ਗਿੱਦੜਬਾਹਾ ''ਚ ਰੇਡ ਕਰਨ ਗਈ ਪੁਲਸ ਪਾਰਟੀ ’ਤੇ ਹਮਲਾ, ਬਣਾਇਆ ਬੰਦੀ

Saturday, Apr 09, 2022 - 06:01 PM (IST)

ਗਿੱਦੜਬਾਹਾ (ਚਾਵਲਾ) :  ਨਸ਼ਾ ਵੇਚਣ ਦੇ ਮਾਮਲੇ ਵਿਚ ਰੇਡ ਕਰਨ ਗਈ ਪੁਲਸ ਪਾਰਟੀ ’ਤੇ ਕਥਿਤ ਦੋਸ਼ੀ ਵਲੋਂ ਆਪਣੀ ਮਾਤਾ, ਭਰਾ ਅਤੇ ਹੋਰ ਵਿਅਕਤੀਆਂ ਨਾਲ ਮਿਲ ਕੇ ਪੁਲਸ ਪਾਰਟੀ ’ਤੇ ਹਮਲਾ ਕਰਨ, ਏ. ਐੱਸ. ਆਈ. ਦੀ ਵਰਦੀ ਪਾੜ੍ਹਣ, ਪੁਲਸ ਮੁਲਾਜ਼ਮਾਂ ਨੂੰ ਆਪਣੇ ਘਰ ਵਿਚ ਬੰਦੀ ਬਣਾਉਣ, ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਅਤੇ ਪੁਲਸ ਪਾਰਟੀ 'ਤੇ ਕੁੱਤਾ ਛੱਡਣ ਦੇ ਦੋਸ਼ ਵਿਚ ਥਾਣਾ ਗਿੱਦੜਬਾਹਾ ਪੁਲਸ ਨੇ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ :   ਪੰਜਾਬ ਦੇ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਨਵੇਂ ਆਦੇਸ਼ ਜਾਰੀ

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗਿੱਦੜਬਾਹਾ ਦੇ ਡੀ. ਐੱਸ. ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਗਿੱਦੜਬਾਹਾ ਪੁਲਸ ਨੇ 10 ਗ੍ਰਾਮ ਹੈਰੋਇਨ ਸਮੇਤ ਕਥਿਤ ਦੋਸ਼ੀ ਨਰਿੰਦਰ ਕੁਮਾਰ ਉਰਫ ਬੰਟੀ ਵਾਸੀ ਦਸਮੇਸ਼ ਨਗਰ ਗਿੱਦੜਬਾਹਾ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਸੰਨੀ ਕੁਮਾਰ ਪੁੱਤਰ ਮੁਰਾਰੀ ਲਾਲ ਵਾਸੀ ਖਟੀਕ ਮੁਹੱਲਾ ਗਿੱਦੜਬਾਹਾ ਤੇ ਲਖਣਪਾਲ ਵਾਸੀ ਵਾਲਮੀਕ ਮੁਹੱਲਾ ਗਿੱਦੜਬਾਹਾ ਵਿਰੁੱਧ ਮਾਮਲਾ ਦਰਜ ਕੀਤਾ ਸੀ। 8 ਅਪ੍ਰੈਲ ਨੂੰ ਪੁਲਸ ਵਲੋਂ ਉਕਤ ਮਾਮਲੇ ’ਚ ਕਥਿਤ ਦੋਸ਼ੀ ਲਖਣਪਾਲ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕੀਤੀ ਗਈ ਪੁੱਛਗਿੱਛ ’ਤੇ ਲਖਣਪਾਲ ਨੇ ਦੱਸਿਆ ਕਿ ਯੋਗੇਸ਼ ਕੁਮਾਰ ਉਰਫ ਮੀਤੂ ਨਾਮੀ ਵਿਅਕਤੀ ਉਨ੍ਹਾਂ ਕੋਲ ਨਸ਼ਾ ਸਪਲਾਈ ਕਰਦਾ ਹੈ। ਇਸ ਉਪਰੰਤ ਪੁਲਸ ਪਾਰਟੀ ਨੇ ਉਕਤ ਯੋਗੇਸ਼ ਕੁਮਾਰ ਦੇ ਘਰ ਦਸਮੇਸ਼ ਨਗਰ ਗਿੱਦੜਬਾਹਾ ਵਿਖੇ ਰੇਡ ਕੀਤੀ ਤਾਂ ਯੋਗੇਸ਼ ਕੁਮਾਰ, ਇਸਦੇ ਭਰਾ ਮੁਕੇਸ਼ ਕੁਮਾਰ ਉਰਫ ਗੋਰੀ, ਮਾਤਾ ਸੰਤੋਸ਼ ਦੇਵੀ, ਜਸਵੰਤ ਰਾਏ ਉਰਫ ਸੀਤੂ ਪੁੱਤਰ ਹਰੀ ਚੰਦ  ਰੇਡ ਕਰਨ ਗਈ ਪੁਲਸ ਪਾਰਟੀ ਨਾਲ ਗਾਲੀ-ਗਲੋਚ ਕਰਨ ਲੱਗ ਪਏ।ਇਨ੍ਹਾਂ ਏ. ਐੱਸ. ਆਈ. ਦੀ ਵਰਦੀ ਪਾੜ੍ਹ ਦਿੱਤੀ ਅਤੇ ਪੁਲਸ ਪਾਰਟੀ ਨਾਲ ਹੱਥੋਪਾਈ ਕਰਨ ਉਪਰੰਤ ਆਪਣੇ ਘਰ ਦਾ ਮੁੱਖ ਗੇਟ ਬੰਦ ਕਰ ਕੇ ਪੁਲਸ ਮੁਲਾਜ਼ਮਾਂ ਨੂੰ ਬੰਦੀ ਬਣਾਉਂਦੇ ਹੋਏ ਕੁੱਤਾ ਛੱਡ ਦਿੱਤਾ। ਇਸ ਉਪਰੰਤ 5-7 ਅਣਪਛਾਤੇ ਵਿਅਕਤੀਆਂ ਨੂੰ ਘਰ ਦੇ ਮੁੱਖ ਗੇਟ ਦੇ ਬਾਹਰ ਖੜ੍ਹਾ ਕਰ ਦਿੱਤਾ।

PunjabKesari

ਇਹ ਵੀ ਪੜ੍ਹੋ :  ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ

ਪੁਲਸ ਮੁਲਾਜ਼ਮਾਂ ਨੂੰ ਬੰਦੀ ਬਣਾਏ ਜਾਣ ਦੀ ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਨਰਿੰਦਰ ਸਿੰਘ ਸਮੇਤ ਥਾਣਾ ਗਿੱਦੜਬਾਹਾ ਦੇ ਐੱਸ. ਐੱਚ. ਓ. ਅੰਗਰੇਜ਼ ਕੁਮਾਰ ਅਤੇ ਹੋਰ ਪੁਲਸ ਮੁਲਾਜ਼ਮਾਂ ਨੂੰ ਲੈ ਕੇ ਮੌਕੇ ’ਤੇ ਪੁੱਜੇ ਅਤੇ ਬੰਧਕ ਪੁਲਸ ਮੁਲਾਜ਼ਮਾਂ ਨੂੰ ਯੋਗੇਸ਼ ਕੁਮਾਰ ਆਦਿ ਪਾਸੋਂ ਛੁਡਵਾਇਆ। ਥਾਣਾ ਗਿੱਦੜਬਾਹਾ ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


 


Harnek Seechewal

Content Editor

Related News