ਹਲਕਾ ਤਰਨਤਾਰਨ ਤੋਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

Saturday, Jul 18, 2020 - 08:55 PM (IST)

ਤਰਨਤਾਰਨ,(ਰਮਨ): ਜ਼ਿਲੇ 'ਚ ਅੱਜ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ 'ਚ ਹਲਕਾ ਤਰਨਤਾਰਨ ਤੋਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦਾ ਨਾਮ ਵੀ ਸ਼ਾਮਲ ਹੈ ਅਤੇ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜ਼ਿਲੇ ਅੰਦਰ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਸਮੇਤ ਕੁੱਲ 7 ਕੋਰੋਨਾ ਪੀੜਤਾਂ ਦੀ ਪੁਸ਼ਟੀ ਹੋਣ ਨਾਲ ਕਾਫੀ ਸਹਿਮ ਭਰਿਆ ਮਾਹੌਲ ਬਣ ਗਿਆ ਹੈ। ਸਿਹਤ ਵਿਭਾਗ ਵੱਲੋ ਕੋਰੋਨਾ ਪੀੜਤਾਂ ਨੂੰ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦਕਿ ਉਨ੍ਹਾਂ ਦੇ ਬੇਟੇ ਸੰਦੀਪ ਅਗਨੀਹੋਤਰੀ ਦੀ ਰਿਪੋਰਟ ਨੈਗੇਟਿਵ ਆ ਗਈ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਸਥਾਨਕ ਘਰ 'ਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸਿਹਤ ਕੇਂਦਰ ਘਰਿਆਲਾ ਵਿਖੇ ਤਾਇਨਾਤ ਮੈਡੀਕਲ ਅਫਸਰ ਰਾਜਬੀਰ ਸਿੰਘ (30), ਪਿੰਡ ਮੁਗਲ ਚੱਕ ਪੰਨੂਆਂ ਦੀ ਨਿਵਾਸੀ 45 ਸਾਲਾਂ ਔਰਤ, ਫਰੀਦਕੋਟ ਨਿਵਾਸੀ 26 ਸਾਲਾਂ ਨੌਜਵਾਨ, ਤਰਨ ਤਾਰਨ ਦੇ ਮੁੱਹਲਾ ਭਾਗ ਸ਼ਾਹ ਨਿਵਾਸੀ 47 ਸਾਲਾਂ ਵਿਅਕਤੀ, ਪਿੰਡ ਨੌਸ਼ਹਿਰਾ ਪੰਨੂਆਂ ਦੇ 44 ਸਾਲਾਂ ਵਿਅਕਤੀ ਅਤੇ ਨੂਰਦੀ ਰੋਡ ਤਰਨ ਤਾਰਨ ਦੇ 32 ਸਾਲਾਂ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਜ਼ਿਲੇ ਤੋਂ ਭੇਜੇ ਗਏ ਕੁੱਲ 348 ਸੈਂਪਲਾਂ 'ਚੋਂ 7 ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਜ਼ਿਕਰਯੋਗ ਹੈ ਕਿ ਵਿਧਾਇਕ ਧਰਮਬੀਰ ਅਗਨੀਹੋਤਰੀ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ 'ਚ ਕਾਫੀ ਡਰ ਪਾਇਆ ਜਾਣ ਲੱਗ ਪਿਆ ਹੈ, ਜੋ ਆਪਣੀ ਕੋਰੋਨਾ ਸਬੰਧੀ ਜਾਂਚ ਕਰਵਾਉਣ ਲਈ ਸਿਹਤ ਵਿਭਾਗ ਨਾਲ ਸੰਪਕਰ ਕਰਨ ਜਾ ਰਹੇ ਹਨ।

 


Deepak Kumar

Content Editor

Related News