ਨਸ਼ਾ ਛੁਡਾਊ ਕੇਂਦਰ ’ਚ ਲਿਜਾ ਕੇ ਨੌਜਵਾਨ ਦੀ ਕਰਦੇ ਰਹੇ ਕੁੱਟਮਾਰ, ਮੌਤ ਹੋਣ ’ਤੇ ਤਿੰਨ ਖਿਲਾਫ਼ ਮਾਮਲਾ ਦਰਜ

Sunday, Dec 24, 2023 - 04:34 PM (IST)

ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਨਿਵਾਸੀ ਇਕ ਪਰਿਵਾਰ ਦੇ ਨਸ਼ਾ ਕਰਨ ਦੇ ਆਦੀ ਨੌਜਵਾਨ ਨੂੰ ਨਸ਼ੇ ਤੋਂ ਨਿਜ਼ਾਤ ਦਿਵਾਉਣ ਦਾ ਦਾਅਵਾ ਕਰਕੇ ਤਿੰਨ ਨੌਜਵਾਨਾਂ ਵੱਲੋਂ ਹਜ਼ਾਰਾਂ ਰੁਪਏ ਵਸੂਲ ਕਰਨ ਉਪਰੰਤ ਨਸ਼ਾ ਛੁਡਾਊ ਕੇਂਦਰ ਵਿਖੇ ਲਿਜਾ ਕੇ ਉਸਦੀ ਕੁੱਟਮਾਰ ਕਰਨ ’ਤੇ ਬਿਮਾਰ ਹੋਏ ਨੌਜਵਾਨ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਦੇ ਤਫਤੀਸ਼ੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਫ਼ਰੀਦਕੋਟ ਨੇ ਦੱਸਿਆ ਕਿ ਬਿਆਨਕਰਤਾ ਜਗਦੀਪ ਸਿੰਘ ਪੁੱਤਰ ਸੋਮਾ ਸਿੰਘ ਵਾਸੀ ਦੀਪ ਸਿੰਘ ਵਾਲਾ ਅਨੁਸਾਰ ਉਸਦਾ ਵੱਡਾ ਭਰਾ ਕੁਲਦੀਪ ਸਿੰਘ ਨਸ਼ਾ ਕਰਨ ਦਾ ਆਦੀ ਸੀ ਜਿਸਦਾ ਉਹ ਇਲਾਜ ਕਰਵਾਉਣਾ ਚਾਹੁੰਦਾ ਸੀ ਅਤੇ ਇਸੇ ਹੀ ਸਬੰਧ ਵਿਚ ਜਦ ਉਸਦੀ ਗੱਲਬਾਤ ਵਕੀਲ ਸਿੰਘ ਉਰਫ਼ ਵਕੀਲਾ ਪੁੱਤਰ ਭੋਲਾ ਸਿੰਘ ਨਾਲ ਹੋਈ ਤਾਂ ਉਸਨੇ ਭਰੋਸਾ ਦਿੱਤਾ ਕਿ 23 ਹਜ਼ਾਰ ਰੁਪਏ ਵਿਚ ਉਹ ਉਸਦੇ ਭਰਾ ਦਾ ਨਸ਼ਾ ਛੁਡਵਾ ਦੇਣਗੇ। ਬਿਆਨਕਰਤਾ ਅਨੁਸਾਰ ਇਸ ਉਪ੍ਰੰਤ ਵਕੀਲ ਸਿੰਘ, ਨਿਰਮਲ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਜੈਤੋ ਅਤੇ ਸੰਨੀ ਉਸਦੇ ਭਰਾ ਨੂੰ ਨਸ਼ਾ ਛੁਡਾਊ ਕੇਂਦਰ ਬਿਸ਼ਨੰਦੀ ਵਿਖੇ ਲੈ ਗਏ।

ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਨਸ਼ਾ ਛੁਡਾਊ ਕੇਂਦਰ ਵਿਖੇ ਜਦੋਂ ਉਸਦਾ ਭਰਾ ਨਸ਼ਾ ਮੰਗਦਾ ਤਾਂ ਇਹ ਉਸਦੀ ਕੁੱਟਮਾਰ ਕਰਦੇ ਰਹੇ। ਬਿਆਨਕਰਤਾ ਨੇ ਦੋਸ਼ ਲਗਾਇਆ ਕਿ ਇਕ ਦਿਨ ਵਕੀਲ ਸਿੰਘ ਨੇ ਬਿਆਨਕਰਤਾ ਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਭਰਾ ਬਿਮਾਰ ਹੋ ਗਿਆ ਹੈ ਜਿਸ’ਤੇ ਉਹ ਆਪਣੇ ਭਰਾ ਕੁਲਦੀਪ ਸਿੰਘ ਨੂੰ ਬਿਸ਼ਨੰਦੀ ਤੋਂ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਇਲਾਜ ਕਰਵਾਉਣ ਲਈ ਲੈ ਆਇਆ ਜਿੱਥੇ ਉਸਦੇ ਭਰਾ ਦੇ ਇਲਾਜ ਤੋਂ ਬਾਅਦ ਬੀਤੀ 22 ਦਸੰਬਰ ਨੂੰ ਛੁੱਟੀ ਦੇ ਦਿੱਤੀ ਗਈ। ਬਿਆਨਕਰਤਾ ਜਗਦੀਪ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਉਹ ਬੀਤੇ ਸ਼ਨੀਵਾਰ 23 ਦਸੰਬਰ ਨੂੰ ਆਪਣੇ ਭਰਾ ਨੂੰ ਮੁੜ ਦਵਾਈ ਦਿਵਾਉਣ ਲਈ ਮੈਡੀਕਲ ਹਸਪਤਾਲ ਵਿਖੇ ਲਿਆਇਆ ਤਾਂ ਉਸਦੀ ਮੌਤ ਗਈ। ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਉਸਦੇ ਭਰਾ ਕੁਲਦੀਪ ਸਿੰਘ ਦੀ ਮੌਤ ਉਕਤ ਤਿੰਨਾਂ ਵੱਲੋਂ ਮਾਰਣ ਕੁੱਟਣ ਕਾਰਣ  ਹੀ ਹੋਈ ਹੈ ਜਿਸ’ਤੇ ਉਕਤ ਤਿੰਨਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ।


Gurminder Singh

Content Editor

Related News