ਸਾਲ 2035 ਤੋਂ ਬਾਅਦ ਪੀਣ ਦੇ ਪਾਣੀ ਨੂੰ ਤਰਸਣਗੇ ''ਲੁਧਿਆਣਵੀ''
Friday, Feb 07, 2020 - 12:42 PM (IST)

ਲੁਧਿਆਣਾ : ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ 'ਚ ਨੈਸ਼ਨਲ ਗਰੀਨ ਟ੍ਰਿਬੀਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦਾ ਪਹਿਲੀ ਵਾਰ 'ਇਨਵਾਇਰਮੈਂਟ ਅਵੇਅਰਨੈੱਸ ਪ੍ਰੋਗਰਾਮ' 'ਚ ਪੁੱਜਣ 'ਤੇ ਸੁਆਗਤ ਕੀਤਾ ਜਾਵੇਗਾ ਪਰ ਖਾਸ ਸੁਆਗਤ ਸ਼ਹਿਰ ਦੀਆਂ ਕਰੀਬ 280 ਡਾਇੰਗਾਂ ਦੇ ਕਾਰੋਬਾਰੀ 10.50 ਕਰੋੜ ਲੀਟਰ ਪਾਣੀ ਬੁੱਢੇ ਨਾਲੇ 'ਚ ਰੋੜ੍ਹ ਕੇ ਕਰਨਗੇ। ਦੂਜੇ ਪਾਸੇ ਇਸੇ ਸ਼ਹਿਰ ਦੇ ਲੋਕਾਂ ਨੂੰ 2035 ਤੋਂ ਬਾਅਦ ਪੀਣ ਦੇ ਪਾਣੀ ਲਈ ਤਰਸਣਾ ਪਵੇਗਾ।
ਇਸ ਦਾ ਕਾਰਨ ਹੈ ਕਿ ਸ਼ਹਿਰ 'ਚ ਗਰਾਊਂਡ ਵਾਟਰ ਲੈਵਲ 500 ਫੁੱਟ ਤੋਂ ਹੇਠਾਂ ਜਾ ਚੁੱਕਾ ਹੈ ਅਤੇ ਸੂਬੇ ਦੇ ਕਈ ਇਲਾਕਿਆਂ 'ਚ ਤਾਂ 1200 ਫੁੱਟ ਹੇਠਾਂ ਤੱਕ ਪਾਣੀ ਪਹੁੰਚ ਚੁੱਕਾ ਹੈ। ਸਾਡੀਆਂ ਸਰਕਾਰਾਂ ਪਾਣੀ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੀਆਂ ਹਨ ਪਰ ਜਿਸ ਡਾਇੰਗ ਇੰਡਸਟਰੀ ਤੋਂ ਪਾਣੀ ਨੂੰ ਬਚਾਇਆ ਜਾ ਸਕਦਾ ਹੈ, ਉਸ 'ਤੇ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਦਾ ਕੋਈ ਧਿਆਨ ਹੈ। ਇੰਨਾ ਹੀ ਨਹੀਂ, ਹਾਲ ਹੀ 'ਚ ਐੱਨ. ਜੀ. ਟੀ. ਨੇ ਇਕ ਵੀ ਫੈਸਲੇ 'ਚ ਡਾਇੰਗਾਂ ਨੂੰ ਬੁੱਢੇ ਨਾਲੇ 'ਚ ਪਾਣੀ ਨੂੰ ਧੜੱਲੇ ਨਾਲ ਸੁੱਟਣ ਦੀ ਇਜਾਜ਼ਤ ਦੇ ਦਿੱਤੀ ਹੈ।