ਲੁਧਿਆਣਾ ਪੁਲਸ ਇੱਕੋ ਡਰੋਨ ਨਾਲ ਰੱਖ ਰਹੀ ਕੰਟੇਨਮੈਂਟ ਇਲਾਕਿਆਂ ’ਤੇ ਨਜ਼ਰ

07/01/2020 2:28:05 PM

ਲੁਧਿਆਣਾ (ਰਿਸ਼ੀ) : ਲੁਧਿਆਣਾ ਪੁਲਸ ਕੋਵਿਡ-19 ਖਿਲਾਫ ਜੰਗ ਲੜਨ ’ਚ ਤਕਨਾਲੋਜੀ ਵਰਤ ਰਹੀ ਹੈ ਅਤੇ ਕੰਟੇਨਮੈਂਟ ਇਲਾਕੇ ’ਚ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ’ਤੇ ਡਰੋਨ ਦੀ ਮਦਦ ਨਾਲ ਨਜ਼ਰ ਰੱਖੀ ਜਾ ਰਹੀ ਹੈ। ਪੁਲਸ ਕਾਰਵਾਈ ਦੇ ਡਰੋਂ ਲੋਕਾਂ ਨੇ ਵੀ ਬਿਨਾਂ ਕਾਰਨ ਘਰਾਂ ਤੋਂ ਬਾਹਰ ਆਉਣਾ ਬੰਦ ਕਰ ਦਿੱਤਾ ਹੈ, ਜੋ ਕੋਰੋਨਾ ਨੂੰ ਵਧਣ ਤੋਂ ਰੋਕਣ ਲਈ ਕਾਫੀ ਮਦਦਗਾਰ ਸਾਬਤ ਹੋ ਰਿਹਾ ਹੈ। ਇਹ ਆਈ. ਪੀ. ਐੱਸ. ਅਫਸਰ ਦੀਪਕ ਪਾਰਿਕ ਵੱਲੋਂ ਬਣਾਇਆ ਗਿਆ ਪਲਾਨ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਕਮਿਸ਼ਨਰੇਟ ਦੇ ਜ਼ੋਨ-1 ਦੇ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਜਾ ਚੁੱਕਾ ਹੈ।

ਪੁਲਸ ਵੱਲੋਂ 8 ਦਿਨਾਂ 'ਚ 102 ਅਜਿਹੇ ਵਿਅਕਤੀਆਂ ਨੂੰ ਡਰੋਨ 'ਚ ਕੈਦ ਕੀਤਾ ਗਿਆ, ਜੋ ਬਿਨਾਂ ਕਾਰਨ ਘਰਾਂ ਤੋਂ ਬਾਹਰ ਘੁੰਮ ਰਹੇ ਸਨ। ਪੁਲਸ ਵੱਲੋਂ ਕੀਤੇ ਗਏ ਮੈਸੇਜ 'ਚ ਨਾਮ ਦੇ ਨਾਲ-ਨਾਲ ਵਾਹਨ ਦੇ ਨੰਬਰ ਦਾ ਜ਼ਿਕਰ ਵੀ ਕੀਤਾ ਗਿਆ ਹੈ। ਡਵੀਜ਼ਨ ਨੰ. 2 ਦੀ ਪੁਲਸ ਇਸਲਾਮਗੰਜ, ਹਬੀਬਗੰਜ, ਪ੍ਰੇਮ ਨਗਰ ਇਲਾਕਿਆਂ 'ਚ ਰਹਿਣ ਵਾਲੇ 87 ਵਿਅਕਤੀਆਂ ਨੂੰ ਵਟਸਐਪ ਅਤੇ 5 ਵਿਅਕਤੀਆਂ ਦੇ ਮੋਬਾਇਲ ’ਤੇ ਮੈਸੇਜ ਭੇਜ ਕੇ ਚਿਤਾਵਨੀ ਦੇ ਚੁੱਕੀ ਹੈ, ਜਿਨ੍ਹਾਂ ਦੀ ਪੁਲਸ ਵੱਲੋਂ ਡਰੋਨ ਦੀ ਮਦਦ ਨਾਲ ਪਰੂਫ ਦੇ ਤੌਰ ’ਤੇ ਵੀਡੀਓ ਬਣਾਈ ਜਾ ਚੁੱਕੀ ਹੈ। ਜਦੋਂ ਕਿ ਡਵੀਜ਼ਨ ਨੰ. 4 ਦੀ ਪੁਲਸ ਵੱਲੋਂ ਛਾਉਣੀ ਮੁਹੱਲੇ ਅਤੇ ਆਲੇ-ਦੁਆਲੇ ਦੇ ਇਲਾਕੇ ਦੇ 10 ਵਿਅਕਤੀਆਂ ਨੂੰ ਵਟਸਐਪ ’ਤੇ ਚਿਤਾਵਨੀ ਦਾ ਮੈਸੇਜ ਭੇਜਿਆ ਗਿਆ ਹੈ।

ਏ. ਡੀ. ਸੀ. ਪੀ.-1 ਪਾਰਿਕ ਮੁਤਾਬਕ ਨਫਰੀ ਦੀ ਕਮੀ ਨਾਲ ਜੂਝ ਰਹੀ ਕਮਿਸ਼ਨਰੇਟ ਪੁਲਸ ਲਈ ਡਰੋਨ ਵਰਦਾਨ ਸਾਬਤ ਹੋਇਆ ਹੈ। ਡਰੋਨ ਚਲਾਉਣ ਵਾਲੇ ਇਕ ਵਿਅਕਤੀ ਵੱਲੋਂ ਜਿੱਥੇ ਕਾਫੀ ਵੱਡਾ ਏਰੀਆ ਕਵਰ ਕੀਤਾ ਜਾ ਰਿਹਾ ਹੈ, ਉੱਥੇ ਅਜਿਹੀਆਂ ਤੰਗ ਲੀਆਂ 'ਚ ਵੀ ਚੈਕਿੰਗ ਹੋ ਰਹੀ ਹੈ, ਜਿੱਥੇ ਪੁਲਸ ਪੁੱਜ ਨਹੀਂ ਪਾਉਂਦੀ ਸੀ। ਪਹਿਲਾਂ ਪੁਲਸ ਦੇ ਆਉਣ ਦਾ ਪਤਾ ਲਗਦੇ ਹੀ ਲੋਕ ਘਰਾਂ ਦੇ ਅੰਦਰ ਵੜ ਜਾਂਦੇ ਸਨ ਪਰ ਅਚਾਨਕ ਡਰੋਨ ਦੇ ਪੁੱਜਣ ’ਤੇ ਉਨ੍ਹਾਂ ਨੂੰ ਸੋਚਣ ਦਾ ਮੌਕਾ ਨਹੀਂ ਮਿਲਦਾ।
 


Babita

Content Editor

Related News