ਪੀ. ਆਰ. ਟੀ. ਸੀ. ਵੱਲੋਂ ਡਰਾਈਵਰਾਂ ਤੇ ਕੰਡਕਟਰਾਂ ''ਤੇ ਡਰੈੱਸ ਕੋਡ ਲਾਗੂ

Saturday, Mar 24, 2018 - 07:19 AM (IST)

ਪੀ. ਆਰ. ਟੀ. ਸੀ. ਵੱਲੋਂ ਡਰਾਈਵਰਾਂ ਤੇ ਕੰਡਕਟਰਾਂ ''ਤੇ ਡਰੈੱਸ ਕੋਡ ਲਾਗੂ

ਪਟਿਆਲਾ (ਜੋਸਨ)  – ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਨੀਅਰ ਆਈ. ਏ. ਐੈੱਸ. ਮਨਜੀਤ ਸਿੰਘ ਨਾਰੰਗ ਨੇ ਪੀ. ਆਰ. ਟੀ. ਸੀ. ਦੇ ਡਰਾਈਵਰਾਂ, ਕੰਡਕਟਰਾਂ ਅਤੇ ਚੈਕਿੰਗ ਸਟਾਫ਼ ਦੀ ਵੱਖਰੀ ਪਛਾਣ ਬਣਾਉਣ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਹੈ। ਹੁਣ ਪੀ. ਆਰ. ਟੀ. ਸੀ. ਦੇ ਸਮੁੱਚੇ ਡਰਾਈਵਰ, ਕੰਡਕਟਰ ਤੇ ਚੈਕਿੰਗ ਸਟਾਫ਼ ਬਿਨਾਂ ਜੈਕੇਟ ਦੇ ਡਿਊਟੀ ਨਹੀਂ ਕਰ ਸਕਣਗੇ।
ਐੈੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਡਿਊਟੀ ਦੌਰਾਨ ਇਕ ਵੱਖਰੀ ਪਛਾਣ ਬਣਾਉਣ ਲਈ ਇਹ ਡਰੈੱਸ ਜੈਕੇਟ ਕੋਡ ਲਾਗੂ ਕੀਤਾ ਗਿਆ ਹੈ। ਪੀ. ਆਰ. ਟੀ. ਸੀ. ਕੋਲ 1500 ਡਰਾਈਵਰ, 1500 ਕੰਡਕਟਰ ਤੇ 300 ਦੇ ਲਗਭਗ ਚੈਕਿੰਗ ਇੰਸਪੈਕਟਰ ਸਟਾਫ਼ ਹੈ। ਉਨ੍ਹਾਂ ਆਖਿਆ ਕਿ ਹਰ ਵਿਅਕਤੀ ਨੂੰ ਅਤੇ ਲੋਕਾਂ ਨੂੰ ਹੁਣ ਇਸ ਜੈਕੇਟ ਨਾਲ ਡਰਾਈਵਰ, ਕੰਡਕਟਰ ਜਾਂ ਚੈਕਿੰਗ ਇੰਸਪਕੈਟਰ ਦੀ ਅਲੱਗ ਤੌਰ 'ਤੇ ਪਛਾਣ ਹੋਵੇਗੀ। ਉਨ੍ਹਾਂ ਦੱਸਿਆ ਕਿ ਡਰਾਈਵਰਾਂ ਦੀਆਂ ਨੀਲੇ ਰੰਗ ਦੀਆਂ ਜੈਕੇਟਾਂ ਦੇ ਪਿੱਛੇ ਲਿਖਿਆ ਹੋਵੇਗਾ 'ਡਰਾਈਵਰ ਪੀ. ਆਰ. ਟੀ. ਸੀ.' ਜਦ ਕਿ ਅਗਲੇ ਪਾਸੇ ਜੈਕੇਟ ਉੱਤੇ ਡਰਾਈਵਰ ਦੀ ਨੇਮ ਪਲੇਟ ਲੱਗੀ ਹੋਵੇਗੀ। ਦੂਜੇ ਪਾਸੇ ਪੀ. ਆਰ. ਟੀ. ਸੀ. ਦਾ ਲੋਗੋ ਹੋਵੇਗਾ। ਇਸੇ ਤਰ੍ਹਾਂ ਕੰਡਕਟਰਾਂ ਦੀਆਂ ਨੀਲੇ ਰੰਗ ਦੀਆਂ ਜੈਕੇਟਾਂ ਦੇ ਪਿੱਛੇ ਵੀ ਕੰਡਕਟਰ ਪੀ. ਆਰ. ਟੀ. ਸੀ. ਲਿਖਿਆ ਹੋਵੇਗਾ। ਅਗਲੇ ਪਾਸੇ ਕੰਡਕਟਰ ਦੀ ਨੇਮ ਪਲੇਟ ਲੱਗੀ ਹੋਵੇਗੀ ਤੇ ਦੂਜੇ ਪਾਸੇ ਲੋਗੋ ਹੋਵੇਗਾ। ਸ. ਨਾਰੰਗ ਨੇ ਦੱਸਿਆ ਕਿ 300 ਤੋਂ ਵੱਧ ਇੰਸਪੈਕਟਰਾਂ ਤੇ ਹੋਰ ਸੀਨੀਅਰ ਸਟਾਫ਼ ਵੀ ਗ੍ਰੇਅ ਰੰਗ ਦੀ ਜੈਕੇਟ ਪਾਵੇਗਾ।  ਉਨ੍ਹਾਂ ਦੱਸਿਆ ਕਿ ਡਰੈੱਸ ਕੋਡ ਲਾਗੂ ਹੋਣ ਨਾਲ ਜਦੋਂ ਵੀ ਕੋਈ ਇੰਸਪੈਕਟਰ ਬੱਸ ਵਿਚ ਚੈਕਿੰਗ ਕਰਨ ਚੜ੍ਹੇਗਾ ਤਾਂ ਬੈਠੀਆਂ ਸਵਾਰੀਆਂ ਨੂੰ ਬਿਲਕੁੱਲ ਸਪੱਸ਼ਟ ਹੋਵੇਗਾ ਕਿ ਪੀ. ਆਰ. ਟੀ. ਸੀ. ਦਾ ਇੰਸਪੈਕਟਰ ਚੈਕਿੰਗ ਕਰਨ ਲਈ ਬੱਸ ਵਿਚ ਆ ਗਿਆ ਹੈ। ਇਸੇ ਤਰ੍ਹਾਂ ਸਾਡੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਡਰਾਈਵਰਾਂ ਤੇ ਕੰਡਕਟਰਾਂ ਦੀਆਂ ਆ ਜਾਂਦੀਆਂ ਹਨ। ਹੁਣ ਜੇਕਰ ਕਿਸੇ ਸਵਾਰੀ ਨੂੰ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਉਸ ਦੀ ਸਾਡੇ ਕੋਲ ਸ਼ਿਕਾਇਤ ਕਰਨਗੇ ਜਿਸ ਦਾ ਅਸੀਂ ਨਿਪਟਾਰਾ ਕਰਾਂਗੇ। ਉਨ੍ਹਾਂ ਆਖਿਆ ਕਿ ਪੀ. ਆਰ. ਟੀ. ਸੀ. ਦੀ ਵੱਖਰੀ ਪਛਾਣ ਇਸ ਡਰੈੱਸ ਕੋਡ ਦੇ ਲਾਗੂ ਹੋਣ ਨਾਲ ਸ਼ੁਰੂ ਹੋ ਜਾਵੇਗੀ।
ਇਹ ਸਮੁੱਚੀਆਂ ਜੈਕੇਟਾਂ ਪੀ. ਆਰ. ਟੀ. ਸੀ. ਦੇ ਸਾਰੇ 9 ਡਿਪੂਆਂ ਨੂੰ ਪਹੁੰਚਾ ਦਿੱਤੀਆਂ ਗਈਆਂ ਹਨ। ਐੱਮ. ਡੀ. ਨਾਰੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਭਾਗ ਦੇ ਪੈਸੇ ਰੋਕਣ ਦੇ ਬਾਵਜੂਦ ਪੀ. ਆਰ. ਟੀ. ਸੀ. ਨੇ ਆਪਣੇ ਸਮੁੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਰਿਲੀਜ਼ ਕਰ ਦਿੱਤੀਆਂ ਹਨ।


Related News