80 ਹਜ਼ਾਰ ਦੀ ਨਕਦੀ ਖੋਹੇ ਜਾਣ ਦਾ ਡਰਾਮਾ ਕਰਨ ਵਾਲਾ ਕਾਬੂ
Sunday, Sep 17, 2017 - 07:11 AM (IST)

ਤਰਨਤਾਰਨ, (ਰਾਜੂ)- ਸਥਾਨਕ ਪੁਲਸ ਵੱਲੋਂ ਲੁੱਟ ਦੀ ਝੂਠੀ ਵਾਰਦਾਤ ਸਬੰਧੀ ਪੁਲਸ ਨੂੰ ਜਾਣਕਾਰੀ ਦੇਣ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ 12 ਸਤੰਬਰ ਨੂੰ ਗੁਰਸੇਵਕ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਡੱਲ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਦੁੱਧ ਦਾ ਕੰਮ ਕਰਦਾ ਹੈ ਤੇ ਜਦ ਉਹ ਭਾਰਤੀ ਸਟੇਟ ਬੈਂਕ 'ਚੋਂ 80 ਹਜ਼ਾਰ ਰੁਪਏ ਕਢਵਾ ਕੇ ਆਪਣੇ ਮੋਟਰਸਾਈਕਲ 'ਤੇ ਘਰ ਨੂੰ ਜਾ ਰਿਹਾ ਸੀ ਤਾਂ ਪਿੰਡ ਮਾੜੀਮੇਘਾ ਨੇੜੇ 3 ਮੋਟਰਸਾਈਕਲ ਸਵਾਰਾਂ ਨੇ ਉਸ ਕੋਲੋਂ 80 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਇਲ ਖੋਹ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ 'ਤੇ ਜਦ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਗੁਰਸੇਵਕ ਨੇ ਬੈਂਕ 'ਚੋਂ ਕੋਈ ਨਕਦੀ ਕਢਵਾਈ ਹੀ ਨਹੀਂ ਸੀ। ਇਸ ਸਬੰਧੀ ਗੁਰਸੇਵਕ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਕੋਈ ਵਾਰਦਾਤ ਨਹੀਂ ਵਾਪਰੀ ਸੀ। ਉਸ ਨੇ ਖੁਦ ਆਪਣਾ ਫੋਨ ਤੋੜ ਕੇ ਨਹਿਰ 'ਚ ਸੁੱਟ ਦਿੱਤਾ ਸੀ।
ਐੱਸ. ਐੱਸ. ਪੀ ਨੇ ਦੱਸਿਆ ਕਿ ਪੁਲਸ ਵੱਲੋਂ ਗੁਰਸੇਵਕ 'ਤੇ ਪੁਲਸ ਨੂੰ ਝੂਠੀ ਜਾਣਕਾਰੀ ਦੇਣ 'ਤੇ ਧਾਰਾ 379-ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।