ਡਰੇਨ ਓਵਰਫਲੋਅ , 200 ਏਕਡ਼ ਝੋਨਾ ਪਾਣੀ ’ਚ ਡੁੱਬਿਆ

Sunday, Jul 01, 2018 - 07:37 AM (IST)

ਡਰੇਨ  ਓਵਰਫਲੋਅ , 200 ਏਕਡ਼ ਝੋਨਾ ਪਾਣੀ ’ਚ ਡੁੱਬਿਆ

ਸਾਦਿਕ (ਪਰਮਜੀਤ)  - ਪਿੰਡ ਦੀਪ ਸਿੰਘ ਵਾਲਾ ਦੇ ਕੋਲ ਦੀ ਲੰਘਦਾ ਸੇਮਨਾਲਾ (ਡਰੇਨ) ਭਾਰੀ ਮੀਂਹ ਪੈਣ ਕਰ ਕੇ ਓਵਰਫਲੋਅ ਦੇ ਹੋ ਗਿਆ, ਜਿਸ ਕਾਰਨ ਸੈਂਕਡ਼ੇ ਏਕਡ਼ ਝੋਨਾ ਪਾਣੀ ’ਚ ਡੁੱਬ ਗਿਆ। ਇਸ ਸਬੰਧੀ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਦੀਪ ਸਿੰਘ ਵਾਲਾ ਵਿਖੇ ਨਿਕਾਸੀ ਡਰੇਨ, ਜਿਸ ਵਿਚ ਬਹੁਤ ਜ਼ਿਆਦਾ ਘਾਹ-ਫੂਸ ਹੋਣ ਕਰ ਕੇ ਪਾਣੀ ਦੀ ਨਿਕਾਸੀ ਠੀਕ ਨਹੀਂ ਹੋ ਰਹੀ ਅਤੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਸੇਮਨਾਲਾ ਓਵਰਫਲੋਅ ਰਿਹਾ ਹੈ, ਦਾ ਦੌਰਾ ਕਰ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ।  ਨੌਜਵਾਨ ਭਾਰਤ ਸਭਾ ਦੇ ਜ਼ਿਲਾ ਪ੍ਰਧਾਨ ਨੌ ਨਿਹਾਲ ਸਿੰਘ ਨੇ ਕਿਹਾ ਕਿ ਮੀਂਹ ਨਾਲ ਖੇਤਾਂ ਵਿਚ ਕਾਫੀ ਪਾਣੀ ਭਰਨ ਕਾਰਨ ਕਰੀਬ 200 ਏਕਡ਼ ਝੋਨਾ ਪਾਣੀ ਵਿਚ ਡੁੱਬ ਗਿਆ, ਜਿਸ ਦਾ ਵੱਡਾ ਕਾਰਨ ਲੰਮੇ ਸਮੇਂ ਤੋਂ ਸੇਮਨਾਲੇ ਦੀ ਸਫਾਈ ਨਾ ਹੋਣ ਕਾਰਨ ਡਰੇਨ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਈ ਅਤੇ ਇਸ ਦਾ ਪਾਣੀ ਓਵਰਫਲੋਅ ਹੋ ਕੇ ਕਿਸਾਨਾਂ ਦੇ ਝੋਨੇ ਦਾ ਨੁਕਸਾਨ ਕਰ ਰਿਹਾ ਹੈ।  ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਹਾਲਤ ਮਹਿੰਗਾਈ ਅਤੇ ਕਰਜ਼ੇ ਨੇ ਮਾਡ਼ੀ ਕਰ ਰੱਖੀ ਹੈ ਅਤੇ ਉਪਰੋਂ ਕੁਦਰਤੀ ਆਫਤਾਂ ਕਾਰਨ ਫਸਲਾਂ ਪਾਣੀ ’ਚ ਡੁੱਬਣ ਕਾਰਨ ਹੋਰ ਵੀ ਆਰਥਕ ਤੌਰ ’ਤੇ ਤੰਗੀ ਆ ਸਕਦੀ ਹੈ, ਜੇਕਰ ਵਿਭਾਗ ਦੇ ਅਧਿਕਾਰੀ ਜਾਂ ਜ਼ਿਲਾ ਪ੍ਰਸ਼ਾਸਨ ਆਪਣੀ ਡਿਊਟੀ ਵਿਚ ਅਣਗਹਿਲੀ ਨਾ ਕਰੇ ਅਤੇ ਸਮੇਂ ਸਿਰ ਸੇਮਨਾਲਿਆਂ ਦੀ ਸਫਾਈ ਹੁੰਦੀ ਰਹੇ ਤਾਂ ਕਿਸਾਨ ਅਜਿਹੀਆਂ ਆਫਤਾਂ ਤੋਂ ਬਚ ਸਕਦਾ ਹੈ।  ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਝੋਨੇ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੇ ਪਹਿਲਾਂ ਵੀ ਬਹੁਤ ਖਰਚ ਕਰ ਕੇ ਝੋਨਾ ਲਾਇਆ ਸੀ, ਜੇਕਰ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਕੀਤਾ ਗਿਆ ਤਾਂ ਸੈਂਕਡ਼ੇ ਏਕਡ਼ ਝੋਨੇ ਦੀ ਫਸਲ ਤਬਾਹ ਹੋ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਸੇਮਨਾਲੇ ਦੀ ਤੁਰੰਤ ਸਫਾਈ ਕਰਵਾਈ ਜਾਵੇ। ਇਸ ਮੌਕੇ ਜ਼ਿਲਾ ਆਗੂ ਨਗਿੰਦਰ ਸਿੰਘ, ਦੁਨੀ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

 


Related News