ਦਿਮਾਗੀ ਪ੍ਰੇਸ਼ਾਨੀ ਕਾਰਨ ਰਚਿਆ 80 ਹਜ਼ਾਰ ਦੀ ਲੁੱਟ ਦਾ ਡਰਾਮਾ

09/23/2017 6:55:57 AM

ਅੰਮ੍ਰਿਤਸਰ, (ਸੰਜੀਵ)- ਥਾਣਾ ਖਿਲਚੀਆਂ ਦੇ ਪਿੰਡ ਠੱਠਾ ਦਾ ਰਹਿਣ ਵਾਲਾ ਦਲਜੀਤ ਸਿੰਘ ਅੱਜ ਲੁੱਟ ਦੀ ਦੁਹਾਈ ਦਿੰਦਾ ਹੋਇਆ ਪੁਲਸ ਕੋਲ ਪਹੁੰਚਿਆ ਅਤੇ 2 ਬਾਈਕ ਸਵਾਰ ਲੁਟੇਰਿਆਂ ਵੱਲੋਂ ਉਸ ਤੋਂ 80 ਹਜ਼ਾਰ ਰੁਪਏ ਲੁੱਟ ਲਿਜਾਣ ਦਾ ਮਾਮਲਾ ਦਰਜ ਕਰਨ ਨੂੰ ਕਹਿਣ ਲੱਗਾ। ਉਸ ਨੇ ਪੁਲਸ ਨੂੰ ਦੱਸਿਆ ਕਿ ਇਹ ਪੈਸਾ ਉਸ ਨੇ ਕਿਸੇ ਆਪਣੇ ਪਛਾਣ ਵਾਲੇ ਤੋਂ ਉਧਾਰ ਲਿਆ ਸੀ ਅਤੇ ਕਿਸੇ ਨੂੰ ਮੋੜਨਾ ਸੀ। ਮਾਮਲੇ ਨੂੰ ਸੁਣਦੇ ਹੀ ਪੁਲਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਪਰ ਕੁਝ ਹੀ ਸਮੇਂ ਵਿਚ ਪੁਲਸ ਨੂੰ ਪਤਾ ਲੱਗ ਗਿਆ ਕਿ ਦਲਜੀਤ ਸਿੰਘ ਮਨੋਰੋਗੀ ਹੈ, ਜਿਸ ਦੀ ਮਾਨਸਿਕਤਾ ਕਮਜ਼ੋਰ ਹੋਣ ਦੀ ਦਵਾਈ ਵੀ ਚੱਲ ਰਹੀ ਹੈ। ਦਲਜੀਤ ਕੋਲ 80 ਹਜ਼ਾਰ ਰੁਪਏ ਤਾਂ ਸਨ ਪਰ ਉਹ ਪੈਸਾ ਆਪਣੇ ਘਰ ਭੁੱਲ ਗਿਆ ਸੀ ਅਤੇ ਉਸ ਨੂੰ ਇਹ ਡਰ ਸਤਾ ਰਿਹਾ ਸੀ ਕਿ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਕੀ ਦੱਸੇਗਾ, ਜਿਸ ਕਾਰਨ ਉਸ ਨੇ ਪੁਲਸ ਥਾਣੇ ਵਿਚ ਜਾ ਕੇ ਲੁੱਟ ਦਾ ਡਰਾਮਾ ਰਚ ਦਿੱਤਾ।
ਪੁਲਸ ਉਸ ਨੂੰ ਪਰਿਵਾਰ ਦੇ ਸਾਹਮਣੇ ਲੈ ਗਈ, ਜਿਸ ਨੇ ਪਿੰਡ ਵਾਲਿਆਂ ਦੇ ਸਾਹਮਣੇ ਆਪਣੀ ਗਲਤੀ ਕਬੂਲੀ। ਜਦੋਂ ਇਹ ਮਾਮਲਾ ਐੱਸ. ਐੱਸ. ਪੀ. ਪਰਮਪਾਲ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਦਲਜੀਤ ਸਿੰਘ ਦੇ ਰੋਗ ਕਾਰਨ ਉਸ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਅੱਜ ਦੁਪਹਿਰ 3 ਵਜੇ ਦੇ ਕਰੀਬ ਖਿਲਚੀਆਂ ਥਾਣੇ ਵਿਚ ਗਿਆ, ਜਿਥੇ ਉਸ ਨੇ ਪੁਲਸ ਨੂੰ ਕਿਹਾ ਕਿ ਉਹ ਆਪਣੇ ਕਿਸੇ ਪਛਾਣ ਵਾਲੇ ਨੂੰ 80 ਹਜ਼ਾਰ ਰੁਪਏ ਦੇਣ ਲਈ ਜਾ ਰਿਹਾ ਸੀ, ਜਦੋਂ ਕਿ ਰਸਤੇ ਵਿਚ 2 ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਘੇਰਿਆ ਅਤੇ ਉਸ ਦੀ ਰਾਸ਼ੀ ਖੋਹ ਲਈ। ਥਾਣਾ ਮੁਖੀ ਸ਼ਮਿੰਦਰ ਸਿੰਘ ਤੁਰੰਤ ਪੁਲਸ ਬਲ ਨੂੰ ਲੈ ਕੇ ਮੌਕੇ 'ਤੇ ਪਹੁੰਚੇ, ਜਿਥੇ ਨੇੜੇ-ਤੇੜੇ ਦੇ ਦੁਕਾਨਦਾਰਾਂ ਤੋਂ ਜਾਂਚ ਕੀਤੀ ਗਈ ਤਾਂ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ, ਜਿਸ ਉਪਰੰਤ ਪੁਲਸ ਦਲਜੀਤ ਸਿੰਘ ਨੂੰ ਨਾਲ ਲੈ ਕੇ ਉਸ ਦੇ ਘਰ ਪਹੁੰਚੀ, ਜਿਥੋਂ ਪਤਾ ਲੱਗਾ ਕਿ ਉਹ ਡਿਪ੍ਰੈਸ਼ਨ ਦਾ ਮਰੀਜ਼ ਹੈ।
ਦਲਜੀਤ ਸਿੰਘ ਆਪਣੇ 80 ਹਜ਼ਾਰ ਰੁਪਏ ਘਰ ਹੀ ਭੁੱਲ ਗਿਆ ਸੀ, ਜਿਸ ਕਾਰਨ ਉਸ ਨੇ ਲੁੱਟ ਦਾ ਡਰਾਮਾ ਰਚ ਦਿੱਤਾ। ਉਸ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਉਹ ਉਕਤ ਪੈਸੇ ਕਿਤੇ ਗਵਾ ਬੈਠਾ ਹੈ ਅਤੇ ਹੁਣ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਕੀ ਦੱਸੇਗਾ, ਜਿਸ ਉਪਰੰਤ ਉਸ ਨੇ ਆਪਣੀ ਗਲਤੀ ਮੰਨ ਕੇ ਸਭ ਤੋਂ ਮੁਆਫੀ ਮੰਗੀ।


Related News