7 ਕਰੋੜ ਦੀ ਹੈਰੋਇਨ ਸਮੇਤ ਐਕਟਿਵਾ ਸਵਾਰ ਤਸਕਰ ਕਾਬੂ

Thursday, Feb 03, 2022 - 02:10 PM (IST)

7 ਕਰੋੜ ਦੀ ਹੈਰੋਇਨ ਸਮੇਤ ਐਕਟਿਵਾ ਸਵਾਰ ਤਸਕਰ ਕਾਬੂ

ਲੁਧਿਆਣਾ (ਅਨਿਲ) : ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਟੀਮ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਬੀਤੀ ਰਾਤ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਇਕ ਨਸ਼ਾ ਤਸਕਰ ਨੂੰ 1 ਕਿਲੋ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਦਵਿੰਦਰ ਚੌਧਰੀ ਅਤੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਪੁਲਸ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਸੀ ਕਿ ਇਕ ਨਸ਼ਾ ਤਸਕਰ ਗੁਰੂ ਅਰਜਨ ਦੇਵ ਨਗਰ ਤੋਂ ਐਕਟਿਵਾ ’ਤੇ ਸਵਾਰ ਹੋ ਕੇ ਸਮਰਾਲਾ ਚੌਂਕ ਵੱਲ ਹੈਰੋਇਨ ਦੀ ਵੱਡੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਜਾ ਰਿਹਾ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਟੀ. ਐੱਫ. ਦੀ ਟੀਮ ਨੇ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਐਕਟਿਵਾ ਸਵਾਰ ਵਿਅਕਤੀ ਨੂੰ ਚੈਕਿੰਗ ਲਈ ਰੋਕਿਆ।

ਜਦ ਪੁਲਸ ਨੇ ਉਕਤ ਵਿਅਕਤੀ ਦੀ ਐਕਟਿਵਾ ਦੀ ਸੀਟ ਨੂੰ ਖੋਲ੍ਹਿਆ ਤਾਂ ਉਸ ’ਚੋਂ 1 ਕਿੱਲੋ 400 ਗ੍ਰਾਮ ਹੈਰੋਇਨ, 41 ਹਜ਼ਾਰ ਦੀ ਡਰੱਗ ਮਨੀ, ਇਕ ਇਲੈਕਟ੍ਰਾਨਿਕ ਕੰਡਾ ਅਤੇ ਪਲਾਸਟਿਕ ਦੇ ਖ਼ਾਲੀ ਲਿਫ਼ਾਫ਼ੇ, ਜਿਸ ਵਿਚ ਹੈਰੋਇਨ ਪਾ ਕੇ ਗਾਹਕਾਂ ਨੂੰ ਦਿੰਦਾ ਸੀ, ਬਰਾਮਦ ਕੀਤੇ। ਪੁਲਸ ਨੇ ਐਕਟਿਵਾ ਸਵਾਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਪਛਾਣ ਪ੍ਰਦੀਪ ਸਿੰਘ ਉਰਫ਼ ਰਾਜਵੀਰ (37) ਪੁੱਤਰ ਪਰਮਜੀਤ ਸਿੰਘ ਵਾਸੀ ਮੁਹੱਲਾ ਗੁਰੂ ਅਰਜਨ ਦੇਵ ਨਗਰ ਦੇ ਰੂਪ ’ਚ ਕੀਤੀ ਗਈ।

ਪੁਲਸ ਨੇ ਮੁਲਜ਼ਮ ਸਮੱਗਲਰ ਖ਼ਿਲਾਫ਼ ਮੋਹਾਲੀ ਐੱਸ. ਟੀ. ਐੱਫ. ਥਾਣੇ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ’ਚ 7 ਕਰੋੜ ਰੁਪਏ ਦੱਸੀ ਜਾ ਰਹੀ ਹੈ।


author

Babita

Content Editor

Related News