ਪੁਰਾਣੇ ਜ਼ੋਨਾਂ ''ਚ ਹੀ ਨਿਰੀਖਣ ਕਰ ਰਹੇ ਹਨ ਡਰੱਗ ਕੰਟਰੋਲ ਅਫਸਰ

Wednesday, Jan 17, 2018 - 07:48 AM (IST)

ਚੰਡੀਗੜ੍ਹ  (ਅਰਚਨਾ) - ਸ਼ਹਿਰ 'ਚ ਡਰੱਗ ਕੰਟਰੋਲ ਪਾਲਿਸੀ ਦੀਆਂ ਧੱਜੀਆਂ ਉਡ ਰਹੀਆਂ ਹਨ। ਦੋ ਸਾਲ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਦਵਾਈਆਂ ਦੀ ਕੁਆਲਿਟੀ 'ਤੇ ਤਿੱਖੀ ਨਜ਼ਰ ਰੱਖਣ ਲਈ ਡਰੱਗ ਕੰਟਰੋਲ ਪਾਲਿਸੀ ਤੈਅ ਕੀਤੀ ਸੀ। ਪਾਲਿਸੀ ਤਹਿਤ ਸ਼ਹਿਰ ਦੇ ਤਿੰਨ ਜ਼ੋਨਾਂ ਦੇ ਡਰੱਗ ਕੰਟਰੋਲ ਅਫਸਰਾਂ (ਡਰੱਗ ਇੰਸਪੈਕਟਰਾਂ) ਦੇ ਨਿਰੀਖਣ ਖੇਤਰਾਂ ਦਾ ਬਦਲਾਅ ਹਰ 6 ਮਹੀਨਿਆਂ 'ਚ ਕਰਨ ਦਾ ਫੈਸਲਾ ਕੀਤਾ ਗਿਆ ਸੀ। ਸ਼ਹਿਰ 'ਚ 750 ਤੋਂ ਜ਼ਿਆਦਾ ਕੈਮਿਸਟ ਸ਼ਾਪਸ 'ਤੇ ਵਿਕਣ ਵਾਲੀਆਂ ਦਵਾਈਆਂ 'ਤੇ ਨਜ਼ਰ ਰੱਖਣ ਲਈ ਵਿਭਾਗ ਨੇ ਸ਼ਹਿਰ ਨੂੰ ਤਿੰਨ ਜ਼ੋਨਾਂ 'ਚ ਵੰਡਿਆ ਸੀ। ਈਸਟ, ਸੈਂਟਰਲ ਤੇ ਸਾਊਥ ਜ਼ੋਨ ਮੁਤਾਬਕ ਹਰ ਜ਼ੋਨ 'ਚ ਇਕ ਡਰੱਗ ਕੰਟਰੋਲ ਅਫਸਰ ਦੀ ਨਿਯੁਕਤੀ ਕੀਤੀ ਗਈ ਸੀ।
ਪਿਛਲੇ 7 ਮਹੀਨਿਆਂ ਤੋਂ ਅਫਸਰ ਪੁਰਾਣੇ ਜ਼ੋਨਾਂ 'ਚ ਕੰਮ ਕਰ ਰਹੇ ਹਨ, ਜਦੋਂਕਿ ਜ਼ੋਨਾਂ ਦਾ ਬਦਲਾਅ 6 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੀ ਕਰ ਦਿੱਤਾ ਜਾਣਾ ਚਾਹੀਦਾ ਸੀ। ਸੂਤਰਾਂ ਦੀ ਮੰਨੀਏ ਤਾਂ ਡਰੱਗ ਕੰਟਰੋਲ ਅਫਸਰ ਆਪਣੇ ਜ਼ੋਨ 'ਚ ਬਦਲਾਅ ਨਹੀਂ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਜ਼ੋਨ ਦੀਆਂ ਕੈਮਿਸਟ ਸ਼ਾਪਸ ਦੇ ਨਾਲ ਉਨ੍ਹਾਂ ਦੀ ਚੰਗੀ ਸੈਟਿੰਗ ਹੋ ਚੁੱਕੀ ਹੈ ਤੇ ਨਵੇਂ ਜ਼ੋਨ 'ਚ ਤਬਾਦਲੇ ਤੋਂ ਅਫਸਰ ਬਚਣਾ ਚਾਹੁੰਦੇ ਹਨ। ਦੋ ਸਾਲ ਪਹਿਲਾਂ ਖੁੱਡਾ ਜੱਸੂ ਦੀ ਇਕ ਕੈਮਿਸਟ ਸ਼ਾਪ ਨੂੰ ਸੈਂਟਰਲ ਗੌਰਮਿੰਟ ਹਸਪਤਾਲ ਸਪਲਾਈ ਦੀਆਂ ਅਜਿਹੀ ਦਵਾਈਆਂ ਪੀ. ਜੀ. ਆਈ. ਮਰੀਜ਼ਾਂ ਨੂੰ ਵੇਚਦੇ ਹੋਏ ਫੜਿਆ ਗਿਆ ਸੀ, ਜੋ ਮਰੀਜ਼ਾਂ ਨੂੰ ਮੁਫਤ 'ਚ ਮਿਲਣੀਆਂ ਚਾਹੀਦੀਆਂ ਸਨ।
ਕੁਝ ਅਜਿਹੀਆਂ ਦਵਾਈਆਂ ਦੀ ਸੇਲ ਵੀ ਦੁਕਾਨਦਾਰ ਕਰਦੇ ਹਨ, ਜੋ ਡਾਕਟਰ ਦੀ ਸਲਾਹ ਤੋਂ ਬਿਨਾਂ ਮਰੀਜ਼ਾਂ ਨੂੰ ਨਹੀਂ ਵੇਚੀਆਂ ਜਾ ਸਕਦੀਆਂ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ 'ਤੇ ਨਜ਼ਰ ਰੱਖਣ ਦਾ ਕੰਮ ਡਰੱਗ ਕੰਟਰੋਲ ਅਫਸਰਾਂ ਦਾ ਹੀ ਹੁੰਦਾ ਹੈ ਪਰ ਜੇਕਰ ਉਨ੍ਹਾਂ ਦੇ ਖੇਤਰ 'ਚ ਤੈਅ ਸਮੇਂ ਦੇ ਬਾਅਦ ਬਦਲਾਅ ਨਹੀਂ ਕੀਤਾ ਜਾਂਦਾ ਤਾਂ ਅਜਿਹੀਆਂ ਚੀਜ਼ਾਂ, ਜੋ ਮਰੀਜ਼ਾਂ ਦੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ, ਉਹ ਸਾਹਮਣੇ ਨਹੀਂ ਆ ਸਕਣਗੀਆਂ। ਇਸੇ ਤੱਥ ਨੂੰ ਧਿਆਨ 'ਚ ਰੱਖਦੇ ਹੋਏ ਚੰਡੀਗੜ੍ਹ ਦੇ ਹੈਲਥ ਸੈਕਟਰੀ ਅਨੁਰਾਗ ਅਗਰਵਾਲ ਨੇ ਦਸੰਬਰ 2016 'ਚ ਡਰੱਗ ਕੰਟਰੋਲ ਪਾਲਿਸੀ ਬਣਾਈ ਸੀ ਤੇ 6 ਮਹੀਨੇ ਪੂਰੇ ਹੋਣ ਮਗਰੋਂ ਅਫਸਰ ਜ਼ੋਨ 'ਚ ਬਦਲਾਅ ਕੀਤਾ ਜਾਣਾ ਜ਼ਰੂਰੀ ਕੀਤਾ ਸੀ।
ਇਹ ਹਨ ਚੰਡੀਗੜ੍ਹ ਦੇ ਤਿੰਨ ਡਰੱਗ ਕੰਟਰੋਲ ਅਫਸਰ
ਜਸਬੀਰ ਸਿੰਘ : ਪੰਜਾਬ ਤੋਂ ਡੈਪੂਟੇਸ਼ਨ 'ਤੇ ਤਾਇਨਾਤ
ਸਾਰਿਕਾ ਮਲਿਕ : ਹਰਿਆਣਾ ਤੋਂ ਡੈਪੂਟੇਸ਼ਨ 'ਤੇ ਤਾਇਨਾਤ। ਸਾਰਿਕਾ, ਹਰਿਆਣਾ ਦੀ ਪਹਿਲੀ ਮਹਿਲਾ ਡਰੱਗ ਕੰਟਰੋਲ ਅਫਸਰ ਵੀ ਹਨ।
ਅਮਿਤ ਦੁੱਗਲ : ਪੰਜਾਬ ਤੋਂ ਡੈਪੂਟੇਸ਼ਨ 'ਤੇ ਤਾਇਨਾਤ
9 ਸਾਲਾਂ ਤਕ ਖਾਲੀ ਰਹੀਆਂ ਦੋ ਡਰੱਗ ਇੰਸਪੈਕਟਰਾਂ ਦੀਆਂ ਪੋਸਟਾਂ
ਚੰਡੀਗੜ੍ਹ ਦੇ ਸਿਹਤ ਵਿਭਾਗ 'ਚ ਡਰੱਗ ਇੰਸਪੈਕਟਰਾਂ ਦੀਆਂ ਤਿੰਨ ਪੋਸਟਾਂ ਹਨ। ਪਿਛਲੇ 9 ਸਾਲਾਂ ਤੋਂ ਇਨ੍ਹਾਂ ਦੀਆਂ ਦੋ ਪੋਸਟਾਂ ਖਾਲੀ ਸਨ। ਸਾਬਕਾ ਡਰੱਗ ਕੰਟਰੋਲ ਅਫਸਰ (ਡਰੱਗ ਇੰਸਪੈਕਟਰ) ਸੁਨੀਲ ਚੌਧਰੀ 8 ਸਾਲ ਇਕੱਲੇ ਪੂਰੇ ਚੰਡੀਗੜ੍ਹ ਦੀਆਂ ਦਵਾਈ ਦੀਆਂ ਦੁਕਾਨਾਂ 'ਤੇ ਨਜ਼ਰ ਰੱਖਦੇ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਦੋ ਹੋਰ ਡਰੱਗ ਇੰਸਪੈਕਟਰਾਂ ਦੀ ਪੋਸਟ ਖਾਲੀ ਹੀ ਰਹੀ। ਉਨ੍ਹਾਂ ਦਾ ਡੈਪੂਟੇਸ਼ਨ ਪੀਰੀਅਡ ਪੂਰਾ ਹੋਣ ਦੇ ਬਾਅਦ ਜਸਬੀਰ ਸਿੰਘ ਚੰਡੀਗੜ੍ਹ ਦੇ ਡਰੱਗ ਕੰਟਰੋਲ ਅਫਸਰ (ਡਰੱਗ ਇੰਸਪੈਕਟਰ) ਨਿਯੁਕਤ ਕੀਤੇ ਗਏ। ਉਸ ਤੋਂ ਬਾਅਦ 2016 'ਚ ਡਰੱਗ ਕੰਟਰੋਲ ਅਫਸਰਾਂ ਦੀਆਂ ਦੋਵੇਂ ਖਾਲੀ ਪੋਸਟਾਂ 'ਤੇ ਅਮਿਤ ਦੁੱਗਲ ਤੇ ਸਾਰਿਕਾ ਮਲਿਕ ਨੂੰ ਨਿਯੁਕਤ ਕੀਤਾ ਗਿਆ। ਦਸੰਬਰ 2016 'ਚ ਡਰੱਗ ਕੰਟਰੋਲ ਪਾਲਿਸੀ ਬਣਨ ਮਗਰੋਂ ਤਿੰਨੇ ਅਫਸਰਾਂ ਦਾ ਪਾਲਿਸੀ ਮੁਤਾਬਿਕ ਇਕ ਵਾਰ ਜ਼ੋਨ ਦਾ ਤਬਾਦਲਾ ਹੋ ਚੁੱਕਾ ਹੈ ਪਰ ਪਾਲਿਸੀ ਤਹਿਤ ਦੂਜੀ ਰੋਟੇਸ਼ਨ ਨੂੰ ਵਿਭਾਗ ਨੇ ਖੁਦ ਹੀ ਭੁਲਾ ਦਿੱਤਾ ਹੈ।


Related News