ਡਾ. ਹਿਤੇਂਦਰ ਸੂਰੀ CM ਮਾਨ ਵੱਲੋਂ ''ਪੰਜਾਬ ਸਰਕਾਰ ਪ੍ਰਮਾਣ ਪੱਤਰ''  ਨਾਲ ਸਨਮਾਨਿਤ

Friday, Aug 15, 2025 - 02:56 PM (IST)

ਡਾ. ਹਿਤੇਂਦਰ ਸੂਰੀ CM ਮਾਨ ਵੱਲੋਂ ''ਪੰਜਾਬ ਸਰਕਾਰ ਪ੍ਰਮਾਣ ਪੱਤਰ''  ਨਾਲ ਸਨਮਾਨਿਤ

ਫਤਹਿਗੜ੍ਹ ਸਾਹਿਬ : ਡਾ. ਹਿਤੇਂਦਰ ਸੂਰੀ ਮੈਨੇਜਿੰਗ ਡਾਇਰੈਕਟਰ, ਰਾਣਾ ਹਸਪਤਾਲ, ਸਰਹਿੰਦ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ-2025 ਨਾਲ ਆਜ਼ਾਦੀ ਦਿਵਸ ਮੌਕੇ 'ਤੇ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਰਾਜ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਇਹ ਪੁਰਸਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਪੰਜਾਬ ਦੇ ਪੁਲਸ ਮਹਾਨਿਰਦੇਸ਼ਕ (ਡੀ.ਜੀ.ਪੀ.) ਗੌਰਵ ਯਾਦਵ ਦੀ ਹਾਜ਼ਰੀ ਵਿਚ, ਡਾ. ਸੂਰੀ ਦੇ ਸਿਹਤ ਸੇਵਾਵਾਂ ਅਤੇ ਸਮਾਜਿਕ ਸੇਵਾ ਵਿਚ ਵਿਸ਼ੇਸ਼ ਯੋਗਦਾਨ ਖਾਸਕਰ ਪਿਛੜੇ ਵਰਗਾਂ ਦੀ ਭਲਾਈ ਲਈ, ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਦਾਨ ਕੀਤਾ ਗਿਆ। ਡਾ. ਸੂਰੀ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪਣੀ ਨਿਸ਼ਕਾਮ ਸੇਵਾ ਨਾਲ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਦਲ ਰਹੇ ਹਨ। 2011 ਤੋਂ ਉਹ ਮੁਫ਼ਤ ਕੈਂਪਾਂ ਦਾ ਆਯੋਜਨ ਕਰ ਰਹੇ ਹਨ, ਹੁਣ ਤੱਕ 2,700 ਮੁਫ਼ਤ ਸਰਜਰੀਆਂ ਅਤੇ 135 ਰੈਕਟਲ ਕੈਂਸਰ ਜਾਗਰੂਕਤਾ ਕੈਂਪ ਕਰਵਾ ਚੁੱਕੇ ਹਨ।

ਡਾ. ਸੂਰੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹੁਣ ਤੱਕ 55 ਪ੍ਰਤਿਸ਼ਠਿਤ ਪੁਰਸਕਾਰ ਮਿਲ ਚੁੱਕੇ ਹਨ, ਜਿਨ੍ਹਾਂ ਵਿਚ ਧਨਵੰਤਰੀ ਪੁਰਸਕਾਰ (2018) ਵੀ ਸ਼ਾਮਲ ਹੈ ਜੋ ਆਯੁਰਵੇਦ ਖੇਤਰ ਦਾ ਸਭ ਤੋਂ ਵੱਡਾ ਸਨਮਾਨ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਮ 23 ਰਿਕਾਰਡ ਵੀ ਦਰਜ ਹਨ। 8 ਅੰਤਰਰਾਸ਼ਟਰੀ ਅਤੇ 15 ਰਾਸ਼ਟਰੀ, ਜੋ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ, ਲਿਮਕਾ ਬੁੱਕ ਆਫ਼ ਰਿਕਾਰਡ ਅਤੇ ਵਰਲਡ ਬੁੱਕ ਆਫ਼ ਰਿਕਾਰਡ ਵਿਚ ਦਰਜ ਹਨ। ਡਾ. ਸੂਰੀ ਨੂੰ ਜ਼ਿਲ੍ਹਾ ਪੁਰਸਕਾਰ ਵੀ ਚਾਰ ਵਾਰ (2016, 2021,2024 ਅਤੇ 2025) ਆਜ਼ਾਦੀ ਦਿਵਸ ਮੌਕੇ ਮਿਲ ਚੁੱਕੇ ਹਨ। ਉਨ੍ਹਾਂ ਦੇ ਮੈਡੀਕਲ ਇਤਿਹਾਸ ਦੇ 117 ਸੈਂਟੀਮੀਟਰ ਲੰਬੇ ਫਿਸਟੂਲਾ ਦਾ ਆਯੁਰਵੇਦਿਕ ਖ਼ਸ਼ਰ ਸੂਤਰਾ ਤਕਨੀਕ ਨਾਲ ਇਲਾਜ, ਦੋ ਤਬੀਬੀ ਕਿਤਾਬਾਂ ਦੇ ਲੇਖਕ ਹੋਣਾ ਅਤੇ 11 ਅੰਤਰਰਾਸ਼ਟਰੀ ਰਿਸਰਚ ਪੇਪਰ ਪ੍ਰਕਾਸ਼ਿਤ ਕਰਨਾ ਉਨ੍ਹਾਂ ਦੀਆਂ ਮਹੱਤਵਪੂਰਨ ਉਪਲੱਬਧੀਆਂ ਹਨ।

ਖਾਸ ਤੌਰ 'ਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ "ਯੁੱਧ ਨਸ਼ਿਆਂ ਵਿਰੁੱਧ" ਅਭਿਆਨ ਹੇਠ ਆਯੋਜਿਤ "ਰਨ ਫ਼ਾਰ ਲਾਈਫ – ਐਂਟੀ ਡਰੱਗ ਮੈਰਾਥਨ" ਨੇ ਰਾਸ਼ਟਰੀ ਰਿਕਾਰਡ ਬਣਾਇਆ ਅਤੇ ਨਸ਼ਾ ਮੁਕਤੀ ਦਾ ਸੰਦੇਸ਼ ਦਿੱਤਾ। ਇਸੇ ਦਿਨ ਡਾ. ਸੂਰੀ ਨੂੰ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਵੱਲੋਂ “ਪ੍ਰਮਾਣ ਪੱਤਰ” ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸੂਰੀ ਨੇ ਇਹ ਸੂਬਾ ਪੁਰਸਕਾਰ “ਪੰਜਾਬ ਦੇ ਲੋਕਾਂ” ਨੂੰ ਸਮਰਪਿਤ ਕੀਤਾ ਅਤੇ ਆਪਣੇ ਸਫ਼ਰ ਵਿਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਣ ਮਨੁੱਖਤਾ ਦੀ ਸੇਵਾ ਹੋਰ ਵਧੇਰੇ ਜਜ਼ਬੇ ਨਾਲ ਕਰਨ ਲਈ ਪ੍ਰੇਰਨਾ ਹੈ। ਇਹ ਸਨਮਾਨ ਡਾ. ਸੂਰੀ ਦੇ ਸ਼ਾਨਦਾਰ ਸਫ਼ਰ ਵਿਚ ਇਕ ਹੋਰ ਸੁਨਹਿਰਾ ਅਧਿਆਇ ਜੋੜਦਾ ਹੈ ਅਤੇ ਉਨ੍ਹਾਂ ਨੂੰ ਪੰਜਾਬ ਦੇ ਸਭ ਤੋਂ ਸਮਰਪਿਤ ਸਿਹਤ ਸੇਵਾਦਾਰਾਂ ਅਤੇ ਸਮਾਜਿਕ ਸੁਧਾਰਕਾਂ ਵਿਚ ਸਥਾਪਿਤ ਕਰਦਾ ਹੈ।


author

Gurminder Singh

Content Editor

Related News