ਰਾਸ਼ਟਰੀ ਪੱਧਰ ’ਤੇ PM ਮੋਦੀ ਨੂੰ ਚੁਣੌਤੀ ਦੇਣ ਲਈ ‘ਆਪ’ ਨੂੰ ਅਜੇ ਕਰਨੀ ਪਏਗੀ ਉਡੀਕ: ਡਾ. ਅਸ਼ਵਨੀ ਕੁਮਾਰ

Saturday, Sep 24, 2022 - 10:44 AM (IST)

ਰਾਸ਼ਟਰੀ ਪੱਧਰ ’ਤੇ PM ਮੋਦੀ ਨੂੰ ਚੁਣੌਤੀ ਦੇਣ ਲਈ ‘ਆਪ’ ਨੂੰ ਅਜੇ ਕਰਨੀ ਪਏਗੀ ਉਡੀਕ: ਡਾ. ਅਸ਼ਵਨੀ ਕੁਮਾਰ

ਗੁਰਦਾਸਪੁਰ (ਜੀਤ ਮਠਾਰੂ) - ਸਮੁੱਚੇ ਦੇਸ਼ ਅਤੇ ਪੰਜਾਬ ਅੰਦਰ ਪ੍ਰਮੁੱਖ ਸਿਆਸੀ ਪਾਰਟੀਆਂ ਦਰਮਿਆਨ ਚਲ ਰਹੀ ਕਸ਼ਮਕਸ਼ ਅਤੇ ਫੈਡਰਲ ਢਾਂਚੇ ਨੂੰ ਲੱਗ ਰਹੀ ਢਾਹ ਸਮੇਤ ਅਨੇਕਾਂ ਅਹਿਮ ਮੁੱਦਿਆਂ ’ਤੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਡਾ. ਅਸ਼ਵਨੀ ਕੁਮਾਰ ਨੇ ਜਿਥੇ ਕਾਂਗਰਸ ਦੇ ਭਵਿੱਖ ਨੂੰ ਕੇ ਅਹਿਮ ਟਿਪਣੀਆਂ ਕੀਤੀਆਂ, ਉਥੇ ਹੀ ਉਨ੍ਹਾਂ ਹੋਰ ਸਥਾਪਿਤ ਪ੍ਰਮੁੱਖ ਪਾਰਟੀਆਂ ਦੀ ਕਾਰਜਸ਼ੈਲੀ ਨੂੰ ਲੈ ਕੇ ਵੀ ਕਈ ਸਵਾਲ ਉਠਾਏ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਆਪਣੇ ਸਿਆਸੀ ਭਵਿੱਖ ਬਾਰੇ ਵੀ ਡਾ. ਕੁਮਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਿਰਫ਼ ਕਾਂਗਰਸ ਪਾਰਟੀ ਛੱਡੀ ਹੈ ਨਾ ਕਿ ਸਿਆਸਤ ਤੋਂ ਅਸਤੀਫ਼ਾ ਦਿੱਤਾ ਹੈ। ਇਸ ਸੰਦਰਭ ਵਿਚ ਡਾ. ਕੁਮਾਰ ਨਾਲ ਕੀਤੇ ਗਏ ਸਵਾਲ-ਜੁਆਬ ਇੱਥੇ ਪੇਸ਼ ਹਨ।

ਪੜ੍ਹੋ ਇਹ ਵੀ ਖ਼ਬਰ : SGPC ਪ੍ਰਧਾਨ ਧਾਮੀ ਦਾ ਵੱਡਾ ਬਿਆਨ, ਕਿਹਾ- SC ਦਾ ਫ਼ੈਸਲਾ ਸਿੱਖ ਕੌਮ 'ਤੇ ਬਲੂ ਸਟਾਰ ਤੋਂ ਵੀ ਵੱਡਾ ਹਮਲਾ

ਸਵਾਲ : ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਹੁਣ ਪੰਜਾਬ ਤੇ ਦੇਸ਼ ਦੀ ਮੌਜੂਦਾ ਸਿਆਸੀ ਸਥਿਤੀ ਨੂੰ ਕਿਸ ਤਰਾਂ ਦੇਖਦੇ ਹੋ?
ਜਵਾਬ- ਪੰਜਾਬ ਅਤੇ ਦੇਸ਼ ਦੀ ਸਿਆਸਤ ਬੇਮਿਸਾਲ ਹਾਲਾਤ ਵਿਚੋਂ ਗੁਜ਼ਰ ਰਹੀ ਹੈ। ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਵੱਡੇ ਪੈਮਾਨੇ ’ਤੇ ਖੇਤਰੀ ਅਤੇ ਨਵੀਆਂ ਰਾਸ਼ਟਰੀ ਪਾਰਟੀਆਂ ਦਾ ਵਿਸਥਾਰ ਹੋਇਆ ਹੈ। ਜਿੱਥੇ ਲੋਕਾਂ ਲਈ ਚੋਣ ਫ਼ੈਸਲਾ ਕਰਨਾ ਮੁਸ਼ਕਿਲ ਹੋ ਰਿਹਾ ਹੈ, ਉਥੇ ਸਿਆਸੀ ਪਾਰਟੀਆਂ ਲਈ ਚੁਣੌਤੀਆਂ ਵੱਧ ਰਹੀਆਂ ਹਨ। ਖੇਤਰੀ ਤੇ ਰਾਸ਼ਟਰੀ ਪਹਿਲਕਦਮੀਆਂ ਦਾ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਦੇਸ਼ ਦੀ ਸੰਘੀ ਪ੍ਰਣਾਲੀ ਉਪਰ ਦਬਾਅ ਹੈ। ਇਨ੍ਹਾਂ ਹਾਲਾਤ ਵਿੱਚ ਰਾਸ਼ਟਰ ਨੂੰ ਦੂਰਅੰਦੇਸ਼ੀ ਅਤੇ ਉਦਾਰਵਾਦੀ ਨੀਤੀਆਂ ਨੂੰ ਸਮਰਪਿਤ ਪਾਰਟੀ ਦੀ ਲੋੜ ਹੈ। ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਦੇਸ਼ ਦੀ ਪ੍ਰਮੁੱਖ ਪਾਰਟੀ ਬਣ ਕੇ ਉਭਰੀ ਹੈ। ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਵਰਗਾਂ ਦੇ ਲੋਕਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਜੋੜੇ। ਇਸ ਲਈ ਉਦਾਰਵਾਦੀ ਸੋਚ ਨੂੰ ਮਜ਼ਬੂਤ ਕਰਨ ਲਈ ਵੱਡੀ ਲੋੜ ਹੈ। ਕਾਂਗਰਸ ਦਾ ਕਮਜ਼ੋਰ ਹੋਣਾ ਵਿਰੋਧੀ ਧਿਰ ਦਾ ਕਮਜ਼ੋਰ ਹੋਣਾ ਹੈ, ਜੋ ਦੇਸ਼ ਦੇ ਲੋਕਤੰਤਰ ਲਈ ਚੰਗਾ ਸੰਦੇਸ਼ ਨਹੀਂ ਹੈ।

ਸਵਾਲ-ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਆਉਣ ਵਾਲੇ ਸਮੇਂ ਵਿਚ ਕਾਂਗਰਸ ਦਾ ਭਵਿੱਖ ਕਿਹੋ ਜਿਹਾ ਹੋਵੇਗਾ?
ਜਵਾਬ- ਮੇਰੀ ਜਾਣਕਾਰੀ ਮੁਤਾਬਕ ਅਸ਼ੋਕ ਗਹਿਲੋਤ ਦਾ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਜਾਣਾ ਯਕੀਨੀ ਹੈ। ਹੋ ਸਕਦੈ ਕਿ ਅਸ਼ੋਕ ਗਹਿਲੋਤ ਦੀ ਅਗਵਾਈ ਵਿੱਚ ਪਾਰਟੀ ਦੇ ਕੰਮ ਕਰਨ ਦੇ ਤੌਰ-ਤਰੀਕੇ ਬਦਲ ਜਾਣ। ਕਾਂਗਰਸ ਦੀ ਸਭ ਤੋਂ ਵੱਡੀ ਚੁਣੌਤੀ ਕਾਂਗਰਸੀਆਂ ਨੂੰ ਇਕੱਠੇ ਰੱਖਣ ਦੀ ਹੈ। ਇਕ ਨਵੀਂ ਲੀਡਰਸ਼ਿਪ ਜਿਸ ਦੀ ਦੇਸ਼ ਅਤੇ ਸੂਬਿਆਂ ਵਿਚ ਸਵੀਕਾਰਤਾ ਹੋਵੇ, ਨੂੰ ਉਭਾਰਨ ਦੀ ਲੋੜ ਹੈ ਪਰ ਇਹ ਹੋ ਸਕੇਗਾ ਜਾਂ ਨਹੀਂ, ਇਹ ਵਕਤ ਹੀ ਦੱਸੇਗਾ।

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ : ISI ਨਾਲ ਸਬੰਧਿਤ 3 ਅੱਤਵਾਦੀ ਹਥਿਆਰਾਂ ਸਣੇ ਗ੍ਰਿਫ਼ਤਾਰ

ਸਵਾਲ-ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਅਤੇ ‘ਆਪ’ ਦੇ ਭਵਿੱਖ ਨੂੰ ਕਿਸ ਤਰਾਂ ਦੇਖਦੇ ਹੋ?
ਜਵਾਬ- ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਿਲ ਕਰ ਕੇ ਇਹ ਸਿੱਧ ਕੀਤਾ ਹੈ ਕਿ ਕਿਸੇ ਕੋਲ ਰਾਜ ਕਰਨ ਦਾ ਕੋਈ ਜੱਦੀ ਅਧਿਕਾਰ ਨਹੀਂ ਹੈ। ਪੰਜਾਬ ਦੇ ਲੋਕ ਕੁਝ ਸਮੇਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੰਮ ਕਰਨ ਦੀ ਮੋਹਲਤ ਦੇਣਗੇ। ਜੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਸੁਸ਼ਾਸਨ ਦੇ ਸਕੀ ਤਾਂ ਇਸ ਪਾਰਟੀ ਦਾ ਵਿਸਥਾਰ ਹੋ ਸਕਦਾ ਹੈ ਪਰ ਰਾਸ਼ਟਰ ਪੱਧਰ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦੇਣ ਲਈ ਆਮ ਆਦਮੀ ਪਾਰਟੀ ਨੂੰ ਅਜੇ ਉਡੀਕ ਕਰਨੀ ਪਵੇਗੀ। 2024 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਵਿਰੋਧੀ ਧਿਰ ਦੀ ਏਕਤਾ ਦੀ ਪ੍ਰਕਿਰਿਆ ਸਫਲ ਹੁੰਦੀ ਜਾ ਨਹੀਂ, ਇਹ ਵੀ ਵਕਤ ਦੇ ਨਾਲ ਹੀ ਸਪੱਸ਼ਟ ਹੋਵੇਗਾ ਪਰ ਇਕ ਗੱਲ ਸਾਫ਼ ਹੈ ਕਿ ਭਾਰਤ ਵਰਗਾ ਵੱਡਾ ਦੇਸ਼ ਰਚਨਾਤਮਕ ਰਾਜਨੀਤੀ ਰਾਹੀਂ ਹੀ ਚਲਾਇਆ ਜਾ ਸਕਦਾ ਹੈ। ਲੋਕਤੰਤਰ ਦਾ ਆਧਾਰ ਉਦਾਰਵਾਦੀ, ਸਹਿਣਸ਼ੀਲ ਅਤੇ ਰਚਨਾਤਮਕ ਰਾਜਨੀਤੀ ਹੈ। ਸਾਰੀਆਂ ਰਾਜਸੀ ਪਾਰਟੀਆਂ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਵਿਅਕਤੀ ਦੂਸ਼ਣਬਾਜੀ ਨੂੰ ਛੱਡ ਕੇ ਰਚਨਾਤਮਕ ਸੋਚ ਅਤੇ ਰਾਸ਼ਟਰੀਅਤਾ ਦੀ ਭਾਵਨਾ ਨੂੰ ਅਗੇ ਵਧਾਉਣ ਦਾ ਕੰਮ ਕਰਨ। ਜਿਸ ਤਰਾਂ ਦੀ ਰਾਜਨੀਤਿਕ ਸ਼ੈਲੀ ਦੀ ਵਰਤੋਂ ਅੱਜ ਕੱਲ ਵੱਡੇ ਪੱਧਰ ’ਤੇ ਹੋਣ ਲੱਗ ਪਈ ਹੈ, ਉਹ ਲੋਕਤੰਤਰ ਨੂੰ ਦੂਸ਼ਿਤ ਕਰ ਰਹੀ ਹੈ। ਦੇਸ਼ ਅਤੇ ਸੂਬਿਆਂ ਦੀ ਅਗਵਾਈ ਕਰਨ ਵਾਲੇ ਨੇਤਾਵਾਂ ਨਾਲੋਂ ਲੋਕਾਂ ਦਾ ਮੋਹ ਭੰਗ ਨਾ ਹੋਵੇ, ਲਈ ਜ਼ਰੂਰੀ ਹੈ ਕਿ ਲੋਕਤੰਤਰ ਦੀ ਮਰਿਆਦਾ ਦੀ ਖੁੱਲੇ ਦਿਲ ਨਾਲ ਪਾਲਣਾ ਕੀਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ : ਨਰਾਤਿਆਂ ’ਚ ਵਰਤ ਰੱਖਣ ਵਾਲੇ ਯਾਤਰੀ ਬੇਝਿਜਕ ਕਰਨ ਸਫ਼ਰ, ਭਾਰਤੀ ਰੇਲਵੇ ਦੇਵੇਗਾ ਖ਼ਾਸ ਸਹੂਲਤ

ਸਵਾਲ-2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਤੁਹਾਡੇ ਅਨੁਸਾਰ ਅਗਲੀ ਸਰਕਾਰ ਦਾ ਰੂਪ ਕਿਹੋ ਜਿਹਾ ਹੋਵੇਗਾ?
ਜਵਾਬ- ਪੰਜਾਬ ਦੀ ਸਿਆਸੀ ਸਥਿਤੀ ਹਰ ਪਾਰਟੀ ਲਈ ਵੱਡੀ ਚੁਣੌਤੀ ਹੈ। ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਜਿਸ ਦਾ ਕਮਜ਼ੋਰ ਹੋਣਾ ਅਤੇ ਕਾਂਗਰਸ ਦੀਆਂ ਅੰਦਰੂਨੀ ਚੁਣੌਤੀਆਂ ਇਹ ਸੰਕੇਤ ਦੇ ਰਹੀਆਂ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਹੋਵੇਗਾ। ਜੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਮੁੜ ਗਠਜੋੜ ਹੋਇਆ ਤਾਂ ਕਾਂਗਰਸ ਨੂੰ ਮਿਲਾ ਕੇ ਤਿਕੋਣੀ ਲੜਾਈ ਬਣ ਸਕਦੀ ਹੈ ਪਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਲੱਗਦਾ ਹੈ ਕਿ 2024 ਵਿਚ ਭਾਜਪਾ ਦੀ ਚੜ੍ਹਤ ਰਹੇਗੀ।

ਸਵਾਲ-ਤੁਸੀਂ ਕਾਂਗਰਸ ਛੱਡ ਚੁੱਕੇ ਹੋ। ਸਿਆਸੀ ਭਵਿੱਖ ਲਈ ਤੁਹਾਡੀ ਕੀ ਯੋਜਨਾ ਹੈ?
ਜੁਆਬ- ਮੈਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਜ਼ਰੂਰ ਦਿੱਤਾ ਹੈ ਪਰ ਜਨਤਕ ਜੀਵਨ ਤੋਂ ਰਿਟਾਇਰ ਨਹੀਂ ਹੋਇਆ ਹਾਂ। ਤੇਜ਼ੀ ਨਾਲ ਬਦਲ ਰਹੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਮੈਂ ਅਗਲਾ ਫ਼ੈਸਲਾ ਆਉਣ ਵਾਲੇ ਕੁਝ ਸਮੇਂ ਵਿਚ ਸਾਥੀਆਂ ਨਾਲ ਸਲਾਹ ਕਰ ਕੇ ਲਵਾਂਗਾ। ਭਵਿੱਖ ਵਿਚ ਮੇਰੀ ਸਿਆਸਤ ਦਾ ਮੁੱਖ ਮਕਸਦ ਜੁਰਮ ਤੇ ਬੇਇਨਸਾਫੀ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਹੋਵੇਗਾ। ਖ਼ਾਸ ਤੌਰ ’ਤੇ ਪ੍ਰਸ਼ਾਸ਼ਨਿਕ ਤੇ ਸਿਆਸੀ ਅੱਤਿਆਚਾਰ, ਜਿਸ ਰਾਹੀਂ ਵੱਖ-ਵੱਖ ਥਾਵਾਂ ’ਤੇ ਮੂਲ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ, ਦੇ ਖ਼ਿਲਾਫ਼ ਮੈਂ ਸੰਘਰਸ਼ ਜਾਰੀ ਰੱਖਾਂਗਾ। ਮੈਂ ਜੇ ਕਿਸੇ ਸਿਆਸੀ ਪਾਰਟੀ ਨਾਲ ਜੁੜਨ ਦਾ ਫ਼ੈਸਲਾ ਕੀਤਾ ਤਾਂ ਉਸ ਪਾਰਟੀ ਨੂੰ ਸਹਿਯੋਗ ਦਿਆਂਗਾ ਜੋ ਦੇਸ਼ ਦੀ ਏਕਤਾ, ਅਖੰਡਤਾ, ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੀਆਂ ਉਦਾਰਵਾਦੀ ਪ੍ਰੰਪਰਾਵਾਂ ਨੂੰ ਮਜ਼ਬੂਤ ਕਰ ਸਕੇ। ਮੇਰਾ ਇਹ ਮੰਨਣਾ ਹੈ ਕਿ ਕੋਈ ਵੀ ਪਾਰਟੀ ਅਛੂਤ ਨਹੀਂ ਹੈ। ਕੋਈ ਵੀ ਪਾਰਟੀ ਦੁੱਧ ਧੋਤੀ ਵੀ ਨਹੀਂ ਹੈ। ਇਸ ਲਈ ਮੈਂ ਸੋਚ ਸਮਝ ਕੇ ਉਹ ਫ਼ੈਸਲਾ ਕਰਾਂਗਾ ਜੋ ਦੇਸ਼ ਹਿੱਤ ਵਿਚ ਹੋਵੇ।

ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ: 55 ਸਾਲਾ ਵਿਅਕਤੀ ਦਾ ਕਹੀ ਮਾਰ ਕੀਤਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼

ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News