ਨਸ਼ਾ ਸਮੱਗਲਰ ਦੀ ਜਾਇਦਾਦ ਨੂੰ ਕੀਤਾ ਜ਼ਬਤ
Sunday, Oct 08, 2023 - 06:06 PM (IST)
ਬਠਿੰਡਾ (ਵਰਮਾ) : ਜ਼ਿਲ੍ਹਾ ਪੁਲਸ ਨੇ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਦਿਆਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਥਰਮਲ ਥਾਣੇ ਦੀ ਪੁਲਸ ਨੇ ਇਕ ਨਸ਼ਾ ਸਮੱਗਲਰ ਦੀ ਬੈਂਕ ਕਾਲੋਨੀ ’ਚ ਸਥਿਤ ਇਕ ਵੱਡੀ ਇਮਾਰਤ ਨੂੰ ਫਰੀਜ਼ ਕਰ ਦਿੱਤਾ ਹੈ, ਜਿਸ ਦੀ ਬਾਜ਼ਾਰੀ ਕੀਮਤ ਇਕ ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਈ ਨਸ਼ਾ ਸਮੱਗਲਰਾਂ ਦੀਆਂ ਸੂਚੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨੇ ਨਸ਼ਾ ਵੇਚ ਕੇ ਸ਼ਹਿਰ ’ਚ ਵੱਡੀਆਂ ਜਾਇਦਾਦਾਂ ਬਣਾਈਆਂ ਹਨ।
ਉਨ੍ਹਾਂ ਦੱਸਿਆ ਕਿ ਹੁਣ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਰਮਲ ਥਾਣੇ ਦੇ ਇੰਚਾਰਜ ਐੱਸ. ਆਈ. ਹਰਜੋਤ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਦੀਆਂ ਹਦਾਇਤਾਂ ’ਤੇ ਨਸ਼ਾ ਸਮੱਗਲਰਾਂ ਵੱਲੋਂ ਨਸ਼ਾ ਵੇਚ ਕੇ ਬਣਾਈਆਂ ਜਾਇਦਾਦਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ | ਉਸ ਨੇ ਦੱਸਿਆ ਕਿ ਬੈਂਕ ਕਾਲੋਨੀ ’ਚ ਸਥਿਤ ਉਕਤ ਜਾਇਦਾਦ ਨੂੰ ਫਰੀਜ਼ ਕਰ ਦਿੱਤਾ ਗਿਆ ਹੈ, ਜਿਸ ਕਾਰਨ ਮੁਲਜ਼ਮ ਵਿਅਕਤੀ ਇਸ ਨੂੰ ਵੇਚ ਨਹੀਂ ਸਕੇਗਾ, ਜਦੋਂ ਕਿ ਉਸ ਖ਼ਿਲਾਫ਼ ਕੇਸ ਚੱਲ ਰਿਹਾ ਹੈ।