ਲਾਲ ਚੰਦਨ ਲੱਕੜ ਮਾਮਲੇ ’ਚ DRI ਏਜੰਸੀ ਨਾਮੀ ਮੁਲਜ਼ਮ ਮਨਦੀਪ ਸਿੰਘ ਦੀ ਭਾਲ ’ਚ ਜੁਟੀ
Tuesday, Mar 08, 2022 - 10:25 PM (IST)
ਲੁਧਿਆਣਾ (ਸੇਠੀ)-ਵਿਵਾਦਿਤ ਚੰਦਨ ਲੱਕੜ ਦੇ ਮਾਮਲੇ ’ਚ ਭਾਰਤ ਦੇ ਬਹੁਤ ਵੱਡੇ ਮਾਫ਼ੀਆ ਗੈਂਗ ਦਾ ਹੱਥ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਿੱਤਾ ਜਾਵੇ ਕਿ ਇਹ ਪੂਰੀ ਖੇਡ ਕਰਨਾਟਕ ਤੋਂ ਸ਼ੁਰੂ ਹੁੰਦੀ ਹੈ, ਜਿੱਥੋਂ ਲਾਲ ਚੰਦਨ ਲੱਕੜ ਨੂੰ ਵੱਖ-ਵੱਖ ਢੰਗਾਂ ਨਾਲ ਸਮੱਗਲਿੰਗ ਕਰ ਕੇ ਭਾਰਤ ਦੇ ਹੋਰਨਾਂ ਸੂਬਿਆਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਹੋਰਨਾਂ ਸੂਬਿਆਂ ਤੋਂ ਇਸ ਨੂੰ ਬਾਹਰ ਐਕਸਪੋਰਟ ਕੀਤਾ ਜਾਂਦਾ ਹੈ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਲ ਹੀ ’ਚ ਸਾਹਮਣੇ ਆਏ ਮੁਦਰਾ ਪੋਰਟ ਕੇਸ ’ਚ ਲੁਧਿਆਣਾ ਦੇ ਮਨਦੀਪ ਸਿੰਘ ਦਾ ਨਾਂ ਸਾਹਮਣੇ ਆਇਆ ਹੈ। ਇਹ ਵੀ ਜਾ ਕਿਹਾ ਜਾ ਰਿਹਾ ਹੈ ਕਿ ਮਨਦੀਪ ਸਿੰਘ ਦੇ ਨਾਂ ’ਤੇ ਗਿਆਸਪੁਰਾ ਲੁਧਿਆਣਾ ਸਥਿਤ ਬ੍ਰਿਲੀਐਂਟ ਇੰਟਰਨੈਸ਼ਨਲ ਇਕ ਫਰਮ ਹੈ। ਇਸ ਦੇ ਨਾਲ ਹੀ ਇਥੇ ਦੱਸਣਾ ਜ਼ਰੂਰੀ ਹੈ ਕਿ ਮਨਦੀਪ ਸਿੰਘ ਇਕ ਜੀ-ਕਾਰਡ ਹੋਲਡਰ ਹੈ, ਜੋ ਦਿੱਲੀ ਸਥਿਤ ਇਕ (ਸੀ. ਐੱਚ. ਏ.) ਕਸਟਮ ਹਾਊਸ ਏਜੰਟ ਦੇ ਲਾਇਸੈਂਸ ’ਤੇ ਚੰਦਨ ਦੀ ਲੱਕੜ ਦੀ ਸਮੱਗਲਿੰਗ ਨੂੰ ਅੰਜਾਮ ਦੇ ਰਿਹਾ ਹੈ।
ਇਹ ਵੀ ਪੜ੍ਹੋ : ਬੰਗਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਪਤੀ-ਪਤਨੀ ਸਮੇਤ 3 ਦੀ ਮੌਤ
ਵਰਣਨਯੋਗ ਹੈ ਕਿ ਫੜੇ ਗਏ ਕੰਟੇਨਰ ’ਚ ਐਕਸਪੋਰਟ ਦੀ ਡੈਕਲੇਰੇਸ਼ਨ ’ਚ ਰਾਈਸ ਦਿਖਾਏ ਗਏ ਹਨ। ਜਾਂਚ ਤੋਂ ਬਾਅਦ ਲੁਧਿਆਣਾ ਕਸਟਮ ਵਿਭਾਗ ਵੱਲੋਂ ਐੱਲ. ਈ. ਓ. (ਲੇਟ ਐਕਸਪੋਰਟ ਆਰਡਰ) ਦਿੱਤਾ ਗਿਆ, ਜਿਸ ਤੋਂ ਬਾਅਦ ਕੰਟੇਨਰ ਮੁਦਰਾ ਪੋਰਟ ਪੁੱਜਾ ਅਤੇ ਸਕੈਨਰ ਦੇ ਹੱਥੇ ਚੜ੍ਹ ਗਿਆ। ਪੋਰਟ ’ਤੇ ਵੱਡੇ-ਵੱਡੇ ਸਕੈਨਰ ਹੋਣ ਕਾਰਨ ਲਾਲ ਚੰਦਨ ਲੱਕੜ ਸਕੈਨਿੰਗ ਦੌਰਾਨ ਫੜੀ ਗਈ, ਜਿਸ ਤੋਂ ਬਾਅਦ ਉਕਤ ਮਾਮਲੇ ਨੂੰ ਬਾਰੀਕੀ ਨਾਲ ਜਾਂਚ ਲਈ ਡੀ. ਆਰ. ਆਈ. ਦਿੱਲੀ ਯੂਨਿਟ ਨੂੰ ਸੌਂਪ ਦਿੱਤਾ ਗਿਆ ਅਤੇ ਵਿਭਾਗ ਮਾਮਲੇ ਦੇ ਛੋਟੇ ਤੋਂ ਛੋਟੇ ਕਲੂਅ ਅਤੇ ਅਪਰਾਧੀਆਂ ਨੂੰ ਲੱਭਣ ’ਚ ਜੁਟ ਗਿਆ ਕਿਉਂਕਿ ਮਾਮਲਾ ਗਰਮਾਉਂਦੇ ਹੀ ਉਕਤ ਠੱਗ ਅੰਡਰਗਰਾਊਂਡ ਹੋ ਗਏ।
ਜ਼ਬਤ ਕੀਤੇ ਗਏ ਕੰਟੇਨਰ ਵੇਅਰਹਾਊਸ ’ਚ ਖੜ੍ਹੇ ਸਨ। ਵੇਅਰਹਾਊਸ ’ਚ ਉਹ ਕੰਟੇਨਰ ਹੁੰਦੇ ਹਨ, ਜਿਨ੍ਹਾਂ ਨੂੰ ਵੇਅਰਹਾਊਸ ਵਿਚ ਉਸ ਸਮੇਂ ਭਰਿਆ ਜਾਦਾ ਹੈ, ਜਦੋਂ ਕਸਟਮ ਅਧਿਕਾਰੀਆਂ ਵੱਲੋਂ ਦਸਤਾਵੇਜ਼ਾਂ ਅਤੇ ਕਾਗਜ਼ਾਂ ਦੀ ਜਾਂਚ ਕਰ ਲਈ ਜਾਂਦੀ ਹੈ ਪਰ ਅਸਲ ਵਿਚ ਇਹ ਕੰਟੇਨਰ ਐਕਸਪੋਰਟ ਦੇ ਕੰਪਲੈਕਸ ਤੋਂ ਭਰ ਕੇ ਆਉਂਦੇ ਹਨ ਅਤੇ ਇਨ੍ਹਾਂ ਕੰਟੇਨਰਾਂ ਦੀ ਜਾਂਚ ਨਾਮਾਤਰ ਹੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਬਾਜ਼ਾਰ ’ਚ ਅਫਵਾਹ ਇਹ ਵੀ ਰਹੀ ਕਿ 7 ਕੰਟੇਨਰ ਫੜੇ ਗਏ ਹਨ, ਜਦਕਿ ਵਿਭਾਗੀ ਸੂਤਰਾਂ ਮੁਤਾਬਕ ਸਿਰਫ 2 ਕੰਟੇਨਰ ਹੀ ਜ਼ਬਤ ਕੀਤੇ ਗਏ ਹਨ, ਜਿਸ ’ਚੋਂ ਇਕ ਨੂੰ ਕਲੀਅਰੈਂਸ ਮਿਲ ਚੁੱਕੀ ਸੀ, ਜੋ ਬਾਦਮੇ ਮੁਦਰਾ ਪੋਰਟ ’ਤੇ ਫੜਿਆ ਗਿਆ ਪਰ ਦੂਜਾ ਅਜੇ ਲੁਧਿਆਣਾ ਪੋਰਟ ’ਤੇ ਹੀ ਖੜ੍ਹਾ ਸੀ, ਜੋ ਡੀ. ਆਰ. ਆਈ. ਵਿਭਾਗ ਵੱਲੋਂ ਲੁਧਿਆਣਾ ਵਿਚ ਜਾਂਚ ਕੀਤਾ ਗਿਆ ਤਾਂ ਡੈਕਲੇਰੇਸ਼ਨ ਮੁਤਾਬਕ ਉਸ ’ਚੋਂ ਸਿਰਫ ਚੌਲ ਬਰਾਮਦ ਹੋਏ ਹਨ।
ਇਕ ਚਾਹ ਵੇਚਣ ਵਾਲੇ ਦਾ ਲੜਕਾ ਕਿਵੇਂ ਡਿਊਟੀ ਚੋਰ/ਜੀ-ਕਾਰਡ ਹੋਲਡਰ ਨਾਲ ਚੰਦਨ ਦੀ ਲੱਕੜ ਮਾਫ਼ੀਆ ਦਾ ਹਿੱਸੇਦਾਰ
ਓ. ਡਬਲਯੂ. ਪੀ. ਐੱਲ. ਪੋਰਟ (ਓਵਰਸੀਜ਼ ਵੇਅਰਹਾਊਸਿੰਗ ਡ੍ਰਾਈ ਪੋਰਟ) ਜਿੱਥੇ ਅੱਜਕਲ ਕੰਮ ਬਹੁਤ ਘੱਟ ਹੁੰਦਾ ਹੈ। ਜਿੱਥੇ ਇਕ ਕੰਟੀਨ ਚਲਾਉਣ ਵਾਲੇ ਦਾ ਲੜਕਾ ਮਨਦੀਪ ਸਿੰਘ ਕਾਫੀ ਲੰਬੇ ਸਮੇਂ ਤੋਂ ਕਸਟਮ ’ਚ ਗਲਤ ਢੰਗ ਨਾਲ ਹੱਥ ਪਸਾਰਨ ਦਾ ਯਤਨ ਕਰ ਰਿਹਾ ਸੀ ਕਿਉਂਕਿ ਉਕਤ ’ਤੇ 2013 ਵਿਚ ਵੀ ਐੱਸ. ਆਈ. ਆਈ. ਬੀ. ਸ਼ਾਖਾ ਕਸਟਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ, ਜਿਸ ’ਚ ਮਨਦੀਪ ਸਿੰਘ ’ਤੇ ਇਲਜ਼ਾਮ ਸੀ ਕਿ ਉਹ ਜਾਅਲਸਾਜ਼ੀ ਕਰ ਕੇ ਸਰਕਾਰ ਦੀ ਕਰੋੜਾਂ ਦੀ ਡਿਊਟੀ ਨੂੰ ਚੂਨਾ ਲਗਾ ਰਿਹਾ ਹੈ।
ਇਸ ਵਿਚ ਉਹ ਕਿਸੇ ਹੋਰ ਕੰਟੇਨਰ ਦੀ ਜਾਂਚ ਕਰਵਾ ਕੇ ਰਿਪੋਰਟ ਕਿਸੇ ਦੂਜੇ ਕੰਟੇਨਰ ਦੀ ਦਿਖਾਈ ਜਾਂਦੀ ਸੀ, ਜਿਸ ਨਾਲ ਉਸ ਸਮੇਂ ਇਹ ਮਾਮਲਾ ਅਤੇ ਮਨਦੀਪ ਸਿੰਘ ਕਾਫੀ ਸੁਰਖੀਆਂ ’ਚ ਆਇਆ, ਜਿਸ ਨੂੰ ਮਸ਼ਹੂਰ ਕੁਬੇਰ ਕਾਸਟਿੰਗ ਕੇਸ ਤੋਂ ਵੀ ਜਾਣਿਆ ਜਾਂਦਾ ਹੈ, ਜਿਸ ਤੋਂ ਕੁਝ ਸਾਲਾਂ ਪਿੱਛੋਂ ਉਕਤ ਨੇ ਜੀ-ਕਾਰਡ ਹੋਲਡਰ ਦੀ ਪ੍ਰੀਖਿਆ ਕਲੀਅਰ ਕਰ ਕੇ ਕਾਰਡ ਹੋਲਡਰ ਬਣ ਬੈਠਾ, ਜੋ ਅੱਜਕਲ ਲਾਲ ਚੰਦਨ ਲੱਕੜ ਗੈਂਗ ਦਾ ਹਿੱਸੇਦਾਰ ਹੈ। ਹਾਲ ਦੀ ਘੜੀ ਮਨਦੀਪ ਸਿੰਘ ਅਤੇ ਦਿੱਲੀ ਸੀ. ਐੱਚ. ਏ. ਫਰਾਰ ਦੱਸਿਆ ਜਾ ਰਿਹਾ ਹੈ। ਡੀ. ਆਰ. ਆਈ. ਮੁਲਜ਼ਮਾਂ ਦੀ ਖੋਜ ’ਚ ਜੁੱਟ ਚੁੱਕਾ ਹੈ।