ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਫਰੀਦਕੋਟ ਜੇਲ੍ਹ ਦਾ ਦੌਰਾ, ਕੈਦੀ ਔਰਤਾਂ ਦੇ ਬੱਚਿਆਂ ਲਈ ਕੀਤਾ ਵੱਡਾ ਐਲਾਨ

Saturday, Jan 04, 2025 - 11:39 PM (IST)

ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਫਰੀਦਕੋਟ ਜੇਲ੍ਹ ਦਾ ਦੌਰਾ, ਕੈਦੀ ਔਰਤਾਂ ਦੇ ਬੱਚਿਆਂ ਲਈ ਕੀਤਾ ਵੱਡਾ ਐਲਾਨ

ਜੈਤੋ (ਰਘੂਨੰਦਨ ਪਰਾਸ਼ਰ) : ਪੰਜਾਬ ਸੂਬੇ ਦੀਆਂ ਜੇਲ੍ਹਾਂ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਇਨਰੋਲ ਕਰਕੇ ਉਨ੍ਹਾਂ ਨੂੰ ਪੌਸ਼ਟਿਕ ਆਹਾਰ ਦੇਣ ਅਤੇ ਮੁੱਢਲੀ ਸਿੱਖਿਆ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣਗੇ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਫਰੀਦਕੋਟ ਜੇਲ੍ਹ ਦੇ ਦੌਰੇ ਦੌਰਾਨ ਕੀਤਾ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਾਡਰਨ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਕੈਦੀ ਮਹਿਲਾਵਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਦਾ ਮੁਲਾਂਕਣ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੈਦੀ ਮਹਿਲਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਭਲਾਈ ਲਈ ਵਚਨਬੱਧ ਹੈ। ਇਸ ਭਲਾਈ ਪਹਿਲਕਦਮੀ ਦੇ ਹਿੱਸੇ ਵਜੋਂ, ਜੇਲ੍ਹ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿੱਚ ਦਾਖਲ ਕੀਤਾ ਗਿਆ ਤਾਂ ਕਿ ਉਨ੍ਹਾਂ ਬੱਚਿਆਂ ਨੂੰ ਸਪਲੀਮੈਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਤਹਿਤ ਲਾਭ ਦਿੱਤਾ ਜਾ ਸਕੇ ਅਤੇ ਜ਼ਰੂਰੀ ਸ਼ੁਰੂਆਤੀ ਸਿੱਖਿਆ ਪ੍ਰੋਗਰਾਮਾਂ ਨਾਲ ਜੋੜਿਆ ਜਾ ਸਕੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਕੈਦੀ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ, ਉਨ੍ਹਾਂ ਨੂੰ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰਨ, ਉਨ੍ਹਾਂ ਦੀ ਆਤਮ-ਨਿਰਭਰਤਾ ਨੂੰ ਵਧਾਉਣ ਅਤੇ ਜੇਲ੍ਹ ਤੋਂ ਬਾਹਰ ਦੀ ਜ਼ਿੰਦਗੀ ਲਈ ਉਨ੍ਹਾਂ ਨੂੰ ਤਿਆਰ ਕਰਨ ਲਈ ਜੇਲ੍ਹ ਵਿੱਚ ਇੱਕ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ, ਇਸ ਮੌਕੇ ਜੇਲ੍ਹ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਇਆ, ਜਿੱਥੇ ਔਰਤਾਂ ਨੇ ਆਪਣੀ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਉਤਸ਼ਾਹ ਨਾਲ ਭਾਗ ਲਿਆ। ਡਾ. ਬਲਜੀਤ ਕੌਰ ਨੇ ਜੇਲ੍ਹਾਂ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਆਂਗਣਵਾੜੀ ਕੇਂਦਰ ਇਨ੍ਹਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੌਸ਼ਟਿਕ ਭੋਜਨ ਅਤੇ ਬੁਨਿਆਦੀ ਸਿੱਖਿਆ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

PunjabKesari

ਇਹ ਵੀ ਪੜ੍ਹੋ- ਟਰਾਂਸਪੋਰਟਰਾਂ ਤੋਂ 20-25 ਲੱਖ ਰੁਪਏ ਮਹੀਨਾਵਰ ਰਿਸ਼ਵਤ ਲੈਣ ਦੇ ਦੋਸ਼ 'ਚ ਟਰਾਂਸਪੋਰਟ ਅਧਿਕਾਰੀ ਦਾ ਗੰਨਮੈਨ ਕਾਬੂ

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਜਿੱਥੇ ਸੂਬੇ ਦੀਆਂ ਮਹਿਲਾਵਾਂ ਦੀ ਸਿਹਤ ਜਾਂਚ ਸਬੰਧੀ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਸਬੰਧੀ ਲਗਾਤਾਰ ਕੈਂਪ ਲਗਾ ਕੇ ਉਨ੍ਹਾਂ ਨੂੰ ਜਾਗਰੂਕ ਕਰ ਰਹੀ ਹੈ, ਉੱਥੇ ਹੀ ਇਨ੍ਹਾਂ ਦਾ ਲਾਭ ਹਰ ਮਹਿਲਾ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਜੋ ਸੂਬੇ ਦੀ ਕੋਈ ਵੀ ਮਹਿਲਾ ਇਹਨਾਂ ਦਾ ਲਾਭ ਲੈਣ ਤੋਂ ਵਾਂਝੀ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਿਲ੍ਹਾ ਫਰੀਦਕੋਟ ਵਿੱਚ ਵੀ ਅਜਿਹੇ ਕੈਂਪ ਦਾ ਆਯੋਜਨ ਕਰਕੇ ਮਹਿਲਾਵਾਂ ਨੂੰ ਇਨ੍ਹਾਂ ਸਹੂਲਤਾਂ ਦਾ ਲਾਭ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਜੇਲ੍ਹ ਵਿੱਚ ਕੈਦੀ ਮਹਿਲਾਵਾਂ ਦੀ ਸਿਹਤ ਜਾਂਚ, ਉਨ੍ਹਾਂ ਦੀ ਸਰੀਰਕ ਸਥਿਤੀ, ਉਨ੍ਹਾਂ ਦੇ ਬੱਚਿਆ ਲਈ ਸਹੂਲਤਾਂ ਆਦਿ ਦੇਖਣ ਲਈ ਉਨ੍ਹਾਂ ਵੱਲੋਂ ਇਹ ਦੌਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਲਈ ਜੇਲ੍ਹ ਵਿੱਚ ਕੈਦੀ ਮਹਿਲਾਵਾਂ ਨੂੰ ਵੀ ਨਾਲ ਲੈ ਕੇ ਚੱਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਮਹਿਲਾਵਾਂ ਨੂੰ ਚੰਗੀ ਸਿੱਖਿਆ ਲੈ ਕੇ ਜੇਲ੍ਹ ਤੋਂ ਬਾਹਰ ਆ ਕੇ ਆਪਣੇ ਰੁਜਗਾਰ ਸ਼ੁਰੂ ਕਰਨ ਅਤੇ ਉਨ੍ਹਾਂ ਦੇ ਬੱਚਿਆ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।

ਜੇਲ੍ਹ ਦੇ ਸੁਪਰਡੈਂਟ ਵੱਲੋਂ ਜੇਲ੍ਹ ਵਿਚ ਕੈਦੀ ਮਹਿਲਾਵਾਂ ਲਈ ਕੀਤੇ ਵਧੀਆ ਪ੍ਰਬੰਧਾਂ ਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਜੇਲ੍ਹ ਅੰਦਰ ਵਧੀਆ ਪ੍ਰਬੰਧ ਜਾਰੀ ਰੱਖਣ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ਼ੇਨਾ ਅਗਰਵਾਲ ਅਤੇ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਦੇ ਫ਼ਰਸ਼ ਹੇਠੋਂ ਮਿਲਿਆ ਹੋਸ਼ ਉਡਾਉਣ ਵਾਲਾ ਸਾਮਾਨ ! ਪਹਿਲੀ ਵਾਰ ਹੋਈ ਇੰਨੀ ਵੱਡੀ ਰਿਕਵਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News