ਚੰਡੀਗੜ੍ਹ ਲੁੱਟ ਮਾਮਲਾ : ਡਰਾਈਵਰ ਨਾਲ ਜੋ ਹੋਇਆ, ਰੱਬ ਕਿਸੇ ਨਾਲ ਨਾ ਕਰੇ (ਤਸਵੀਰਾਂ)

Saturday, Jan 20, 2018 - 10:25 AM (IST)

ਚੰਡੀਗੜ੍ਹ (ਗੁਰਪ੍ਰੀਤ) : ਸ਼ਹਿਰ ਦੇ ਸੈਕਟਰ-33 'ਚ ਕਾਰੋਬਾਰੀ ਅਜੀਤ ਜੈਨ ਦੇ ਘਰ ਹੋਈ ਕਰੋੜਾਂ ਦੀ ਲੁੱਟ ਮਾਮਲੇ 'ਚ ਪੁਲਸ ਨੇ ਉਨ੍ਹਾਂ ਦੇ ਡਰਾਈਵਰ ਅਵਿਨਾਸ਼ ਯਾਦਵ ਨੂੰ ਇੰਨਾ ਕੁੱਟਿਆ-ਮਾਰਿਆ ਕਿ ਉਸ ਨੇ ਅਖੀਰ 'ਚ ਆਪਣੀ ਜ਼ਿੰਦਗੀ ਹੀ ਖਤਮ ਕਰ ਲਈ। ਘਰ ਦੇ ਮੁਖੀ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਲੱਕ ਟੁੱਟ ਗਿਆ ਹੈ। ਜਿੰਨਾ ਦਰਦ ਪਰਿਵਾਰ ਇਸ ਸਮੇਂ ਸਹਿਣ ਕਰ ਰਿਹਾ ਹੈ, ਕੋਈ ਹੋਰ ਉਸ ਦਰਦ ਨੂੰ ਸਮਝ ਨਹੀਂ ਸਕਦਾ। 
ਟਰੇਨ ਹੇਠਾਂ ਆ ਕੇ ਦਿੱਤੀ ਜਾਨ 
ਜਾਣਕਾਰੀ ਮੁਤਾਬਕ ਪੁਲਸ ਕਰੋੜਾਂ ਦੀ ਲੁੱਟ ਮਾਮਲੇ 'ਚ ਦੋਸ਼ੀਆਂ ਦਾ ਤਾਂ ਕੋਈ ਸੁਰਾਗ ਹਾਸਲ ਨਹੀਂ ਕਰ ਸਕੀ ਪਰ ਕਾਰੋਬਾਰੀ ਦੇ ਡਰਾਈਵਰ ਅਵਿਨਾਸ਼ ਯਾਦਵ ਨੂੰ ਇੰਨਾ ਟਾਰਚਰ ਕੀਤਾ ਗਿਆ ਕਿ ਉਸ ਨੇ ਸ਼ੁੱਕਰਵਾਰ ਨੂੰ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਰੇਲਵੇ ਪੁਲਸ ਨੂੰ ਸਵੇਰੇ ਸਾਢੇ 9 ਵਜੇ ਇਸ ਹਾਦਸੇ ਦੀ ਸੂਚਨਾ ਮਿਲੀ ਅਤੇ ਮ੍ਰਿਤਕ ਕੋਲੋਂ ਮਿਲੇ ਦਸਤਾਵੇਜ਼ਾਂ ਤੋਂ ਉਸ ਦੀ ਪਛਾਣ ਹੋ ਸਕੀ।
ਸੁਸਾਈਡ ਨੋਟ ਪੜ੍ਹ ਧਾਹਾਂ ਮਾਰ ਰੋਇਆ ਪਰਿਵਾਰ
ਰੇਲਵੇ ਪੁਲਸ ਨੂੰ ਮ੍ਰਿਤਕ ਦੀ ਜੇਬ 'ਚੋਂ ਸੁਸਾਈਡ ਨੋਟ ਵੀ ਮਿਲਿਆ, ਜਿਸ 'ਚ ਲਿਖਿਆ ਸੀ ਕਿ ਉਹ ਬੇਕਸੂਰ ਹੈ ਪਰ ਪੁਲਸ ਦੀ ਮਾਰ ਅਤੇ ਲੋਕਾਂ ਦੀਆਂ ਜ਼ਲਾਲਤ ਭਰੀਆਂ ਨਜ਼ਰਾਂ ਦਾ ਸਾਹਮਣਾ ਕਰਨ ਦੀ ਉਸ 'ਚ ਹਿੰਮਤ ਨਹੀਂ ਬਚੀ ਹੈ। ਉਸ ਨੇ ਬੱਚਿਆਂ ਨੂੰ ਆਪਣੇ ਪਿਓ ਨੂੰ ਮੁਆਫ ਕਰਨ ਲਈ ਕਿਹਾ ਅਤੇ ਪੁਲਸ ਨੂੰ ਉਸ ਦੇ ਪਰਿਵਾਰ ਨੂੰ ਪਰੇਸ਼ਾਨ ਨਾ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਮ੍ਰਿਤਕ ਵਲੋਂ ਲਿਖਿਆ ਸੁਸਾਈਡ ਨੋਟ ਪੜ੍ਹਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪੁੱਜੇ ਮ੍ਰਿਤਕ ਦੇ ਬੇਟੇ ਪੰਕਜ, ਬੇਟੀ ਸਰਿਤਾ, ਕਵਿਤਾ, ਸਪਨਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਇਕ ਹਫਤਾ ਪਹਿਲਾਂ ਚੰਡੀਗੜ੍ਹ 'ਚ ਹੋਈ ਲੁੱਟ ਦੇ ਮਾਮਲੇ 'ਚ ਪੁਲਸ ਉਨ੍ਹਾਂ ਦੇ ਪਿਤਾ ਨੂੰ ਥਰਡ ਡਿਗਰੀ ਟਾਰਚਰ ਕਰ ਰਹੀ ਸੀ। ਇਸ ਗੱਲ ਤੋਂ ਉਨ੍ਹਾਂ ਦੇ ਪਿਤਾ ਕਾਫੀ ਪਰੇਸ਼ਾਨ ਸਨ। 
'ਮੈਨੂੰ ਬਹੁਤ ਮਾਰਦੇ ਹਨ, ਰਾਤ ਤੱਕ ਬਿਠਾਈ ਰੱਖਦੇ ਹਨ''
ਅਵਿਨਾਸ਼ ਨੇ ਆਪਣੇ ਮਰਨ ਦਾ ਪੂਰਾ ਕਾਰਨ ਸਾਲੀ ਪੁਲੇਸਰਾ ਦੇਵੀ ਦੱਸਿਆ ਸੀ। ਪੁਲੇਸਰਾ ਨੇ ਦੱਸਿਆ ਕਿ ਉਸ ਦਾ ਜੀਜਾ ਰਾਤ ਨੂੰ ਆਇਆ ਅਤੇ ਸ਼ੁੱਕਰਵਾਰ ਸਵੇਰੇ ਬਹੁਤ ਪਰੇਸ਼ਾਨ ਸਨ। ਉਸ ਨੇ ਕਿਹਾ ਸੀ ਕਿ ਮੇਰੇ ਬੇਟੇ-ਬੇਟੀਆਂ ਅਤੇ ਪਰਿਵਾਰ ਦਾ ਧਿਆਨ ਰੱਖਣਾ। ਉਸ ਨੇ ਆਪਣੀ ਸਾਲੀ ਨੂੰ ਦੱਸਿਆ ਕਿ ਪੁਲਸ ਵਾਲੇ ਉਸ ਨੂੰ ਬਹੁਤ ਮਾਰਦੇ ਹਨ ਅਤੇ ਰਾਤ ਤੱਕ ਬਿਠਾਈ ਰੱਖਦੇ ਹਨ। ਉਨ੍ਹਾਂ ਦੀ ਮਾਰ ਝੱਲਣ ਦੀ ਹਿੰਮਤ ਹੁਣ ਨਹੀਂ ਬਚੀ ਹੈ। ਅਵਿਨਾਸ਼ ਨੇ ਕਿਹਾ ਸੀ ਕਿ ਉਹ ਨਵਾਂ ਨੌਕਰੀ 'ਤੇ ਲੱਗਾ ਸੀ, ਇਸ ਲਈ ਪੁਲਸ ਉਸ 'ਤੇ ਹੀ ਸ਼ੱਕ ਕਰ ਰਹੀ ਹੈ।
22 ਦਿਨ ਪਹਿਲਾਂ ਹੀ ਲੱਗਾ ਸੀ ਨੌਕਰੀ
ਕਾਰੋਬਾਰੀ ਜੈਨ ਦੇ ਘਰ ਅਵਿਨਾਸ਼ ਯਾਦਵ 22 ਦਿਨ ਪਹਿਲਾਂ ਹੀ ਨੌਕਰੀ 'ਤੇ ਲੱਗਾ ਸੀ। ਇਸ ਲਈ ਲੁੱਟ ਮਾਮਲੇ 'ਚ ਪੁਲਸ ਨੂੰ ਉਸ 'ਤੇ ਹੀ ਸ਼ੱਕ ਸੀ। ਇਸ ਮਾਮਲੇ ਸਬੰਧੀ ਜੈਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਿਸੇ 'ਤੇ ਸ਼ੱਕ ਨਹੀਂ ਹੈ। ਇਸ ਤੋਂ ਪਹਿਲਾਂ ਅਵਿਨਾਸ਼ ਚੰਡੀਗੜ੍ਹ ਇੰਡਸਟਰੀਅਲ ਏਰੀਏ 'ਚ ਇਕ ਫੈਕਟਰੀ ਮਾਲਕ ਦੇ ਕੋਲ ਕੰਮ ਕਰਦਾ ਸੀ।
ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ 9 ਜਨਵਰੀ ਨੂੰ ਸੈਕਟਰ-33 ਚੰਡੀਗੜ੍ਹ 'ਚ ਕੋਲਡ ਸਟੋਰ ਮਾਲਕ ਅਜੀਤ ਜੈਨ ਦੇ ਘਰ ਚਾਰ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਦਾਖਲ ਹੋ ਕੇ ਕਰੋੜਾਂ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ, ਜਿਸ ਦਾ ਸ਼ੱਕ ਪੁਲਸ ਨੂੰ ਕਾਰੋਬਾਰੀ ਦੇ ਡਰਾਈਵਰ ਅਵਿਨਾਸ਼ 'ਤੇ ਸੀ।
ਪੁਲਸ ਦਾ ਕੀ ਕਹਿਣਾ
ਇਸ ਮਾਮਲੇ ਸਬੰਧੀ ਸਾਊਥ ਡਵੀਜ਼ਨ ਦੇ ਡੀ. ਐੱਸ. ਪੀ. ਦੀਪਕ ਯਾਦਵ ਦਾ ਕਹਿਣਾ ਹੈ ਕਿ ਮ੍ਰਿਤਕ ਨੂੰ ਕਿਸੇ ਵੀ ਤਰ੍ਹਾਂ ਨਾਲ ਟਾਰਚਰ ਨਹੀਂ ਕੀਤਾ ਗਿਆ ਹੈ। ਵਾਰਦਾਤ ਤੋਂ ਬਾਅਦ ਸ਼ਿਕਾਇਤ ਕਰਤਾ ਅਤੇ ਹੋਰ ਵਰਕਰਾਂ ਨਾਲ ਮ੍ਰਿਤਕ ਨੂੰ ਰੂਟੀਨ 'ਚ 2 ਤੋਂ 3 ਵਾਰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਉਸ ਦੇ ਨਾਲ ਪੁੱਛਗਿੱਛ ਦੌਰਾਨ ਕਿਸੇ ਤਰ੍ਹਾਂ ਦੀ ਜ਼ਿਆਦਤੀ ਨਹੀਂ ਕੀਤੀ ਗਈ।


Related News