪੰਪ ਤੋਂ ਝਬਾਲ ਰੋਡ ਵਾਲੇ ਪਾਸੇ ਗਸ਼ਤ ਕਰ ਰਹੇ ਸਨ, ਇਸ ਦੌਰਾਨ ਬੱਕਰ ਮੰਡੀ ਮੋਡ਼ ਨੇਡ਼ਿਓਂ ਪੁਲਸ ਨੇ ਵਰਿਆਮ ਸਿੰਘ ਕਾਲੋਨੀ ਵਾਸੀ ਹੈਪੀ ਗਿੱਲ ਪੁੱਤਰ ਕਾਲੀ ਗਿੱਲ ਨੂੰ ਸ਼ੱਕ ਦੇੇ ਅਾਧਾਰ ’ਤੇ ਕਾਬੂ ਕੀਤਾ ਸੀ, ਜਿਸ ਦੇ ਕਬਜ਼ੇ ’ਚੋਂ ਪੁਲਸ ਪਾਰਟੀ ਨੇ 80 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕਰਨ ਦਾ ਦਾਅਵਾ ਕਰਦਿਅਾਂ ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 22-61-85 ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਇਸ ਮਾਮਲੇ ਵਿਚ ਸਥਾਨਕ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਨਸ਼ਾ ਸਮੱਗਲਰ ਹੈਪੀ ਗਿੱਲ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨਾ ਕੀਤੇ ਜਾਣ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਰਾਸ਼ੀ ਨਾ ਅਦਾ ਕਰਨ ’ਤੇ ਉਸ ਨੂੰ ਇਕ ਸਾਲ ਦੀ ਹੋਰ ਕੈਦ ਹੋਵੇਗੀ।
ਥਾਣਾ ਸੁਲਤਾਨਵਿੰਡ ਨਾਲ ਸਬੰਧਤ ਦੂਜਾ ਮਾਮਲਾ
ਦੂਸਰੇ ਮਾਮਲੇ ’ਚ 17-12-2015 ਨੂੰ ਥਾਣਾ ਸੁਲਤਾਨਵਿੰਡ ਵਿਚ ਤਾਇਨਾਤ ਏ. ਐੱਸ. ਆਈ. ਹਰਬੰਸ ਸਿੰਘ ਉਸ ਦਿਨ ਆਪਣੀ ਪੁਲਸ ਪਾਰਟੀ ਨਾਲ ਜੁਰਮ ਪੇਸ਼ੇਵਰ ਲੋਕਾਂ ਦੀ ਤਲਾਸ਼ ਵਿਚ ਪੁਲਸ ਥਾਣਾ ਸੁਲਤਾਨਵਿੰਡ ਵੱਲੋਂ ਅਾਬਾਦੀ ਸ਼ਹੀਦ ਊਧਮ ਸਿੰਘ ਨਗਰ ਵੱਲ ਗਸ਼ਤ ਕਰ ਰਹੇ ਸਨ, ਇਸ ਦੌਰਾਨ ਰਾਂਝੇ ਦੀ ਹਵੇਲੀ ਨੇਡ਼ੇ ਪੁਲਸ ਪਾਰਟੀ ਨੇ ਤਰਨਤਾਰਨ ਜ਼ਿਲੇ ਦੇ ਪਿੰਡ ਵਲਟੋਹਾ ਦੀ ਪੱਤੀ ਦਿਓਲ ਵਾਸੀ ਸਾਹਿਬ ਸਿੰਘ ਪੁੱਤਰ ਦਿਲਬਾਗ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਸੀ, ਜਿਸ ਦੇ ਕਬਜ਼ੇ ’ਚੋਂ ਪੁਲਸ ਪਾਰਟੀ ਨੇ 180 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 22-61-85 ਤਹਿਤ ਮੁਕੱਦਮਾ ਨੰਬਰ 305/2015 ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਇਸ ਮਾਮਲੇ ਵਿਚ ਸਥਾਨਕ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਅਵਤਾਰ ਸਿੰਘ ਦੀ ਅਦਾਲਤ ਨੇ ਦੋਸ਼ੀ ਨਸ਼ਾ ਸਮੱਗਲਰ ਸਾਹਿਬ ਸਿੰਘ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨਾ ਵੀ ਕੀਤੇ ਜਾਣ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਰਾਸ਼ੀ ਨਾ ਅਦਾ ਕਰਨ ’ਤੇ ਉਸ ਨੂੰ 6 ਮਹੀਨੇ ਦੀ ਹੋਰ ਕੈਦ ਹੋਵੇਗੀ।