ਪਹਾੜਾਂ ’ਚ ਬਰਫ਼ਬਾਰੀ ਕਾਰਨ ਉੱਤਰੀ ਭਾਰਤ 'ਚ ਸਰਦੀ ਨੇ ਦਿਖਾਇਆ ਰੰਗ, 4 ਡਿਗਰੀ ਡਿੱਗਿਆ ਪਾਰਾ

Tuesday, Nov 28, 2023 - 03:41 PM (IST)

ਪਹਾੜਾਂ ’ਚ ਬਰਫ਼ਬਾਰੀ ਕਾਰਨ ਉੱਤਰੀ ਭਾਰਤ 'ਚ ਸਰਦੀ ਨੇ ਦਿਖਾਇਆ ਰੰਗ, 4 ਡਿਗਰੀ ਡਿੱਗਿਆ ਪਾਰਾ

ਜਲੰਧਰ (ਪੁਨੀਤ) : ਪਹਾੜਾਂ ’ਚ ਹੋ ਰਹੀ ਬਰਫਬਾਰੀ ਅਤੇ ਮੀਂਹ ਕਾਰਨ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਸਰਦੀ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ, ਸਵੇਰ-ਸ਼ਾਮ ਨੂੰ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ। ਇਸੇ ਦੌਰਾਨ ਅੱਜ ਹੋਈ ਬੂੰਦਾਬਾਂਦੀ ਨੇ ਠੰਡਕ ਵਧਾਉਣ ਦਾ ਕੰਮ ਕੀਤਾ ਹੈ। ਇਕ ਦਿਨ ਦੇ ਅੰਦਰ ਤਾਪਮਾਨ ’ਚ 4 ਡਿਗਰੀ ਦੀ ਗਿਰਾਵਟ ਆਉਣ ਨਾਲ ਸਰਦੀ ਵਧਣ ਦੇ ਆਸਾਰ ਬਣ ਰਹੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਤ ਦਾ ਤਾਪਮਾਨ ਤੇਜ਼ੀ ਨਾਲ ਡਿੱਗ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ’ਚ ਹੋਰ ਗਿਰਾਵਟ ਆਵੇਗੀ। ਬੱਦਲਾਂ ਅਤੇ ਸੂਰਜ ਦੀ ਅੱਖ-ਮਿਚੌਲੀ ਅਤੇ ਬੂੰਦਾਬਾਂਦੀ ਕਾਰਨ ਦਿਹਾਤੀ ਇਲਾਕਿਆਂ ’ਚ ਅੱਜ ਧੁੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਪਿਛਲੇ ਦਿਨ ਦੇ ਮੁਕਾਬਲੇ ਅੱਜ ਜਲੰਧਰ ਵਿਚ ਵੱਧ ਤੋਂ ਵੱਧ ਤਾਪਮਾਨ 20.4, ਜਦਕਿ ਘੱਟ ਤੋਂ ਘੱਟ 12.2 ਡਿਗਰੀ ਰਿਕਾਰਡ ਕੀਤਾ ਗਿਆ। ਪਿਛਲੇ ਦਿਨੀਂ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੀ। ਬੀਤੇ ਦਿਨੀਂ ਬੂੰਦਾਬਾਂਦੀ ਕਾਰਨ ਤਾਪਮਾਨ ’ਚ ਇਕਦਮ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮਾਹਿਰਾਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਮੌਸਮ ’ਚ ਤਬਦੀਲੀ ਹੋ ਰਹੀ ਹੈ। ਪੇਂਡੂ ਇਲਾਕਿਆਂ ’ਚ ਧੁੰਦ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਅਸਰ ਸ਼ਹਿਰ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਭਗਵੰਤ ਸਿੰਘ ਮਾਨ ਸਰਕਾਰ ਦਾ ਇਕ ਹੋਰ ਲੋਕ ਪੱਖੀ ਉਪਰਾਲਾ

ਦੱਸਣਯੋਗ ਹੈ ਕਿ ਪੰਜਾਬ 'ਚ ਨਵੰਬਰ ਮਹੀਨੇ ਦੌਰਾਨ ਠੰਡ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਮੌਸਮ ਲਗਾਤਾਰ ਕਰਵਟ ਲੈ ਰਿਹਾ ਹੈ। ਪੱਛਮੀ ਗੜਬੜੀ ਕਾਰਨ ਮੌਸਮ 'ਚ ਬਦਲਾਅ ਆਇਆ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਅੱਜ ਦਿਨ ਭਰ ਬੱਦਲ ਛਾਏ ਰਹਿਣ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਵਿਭਾਗ ਦੇ ਮੁਤਾਬਕ ਪੰਜਾਬ ਦੇ ਸੰਗਰੂਰ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਜ਼ਿਲ੍ਹੇ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਇਹ ਵੀ ਪੜ੍ਹੋ : ਪੁਲਸ ਦੀ ਵੱਡੀ ਲਾਪ੍ਰਵਾਹੀ, ਕਾਰਵਾਈ ਕੀਤੀ ਹੁੰਦੀ ਤਾਂ ਪਿਟਬੁੱਲ ਕੁੜੀ ਨੂੰ ਦੁਬਾਰਾ ਨਾ ਨੋਚਦਾ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News