PAU ਦੇ ਸਾਬਕਾ ਮੁਖੀ ਬਾਗਬਾਨੀ ਵਿਭਾਗ ਡਾ. ਜੀ. ਐਸ. ਨਿੱਝਰ ਨਹੀਂ ਰਹੇ
Friday, Feb 15, 2019 - 05:37 PM (IST)
ਲੁਧਿਆਣਾ- ਪੰਜਾਬ ਦੇ ਸਾਬਕਾ ਨਿਰਦੇਸ਼ਕ ਬਾਗਬਾਨੀ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ. ਏ. ਯੂ) ਦੇ ਬਾਗਬਾਨੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ ਡਾ. ਗੁਰਦੇਵਸਿੰਘ ਨਿੱਝਰ ਬੀਤੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਪੀ. ਏ. ਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਉਹਨਾਂ ਦੀ ਖੋਜ ਅਤੇ ਅਧਿਆਪਨ ਦੇ ਖੇਤਰ 'ਚ ਦੇਣ ਨੂੰ ਯਾਦ ਕਰਦਿਆਂ ਉਹਨਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਤਰਾਂ 'ਚ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਡਾ. ਨਿੱਝਰ ਦੇ ਕਈ ਵਿਦਿਆਰਥੀ ਸਿਖਰਲੇ ਅਹੁਦਿਆਂ ਤੱਕ ਪਹੁੰਚੇ ਅਤੇ ਉਹਨਾਂ 'ਚੋਂ ਕੁਝ ਤਾਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਹਨ।
ਵਿਸ਼ੇਸ਼ ਯੋਗਦਾਨ-
ਡਾ. ਗੁਰਦੇਵ ਸਿੰਘ ਨਿੱਝਰ ਦਾ ਖੇਤਰੀ ਫਲ ਖੋਜ ਕੇਂਦਰ ਦੀ ਸਥਾਪਨਾ, ਉਸਦੀ ਮਜ਼ਬੂਤੀ ਅਤੇ ਕਈ ਬਾਗਬਾਨੀ ਫ਼ਸਲਾਂ ਦੀ ਖੋਜ ਸੰਬੰਧੀ ਸੁਪਨਾ ਸੀ। ਇੱਕ ਵਿਗਿਆਨੀ ਦੇ ਤੌਰ ਤੇ ਉਹਨਾਂ ਨੇ ਫ਼ਲਾਂ ਦੀ ਪੌਸ਼ਟਿਕਤਾ ਅਤੇ ਸਿੰਚਾਈ ਪ੍ਰਬੰਧ ਬਾਰੇ ਬਹੁਤ ਅਹਿਮ ਕਾਰਜ ਕੀਤਾ। ਵਿਸ਼ੇਸ਼ ਤੌਰ ਤੇ ਆੜੂ ਦੇ ਵਿਕਾਸ ਸੰਬੰਧੀ ਕਈ ਕਿਸਮਾਂ ਜਿਵੇਂ ਸ਼ਾਨੇ ਪੰਜਾਬ, ਸਨਰੈਡ ਦੀ ਖੇਤੀ ਪੰਜਾਬ ਅਤੇ ਉਤਰ ਭਾਰਤ ਦੇ ਗਰਮ ਇਲਾਕਿਆਂ 'ਚ ਕਰਾਉਣ ਸੰਬੰਧੀ ਉਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਨਿਰਦੇਸ਼ਕ ਬਾਗਬਾਨੀ ਪੰਜਾਬ ਰਹਿੰਦਿਆਂ ਉਹਨਾਂ ਨੇ ਪਸਾਰ ਸੰਬੰਧੀ ਵਿਸ਼ੇਸ਼ ਰੁਚੀ ਦਿਖਾਈ। ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਰਾਜ ਬਾਗਬਾਨੀ ਸੁਸਾਇਟੀ ਦੇ ਉਹ ਮੋਢੀ ਪ੍ਰਧਾਨ ਸਨ। ਬਾਗਬਾਨੀ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਡਾ. ਨਿੱਝਰ ਦੀ ਮੌਤ ਬਾਰੇ ਸ਼ੋਕ ਪ੍ਰਗਟ ਕਰਦਿਆਂ ਉਹਨਾਂ ਦੀ ਖੋਜ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਯਾਦ ਕੀਤਾ।
ਜਨਮ ਅਤੇ ਬਚਪਨ-
ਡਾ. ਨਿੱਝਰ 15 ਦਸੰਬਰ 1928 ਨੂੰ ਪਾਕਿਸਤਾਨ ਦੇ ਮਿੰਟਗੁਮਰੀ 'ਚ ਜਨਮੇ ਅਤੇ ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਤੋਂ 1959 ਵਿੱਚ ਪੀ. ਐਚ. ਡੀ ਹਾਸਲ ਕੀਤੀ। ਰਾਜ ਖੇਤੀਬਾੜੀ ਵਿਭਾਗ 'ਚ ਉਹ 1951-55 ਤੱਕ ਖੇਤੀ ਇੰਸਪੈਕਟਰ ਅਤੇ ਆਈ. ਏ. ਆਰ. ਆਈ. ਨਵੀਂ ਦਿੱਲੀ 'ਚ 1960-61 ਤੱਕ ਸੀਨੀਅਰ ਖੋਜ ਸਹਿਯੋਗੀ ਰਹੇ।1963 'ਚ ਡਾ. ਨਿੱਝਰ ਸਹਿਯੋਗੀ ਪ੍ਰੋਫੈਸਰ ਵਜੋਂ ਪੀ. ਏ. ਯੂ ਦਾ ਹਿੱਸਾ ਬਣੇ ਅਤੇ 1974 'ਚ ਬਾਗਬਾਨੀ ਵਿਭਾਗ ਦੇ ਮੁਖੀ ਬਣੇ। 1982-86 ਤੱਕ ਉਹਨਾਂ ਨੇ ਨਿਰਦੇਸ਼ਕ ਬਾਗਬਾਨੀ ਪੰਜਾਬ ਦਾ ਕਾਰਜਭਾਰ ਸੰਭਾਲਿਆ।
ਸ਼ੋਕ ਸਭਾ-
ਪੀ. ਏ. ਯੂ ਦੇ ਅਧਿਕਾਰੀਆਂ ਅਤੇ ਅਧਿਆਪਨੀ/ਗੈਰ ਅਧਿਆਪਨੀ ਅਮਲੇ ਨੇ ਉਹਨਾਂ ਦੀ ਮੌਤ ਤੇ ਆਪਣੇ ਸ਼ੋਕ ਦੇ ਭਾਵਾਂ ਦਾ ਪ੍ਰਗਟਾਵਾ ਕੀਤਾ । ਪੀ. ਏ. ਯੂ ਵਿਖੇ ਇਸ ਬਾਰੇ ਇੱਕ ਸ਼ੋਕ ਸਭਾ ਹੋਈ, ਜਿਸ 'ਚ ਪੀ. ਏ. ਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਡੀਨ ਕਾਲਜ ਆਫ਼ ਐਗਰੀਕਲਚਰ ਡਾ. ਐਸ. ਐਸ. ਕੁੱਕਲ, ਐਡੀਸ਼ਨਲ ਡਾਇਰੈਕਟਰ ਖੋਜ, ਐਡੀਸ਼ਨਲ ਡਾਇਰੈਕਟਰ ਪਸਾਰ ਸਿੱਖਿਆ, ਵਿਭਾਗਾਂ ਦੇ ਮੁਖੀ ਅਤੇ ਹੋਰ ਫੈਕਲਟੀ ਮੈਂਬਰ ਸ਼ਾਮਿਲ ਹੋਏ। ਖੇਤੀ ਕਾਲਜ ਦੇ ਡੀਨ ਡਾ. ਐਸ. ਐਸ. ਕੁੱਕਲ ਨੇ ਸ਼ੋਕ ਮਤਾ ਪੜਿਆ ਅਤੇ ਮਗਰੋਂ ਸ਼ੋਕ ਵਜੋਂ ਪੀ. ਏ. ਯੂ. 'ਚ ਛੁੱਟੀ ਰਹੀ ।