ਖਹਿਰਾ ਤੇ ਬੈਂਸ ਸਮੇਤ ਨਸ਼ਾ ਪੀੜਤ ਕੁੜੀ ਨੇ ਖੋਲ੍ਹਿਆ ਸੱਚ, ਕੀਤੇ ਹੈਰਾਨੀਜਨਕ ਖੁਲਾਸੇ

Friday, Jun 29, 2018 - 09:07 AM (IST)

ਖਹਿਰਾ ਤੇ ਬੈਂਸ ਸਮੇਤ ਨਸ਼ਾ ਪੀੜਤ ਕੁੜੀ ਨੇ ਖੋਲ੍ਹਿਆ ਸੱਚ, ਕੀਤੇ ਹੈਰਾਨੀਜਨਕ ਖੁਲਾਸੇ

ਜਲੰਧਰ (ਅਜੀਤ ਸਿੰਘ ਬੁਲੰਦ) : 'ਆਪ' ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨਸ਼ਾ ਪੀੜਤ ਰਹੀ ਲੜਕੀ ਨੂੰ ਮੀਡੀਆ ਸਾਹਮਣੇ ਪੇਸ਼ ਕਰ ਕੇ ਇਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਪੂਰਥਲਾ 'ਚ ਡੀ. ਐੱਸ. ਪੀ. ਰਹੇ ਦਲਜੀਤ ਸਿੰਘ ਢਿੱਲੋਂ ਵਿਰੁੱਧ ਹੈਰਾਨੀਜਨਕ ਖੁਲਾਸੇ ਕੀਤੇ। ਇਸ ਮੌਕੇ ਪੀੜਤ ਲੜਕੀ ਨੇ ਦੱਸਿਆ ਕਿ ਉਸ ਨੇ ਇਕ ਸ਼ਿਕਾਇਤ ਮੁੱਖ ਮੰਤਰੀ ਨੂੰ ਭੇਜੀ ਹੈ, ਜਿਸ ਵਿਚ ਉਸ ਨੇ ਆਪਣੇ ਨਾਲ ਜੋ ਕੁਝ ਵੀ ਹੋਇਆ, ਉਸ ਦਾ ਖੁਲ੍ਹ ਕੇ ਖੁਲਾਸਾ ਕੀਤਾ ਹੈ।
ਪੀੜਤ ਲੜਕੀ ਨੇ ਸੁਣਾਈ ਦਰਦ ਭਰੀ ਦਾਸਤਾਨ
ਲੁਧਿਆਣਾ ਦੀ ਪੀੜਤ ਲੜਕੀ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ 2011 ਵਿਚ ਉਸ ਦੇ ਮਾਪਿਆਂ ਨੇ ਪੜ੍ਹਾਈ ਲਈ ਕਾਲਜ ਦਾਖਲ ਕਰਾਇਆ ਸੀ ਪਰ ਪੜ੍ਹਾਈ ਵਿਚ ਉਸ ਦਾ ਮਨ ਨਾ ਲੱਗਾ ਤਾਂ ਸ਼ਹਿਰ ਵਿਚ ਆ ਕੇ ਇਕ ਪੀ. ਜੀ. ਵਿਚ ਰਹਿਣ ਲੱਗੀ ਅਤੇ ਨਾਲ ਹੀ ਇਕ ਪ੍ਰਾਈਵੇਟ ਰੈਸਟੋਰੈਂਟ ਵਿਚ ਨੌਕਰੀ ਵੀ ਕਰਨ ਲੱਗੀ। ਉਸ ਨੇ ਕਿਹਾ ਕਿ ਉਸ ਦੀ ਮੁਲਾਕਾਤ ਇਕ ਦਵਿੰਦਰ (ਬਦਲਿਆ ਨਾਂ) ਨਾਂ ਦੀ ਲੜਕੀ ਨਾਲ ਹੋਈ, ਜੋ ਤਲਾਕਸ਼ੁਦਾ ਸੀ। 
ਦਵਿੰਦਰ ਨੇ ਉਸ ਦੀ ਮੁਲਾਕਾਤ ਇਕ ਵਿਧਾਇਕ ਦੇ ਪੁੱਤਰ ਅਮਨ ਨਾਲ ਕਰਵਾਈ। ਉਸ ਦੇ ਮਗਰੋਂ ਉਹ ਤਿੰਨੇ ਲਗਾਤਾਰ ਮਿਲਦੇ ਰਹੇ। ਇਕ ਦਿਨ ਅਮਨ ਨੇ ਉਸ ਨੂੰ ਆਪਣੇ ਨਾਲ ਤਰਨਤਾਰਨ ਜਾਣ ਲਈ ਕਿਹਾ ਪਰ ਦਵਿੰਦਰ ਦੀ ਸਿਹਤ ਖਰਾਬ ਹੋਣ ਕਾਰਨ ਅਮਨ ਸਿਰਫ ਉਸ ਨੂੰ ਆਪਣੀ ਇਨੋਵਾ ਕਾਰ ਵਿਚ ਤਰਨਤਾਰਨ ਲੈ ਕੇ ਗਿਆ।
ਪੀੜਤਾ ਨੇ ਕਿਹਾ ਕਿ ਅਮਨ ਤਰਨਤਾਰਨ ਵਿਚ ਉਸ ਨੂੰ ਡੀ. ਐੱਸ. ਪੀ. ਦਲਜੀਤ ਢਿੱਲੋਂ ਦੀ ਕੋਠੀ ਵਿਚ ਲੈ ਗਿਆ, ਜਿਥੇ ਪਹਿਲਾਂ ਪੁਲਸ ਅਧਿਕਾਰੀ ਨੇ ਉਸ ਨੂੰ ਰੋਟੀ ਖੁਆਈ ਫਿਰ ਉਸ ਦੇ ਅੱਗੇ ਇਕ ਚਿੱਟੇ (ਹੈਰੋਇਨ) ਦੀ ਡਲੀ ਰੱਖੀ ਅਤੇ ਕਿਹਾ ਕਿ ਇਸ ਨੂੰ ਵੀ ਪੀ ਲੈ। ਲੜਕੀ ਦੇ ਨਾਂਹ ਕਰਨ 'ਤੇ ਅਧਿਕਾਰੀ ਨੇ ਕਿਹਾ ਕਿ ਇਸ ਨੂੰ ਪੀਣਾ ਸਿੱਖੋ, ਇਹੀ ਅੱਜਕਲ ਦਾ ਫੈਸ਼ਨ ਹੈ। ਪੀੜਤਾ ਨੇ ਕਿਹਾ ਕਿ ਪੁਲਸ ਅਧਿਕਾਰੀ ਦੇ ਅਸ਼ੋਕ ਨਾਂ ਦੇ ਰਸੋਈਏ ਨੇ ਮੈਨੂੰ ਇਕ ਰੈਪ ਪੇਪਰ ਅਤੇ ਲਾਈਟਰ ਲਿਆ ਕੇ ਦਿੱਤਾ ਤੇ ਮੈਨੂੰ ਚਿੱਟਾ ਪੀਣਾ ਸਿਖਾਇਆ।
ਪੀੜਤਾ ਨੇ ਦੋਸ਼ ਲਾਇਆ ਕਿ ਡੀ. ਐੱਸ. ਪੀ. ਨੇ ਉਸ ਨੂੰ ਆਪਣਾ ਨੰਬਰ ਦਿੱਤਾ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਫੋਨ ਕਰ ਕੇ ਕਿਹਾ ਕਿ ਆਪਣੀ ਸਹੇਲੀ ਨੂੰ ਨਾਲ ਲੈ ਕੇ ਮੈਨੂੰ ਮਿਲਣ ਆਓ। ਅਗਲੇ ਦਿਨ ਉਹ ਬੱਸ ਵਿਚ ਆਪਣੀ ਸਹੇਲੀ ਨਾਲ ਤਰਨਤਾਰਨ ਪਹੁੰਚੀ ਅਤੇ ਅੱਗੇ ਇਕ ਸਕਾਰਪੀਓ ਗੱਡੀ ਵਿਚ ਉਸ ਨੂੰ ਕੋਈ ਲੈਣ ਆਇਆ ਸੀ, ਜੋ ਉਸ ਨੂੰ ਡੀ. ਐੱਸ. ਪੀ. ਦੀ ਕੋਠੀ ਲੈ ਗਿਆ, ਜਿਥੇ ਉਨ੍ਹਾਂ ਦੋਵਾਂ ਲੜਕੀਆਂ ਨੂੰ ਦੁਬਾਰਾ ਚਿੱਟੇ ਦਾ ਨਸ਼ਾ ਕਰਵਾਇਆ ਗਿਆ। ਉਸ ਦੇ ਮਗਰੋਂ ਪੁਲਸ ਅਧਿਕਾਰੀ  ਨੇ ਪੀੜਤਾ  ਨੂੰ ਚੁਬਾਰੇ 'ਤੇ ਸੱਦਿਆ ਅਤੇ ਉੁਥੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਵਾਪਸ ਜਾਂਦੇ ਸਮੇਂ ਲੜਕੀ ਨੇ ਪੁਲਸ ਅਧਿਕਾਰੀ ਕੋਲੋਂ ਥੋੜ੍ਹਾ ਜਿਹਾ ਚਿੱੱਟਾ ਮੰਗਿਆ ਤਾਂ ਉਸ ਨੇ ਥੋੜ੍ਹਾ ਜਿਹਾ ਪਾਊਡਰ ਦੇ ਕੇ ਕਿਹਾ ਕਿ ਤੁਹਾਨੂੰ ਵਾਰ-ਵਾਰ ਆ ਕੇ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਉਸ ਨੇ ਲੜਕੀਆਂ ਨੂੰ 5 ਗ੍ਰਾਮ ਚਿੱਟਾ ਸਟੋਰ ਵਿਚ ਰੱਖੇ ਇਕ ਕੰਡੇ ਤੋਂ ਤੋਲ ਕੇ ਦਿੱਤਾ ਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਦਾ ਸਾਰਾ ਪਰਿਵਾਰ ਪੁਲਸ ਅਧਿਕਾਰੀਆਂ ਨਾਲ ਭਰਿਆ ਹੈ ਅਤੇ ਵੱਡੇ-ਵੱਡੇ ਲੀਡਰਾਂ ਨਾਲ ਉਨ੍ਹਾਂ ਦੀ ਸੈਟਿੰਗ ਹੈ।
ਕੈਪਟਨ ਕਿਉਂ ਨਹੀਂ ਕਰਦੇ ਆਪਣੇ ਅਧਿਕਾਰੀਆਂ 'ਤੇ ਕਾਰਵਾਈ : ਖਹਿਰਾ, ਬੈਂਸ
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਕਸਮ ਖਾ ਕੇ ਮੁੱਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਡੀ. ਜੀ. ਪੀ. ਸਿਧਾਰਥ ਚਟੋਪਾਧਿਆ ਦੀ ਰਿਪੋਰਟ ਨੂੰ ਕਿਉਂ ਅਣਦੇਖੀ ਕਰ ਰਹੇ ਹਨ। ਕਿਉਂ ਇੰਸਪੈਕਟਰ ਇੰਦਰਜੀਤ ਦੇ ਸਾਰੇ ਮਾਮਲੇ ਦੀ ਜਾਂਚ ਰੋਕ ਦਿੱਤੀ ਗਈ ਹੈ। ਕਿਉਂ ਨਸ਼ਾ ਸਮੱਗਲਰਾਂ ਵਿਚ ਡੀ. ਜੀ. ਪੀ., ਏ. ਡੀ. ਜੀ. ਪੀ. ਤੇ ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਦੇ ਨਾਂ ਆਉਣ ਮਗਰੋਂ ਵੀ ਕੈਪਟਨ ਨੇ ਇਨ੍ਹਾਂ ਵੱਡੇ ਪੁਲਸ ਅਧਿਕਾਰੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 3 ਦਿਨਾਂ ਤੋਂ ਉਕਤ ਲੜਕੀ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਵੀ ਅਜੇ ਤਕ ਕੈਪਟਨ ਨੇ ਕਿਉਂ ਨਹੀਂ ਸਬੰਧਤ  ਪੁਲਸ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਇਕ ਹੋਰ ਲੜਕੀ ਵਲੋਂ ਜਲੰਧਰ ਦੇ ਇੰਸਪੈਕਟਰ ਬਲਵੀਰ ਸਿੰਘ 'ਤੇ ਵੀ ਨਸ਼ੇ ਦੀ ਚੇਟਕ 'ਤੇ ਲਾਉਣ ਤੇ ਨਸ਼ਾ ਵੇਚਣ ਦੇ ਦੋਸ਼ ਲਾਏ ਗਏ ਹਨ ਪਰ ਅਜੇ ਤਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ।
ਹੁਣ ਫ੍ਰੀ ਚਿੱਟਾ ਨਹੀਂ ਮਿਲੇਗਾ, ਲੈਣਾ ਹੈ ਤਾਂ ਹੋਰ ਲੜਕੀਆਂ ਲਿਆਓ
ਪੀੜਤਾ ਨੇ ਦੱਸਿਆ ਕਿ ਲੁਧਿਆਣਾ ਵਾਪਸ ਆ ਕੇ ਇਕ ਦਿਨ ਉਸ ਨੇ ਡੀ. ਐੱਸ. ਪੀ. ਨੂੰ ਫੋਨ ਕਰ ਕੇ ਚਿੱੱਟੇ ਦੀ ਮੰਗ ਕੀਤੀ ਤਾਂ ਉਸ ਨੇ ਕਿਹਾ ਕਿ ਹੁਣ ਫ੍ਰੀ ਵਿਚ ਨਹੀਂ ਮਿਲੇਗਾ। ਜੇਕਰ ਮਾਲ ਲੈਣਾ ਹੈ ਤਾਂ ਹੋਰ ਲੜਕੀਆਂ ਲੈ ਕੇ ਆਓ। ਉਸ ਦੇ ਬਾਅਦ ਪੀੜਤਾ ਨੇ ਆਪਣੀ ਇਕ ਹੋਰ ਸਹੇਲੀ ਮੁੱਲਾਂਪੁਰ ਦੀ (ਪ੍ਰੀਤੀ-ਬਦਲਿਆ ਨਾਂ) ਨਾਲ ਗੱਲ ਕੀਤੀ। ਪ੍ਰੀਤੀ ਪਹਿਲਾਂ ਤੋਂ ਹੀ ਚਿੱਟਾ ਸਪਲਾਈ ਕਰਦੀ ਸੀ ਅਤੇ ਉਸ ਨੇ ਡੀ. ਐੱਸ. ਪੀ. ਦਾ ਨੰਬਰ ਲਿਆ ਅਤੇ ਉਹ ਕਪੂਰਥਲਾ ਜਾ ਕੇ ਡੀ. ਐੱਸ. ਪੀ. ਕੋਲੋਂ 10 ਗ੍ਰਾਮ ਪਾਊਡਰ 2000 ਰੁਪਏ ਵਿਚ ਲੈ ਕੇ ਆਈ।
ਨਸ਼ਾ ਨਾ ਮਿਲਿਆ ਤਾਂ ਪਤੀ ਕਰ ਗਿਆ ਖੁਦਕੁਸ਼ੀ
ਇਕ ਦਿਨ ਪ੍ਰੀਤੀ ਨੇ ਪੀੜਤਾ ਨੂੰ ਬਲਰਾਜ ਨਾਂ ਦੇ ਲੜਕੇ ਨਾਲ ਮਿਲਾਇਆ ਅਤੇ ਬਲਰਾਜ ਨਾਲ ਉਸ ਦੀ ਦੋਸਤੀ ਕਰਵਾਈ। ਬਲਰਾਜ ਤੇ ਪੀੜਤਾ ਵਿਚਾਲੇ ਪਿਆਰ ਹੋ ਗਿਆ। ਉਨ੍ਹਾਂ ਨੇ ਰਲ ਕੇ ਨਸ਼ਾ ਛੱਡਣ ਲਈ ਕਾਫੀ ਕੋਸ਼ਿਸ਼ ਕੀਤੀ ਅਤੇ ਇਲਾਜ ਵੀ ਕਰਵਾਇਆ। ਬਲਰਾਜ ਨਾਲ ਪੀੜਤਾ ਦੇ ਪਤੀ-ਪਤਨੀ ਵਰਗੇ ਸਬੰਧ ਬਣੇ ਤੇ ਉਹ ਗਰਭਵਤੀ ਹੋ ਗਈ। ਇਸ ਦੌਰਾਨ ਇਕ ਦਿਨ ਬਲਰਾਜ ਨੂੰ ਨਸ਼ੇ ਦੀ ਬੜੀ ਤਲਬ ਛਿੜੀ ਪਰ ਨਸ਼ਾ ਨਾ ਮਿਲਣ ਕਾਰਨ ਉਸ ਨੇ ਸਲਫਾਸ ਪੀ ਕੇ ਖੁਦਕੁਸ਼ੀ ਕਰ ਲਈ। ਜਦੋਂ ਇਸ ਦਾ ਪਤਾ ਉਸ ਦੇ ਪਰਿਵਾਰ ਵਾਲਿਆਂ ਨੂੰ ਲੱਗਾ ਤਾਂ ਉਹ ਸਾਰੇ ਉਥੇ ਪਹੁੰਚੇ। ਉਸ ਨੇ ਸਾਰੀ ਕਹਾਣੀ ਆਪਣੇ ਪਰਿਵਾਰ ਨੂੰ ਦੱਸੀ ਤੇ ਕਿਹਾ ਕਿ ਉਹ ਚਾਰ ਮਹੀਨਿਆਂ ਦੀ ਗਰਭਵਤੀ ਹੈ ਅਤੇ ਚਾਹੁੰਦੀ ਹੈ ਕਿ ਉਹ ਅਤੇ ਉਸ ਦਾ ਬੱਚਾ ਬਚ ਜਾਵੇ।
ਡੀ. ਐੱਸ. ਪੀ. ਅਤੇ ਇੰਸਪੈਕਟਰ ਨੇ ਦੋਸ਼ਾਂ ਨੂੰ ਦੱਸਿਆ ਝੂਠਾ
ਮਾਮਲੇ ਬਾਰੇ ਪੀੜਤ ਲੜਕੀ ਵਲੋਂ ਡੀ. ਐੱਸ. ਪੀ. ਦਲਜੀਤ ਢਿੱਲੋਂ 'ਤੇ ਲਾਏ ਗਏ ਦੋਸ਼ਾਂ ਨੂੰ ਉਕਤ ਪੁਲਸ ਅਧਿਕਾਰੀ ਨੇ ਨਕਾਰਦੇ ਹੋਏ ਕਿਹਾ ਕਿ ਉਕਤ ਲੜਕੀ ਨੂੰ ਉਹ ਜਾਣਦੇ ਤਕ ਨਹੀਂ ਅਤੇ ਨਾ ਹੀ ਕਦੇ ਉਸ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰਾ ਪੁਲਸ ਮਹਿਕਮਾ ਜਾਣਦਾ ਹੈ ਕਿ ਇਸ ਸਾਰੇ ਕੇਸ ਦੀ ਕੀ ਹਕੀਕਤ ਹੈ ਅਤੇ ਕੌਣ ਇਸ ਦੇ ਪਿੱਛੇ ਹੈ। ਉਨ੍ਹਾਂ ਕਿਹਾ ਕਿ ਉਹ ਤਰਨਤਾਰਨ ਵਿਚ 70 ਗਰੀਬ ਲੜਕੀਆਂ ਦਾ ਇਕ ਸਕੂਲ ਚਲਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦੀਆਂ ਧੀਆਂ ਵਾਂਗ ਦੇਖਦੇ ਹਨ। ਅਜਿਹੇ ਵਿਚ ਕਿਸੇ ਹੋਰ ਲੜਕੀ ਨੂੰ ਨਸ਼ੇ ਦਾ ਆਦੀ ਬਣਾਉਣਾ ਜਾਂ ਉਸ ਦਾ ਸਰੀਰਕ ਸ਼ੋਸ਼ਣ ਕਰਨਾ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਹੈ। ਦੂਸਰੇ ਪਾਸੇ ਇੰਸਪੈਕਟਰ ਬਲਵੀਰ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਬਾਰੇ ਕਿਹਾ ਕਿ ਜਿਸ ਲੜਕੀ  ਨੇ ਉਸ 'ਤੇ ਦੋਸ਼ ਲਾਏ ਹਨ ਉਹ ਸਭ ਝੂਠੇ ਹਨ। ਉਕਤ ਲੜਕੀ ਦਾ ਉਸ ਦੇ ਰੀਡਰ ਰਹੇ ਇੰਦਰਜੀਤ ਨਾਂ ਦੇ ਵਿਅਕਤੀ ਨਾਲ ਝਗੜਾ ਸੀ ਪਰ ਇਸ ਮਾਮਲੇ ਵਿਚ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਵੀ ਉਕਤ ਲੜਕੀ ਨੇ ਉਸ 'ਤੇ ਦੋਸ਼ ਲਾਏ ਸਨ ਅਤੇ ਬਾਅਦ ਵਿਚ ਲਿਖਤੀ ਮੁਆਫੀ ਮੰਗੀ ਸੀ। ਉਨ੍ਹਾਂ ਕਿਹਾ ਕਿ ਉਹ ਹਰ ਕਿਸਮ ਦੀ ਜਾਂਚ ਲਈ ਤਿਆਰ ਹਨ।
ਪੇਟ 'ਚ ਹੀ ਮਰ ਗਿਆ 4 ਮਹੀਨੇ ਦਾ ਬੱਚਾ
ਪਰਿਵਾਰ ਵਾਲੇ ਉਸ ਨੂੰ ਲੈ ਕੇ ਇਲਾਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਮਿਲੇ। ਬੈਂਸ ਨੇ ਉਸ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਭੇਜਿਆ, ਜਿਥੇ ਉਸ ਦੀ ਸਿਹਤ ਵਿਗੜਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਰੈਫਰ ਕੀਤਾ ਗਿਆ ਜਿਸ ਦੌਰਾਨ ਉਸ ਦੇ ਪੇਟ ਵਿਚ ਪਲ ਰਹੇ 4 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਗੁਰੂ ਨਾਨਕ ਹਸਪਤਾਲ ਵਿਚ ਉਸ ਦਾ ਗਰਭਪਾਤ ਹੋਇਆ ਅਤੇ ਉਥੇ ਉਸ ਦਾ ਲਗਭਗ ਇਕ ਮਹੀਨਾ ਇਲਾਜ ਚੱਲਦਾ ਰਿਹਾ। ਲਗਭਗ 8 ਮਹੀਨੇ ਦਵਾਈ ਖਾਣ ਮਗਰੋਂ ਹੁਣ ਉਹ ਠੀਕ ਹੈ।


Related News