ਡਰੱਗ ਰੈਕੇਟ : ਗਾਬਾ ਦੀ 5.5 ਕਰੋੜ ਦੀ ਜ਼ਮੀਨ ਜ਼ਬਤ
Tuesday, Aug 22, 2017 - 07:21 AM (IST)

ਜਲੰਧਰ, (ਪ੍ਰੀਤ)— ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਡਰੱਗ ਰੈਕੇਟ ਨਾਲ ਜੁੜੇ ਅਕਾਲੀ ਆਗੂ ਚੂਨੀ ਲਾਲ ਗਾਬਾ ਦੀ ਪਿੰਡ ਦੁਸਾਂਝ ਖੁਰਦ ਸਥਿਤ ਕਰੋੜਾਂ ਰੁਪਏ ਦੀ ਕੀਮਤ ਦੀ ਐਗਰੀਕਲਚਰ ਲੈਂਡ ਜ਼ਬਤ ਕਰ ਲਈ। ਈ. ਡੀ. ਟੀਮ ਨੇ ਮੌਕੇ 'ਤੇ ਜਾ ਕੇ ਪ੍ਰਾਪਰਟੀ ਅਟੈਚ ਸੰਬੰਧੀ ਬੋਰਡ ਲਾਏ। ਓਧਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਵੀ ਬੇਲ ਐਪਲੀਕੇਸ਼ਨ ਡਿਸਮਿਸ ਹੋਣ ਦੇ ਬਾਵਜੂਦ ਸਰੰਡਰ ਨਾ ਕਰਨ ਵਾਲੇ ਚੂਨੀ ਲਾਲ ਗਾਬਾ ਨੂੰ ਕਾਬੂ ਕਰਨ ਲਈ ਇਕ ਵਾਰ ਫਿਰ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸੂਬੇ ਦੇ 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਰੈਕੇਟ ਦੀ ਜਾਂਚ ਦੌਰਾਨ ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਗੁਰਾਇਆ ਦੇ ਅਕਾਲੀ ਆਗੂ ਚੂਨੀ ਲਾਲ ਗਾਬਾ ਤੇ ਉਸਦੇ ਪਰਿਵਾਰਕ ਮੈਂਬਰਾਂ 'ਤੇ ਸ਼ਿਕੰਜਾ ਕੱਸਿਆ। ਜਾਂਚ ਵਿਚ ਖੁਲਾਸਾ ਹੋਇਆ ਕਿ ਗਾਬਾ ਪਰਿਵਾਰ ਨੇ ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਦੇ ਬੇਟੇ ਦਮਨਵੀਰ ਸਿੰਘ ਫਿਲੌਰ ਦੇ ਡਰੱਗ ਰੈਕੇਟ ਨਾਲ ਜੁੜ ਕੇ ਮੋਟੀ ਕਮਾਈ ਕੀਤੀ। ਪਿਛਲੇ ਸਮੇਂ ਵਿਚ ਈ. ਡੀ. ਨੇ ਗਾਬਾ ਪਰਿਵਾਰ ਦੀ ਕਰੋੜਾਂ ਦੀ ਪ੍ਰਾਪਰਟੀ ਲੱਭ ਕੇ ਕੇਸ ਵਿਚ ਅਟੈਚ ਕੀਤੀ।
ਹੁਣ ਈ. ਡੀ. ਵਲੋਂ ਗਾਬਾ ਦੀਆਂ ਜ਼ਮੀਨਾਂ 'ਤੇ ਕਬਜ਼ਾ ਲੈਣ ਦਾ ਸਿਲਸਿਲਾ ਜਾਰੀ ਹੈ। ਈ. ਡੀ. ਦੇ ਜੁਆਇੰਟ ਡਾਇਰੈਕਟਰ ਗਰੀਸ਼ ਬਾਲੀ ਤੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਦੇ ਨਿਰਦੇਸ਼ਾਂ 'ਤੇ ਈ. ਓ. ਅਨਿਲ ਕੁਮਾਰ ਤੇ ਉਨ੍ਹਾਂ ਦੀ ਟੀਮ ਅੱਜ ਪਿੰਡ ਦੁਸਾਂਝ ਖੁਰਦ ਪਹੁੰਚੀ, ਜਿੱਥੇ ਟੀਮ ਨੇ ਚੂਨੀ ਲਾਲ ਗਾਬਾ ਦੀ ਕਰੀਬ 43 ਕਨਾਲ 6 ਮਰਲੇ ਜ਼ਮੀਨ 'ਤੇ ਕਬਜ਼ਾ ਲਿਆ। ਜ਼ਮੀਨ 'ਤੇ ਈ. ਡੀ. ਵਲੋਂ ਅਟੈਚ ਕੀਤੇ ਜਾਣ ਸੰਬੰਧੀ ਬੋਰਡ ਲਾਇਆ ਗਿਆ ਹੈ।
ਇਸ ਜ਼ਮੀਨ ਦੀ ਮਾਰਕੀਟ ਵੈਲਿਊ ਸਾਢੇ 5 ਕਰੋੜ ਦੱਸੀ ਜਾ ਰਹੀ ਹੈ। ਓਧਰ ਪਤਾ ਲੱਗਾ ਹੈ ਕਿ ਈ. ਡੀ. ਵਲੋਂ ਚੂਨੀ ਲਾਲ ਗਾਬਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਵਿਭਾਗੀ ਸੂਤਰਾਂ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਚੂਨੀ ਲਾਲ ਗਾਬਾ ਵਲੋਂ ਲਗਾਈ ਗਈ ਬੇਲ ਐਪਲੀਕੇਸ਼ਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਡਿਸਮਿਸ ਕਰ ਦਿੱਤੀ ਤੇ ਨਿਰਦੇਸ਼ ਦਿੱਤੇ ਕਿ ਸਪੈਸ਼ਲ ਕੋਰਟ ਵਿਚ ਜਾ ਕੇ ਸਰੰਡਰ ਕਰਨ ਪਰ ਗਾਬਾ ਨੇ ਅਜੇ ਤੱਕ ਸਰੰਡਰ ਨਹੀਂ ਕੀਤਾ। ਪਤਾ ਲੱਗਾ ਹੈ ਕਿ ਈ. ਡੀ. ਵਲੋਂ ਇਸ ਵਕਫੇ ਦੌਰਾਨ ਕਈ ਵਾਰ ਸੰਮਨ ਤੇ ਨੋਟਿਸ ਭੇਜੇ ਗਏ ਪਰ ਗਾਬਾ ਫਿਲਹਾਲ ਫਰਾਰ ਹੈ। ਸੂਤਰਾਂ ਨੇ ਦੱਸਿਆ ਕਿ ਗਾਬਾ ਦੇ ਪੇਸ਼ ਨਾ ਹੋਣ ਕਾਰਨ ਅਦਾਲਤੀ ਪ੍ਰਕਿਰਿਆ ਵਿਚ ਦੇਰ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਈ. ਡੀ. ਵਲੋਂ ਗਾਬਾ ਨੂੰ ਕਾਬੂ ਕਰਨ ਲਈ ਜੁਗਾੜ ਲਾਇਆ ਜਾ ਰਿਹਾ ਹੈ। ਈ. ਡੀ. ਦੀ ਸਪੈਸ਼ਲ ਟੀਮ ਨੇ ਗਾਬਾ ਨੂੰ ਫੜਨ ਲਈ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸਦੇ ਕਰੀਬੀਆਂ ਤੇ ਉਸਦੇ ਟਿਕਾਣਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।